ਅਪਰਾਧਸਿਆਸਤਖਬਰਾਂ

ਸਿੱਖ ਵਿਦਿਆਰਥੀ ਦਾ ਕੜਾ ਲੁਹਾਉਣ ‘ਤੇ ਵਿਵਾਦ

ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਜਾਂਚ ਲਈ ਟੀਮ ਭੇਜੀ: ਧਾਮੀ
ਬਠਿੰਡਾ-ਇੱਥੋਂ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨਿਕ ਕਾਲਜ ਵਿੱਚ ਜੇਈ ਮੇਨ ਸੈਸ਼ਨ ਦੂਜਾ ਦੀ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੇ ਕਾਲਜ ਪ੍ਰਬੰਧਕਾਂ ਵੱਲੋਂ ਕੜੇ ਲੁਹਾਉਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਅਬੋਹਰ ਤੋਂ ਆਏ ਇਕ ਵਿਦਿਆਰਥੀ ਸ਼ਗਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਕਾਲਜ ਦੇ ਪ੍ਰਿੰਸੀਪਲ ਨੇ ਉਸ ਨੂੰ ਗੇਟ ’ਤੇ ਰੋਕ ਕੇ ਕੜਾ ਲਾਹੁਣ ਲਈ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਬਾਂਹ ਵਿੱਚੋਂ ਕੜਾ ਨਹੀਂ ਉਤਾਰੇਗਾ ਤਾਂ ਉਸ ਨੂੰ ਪੇਪਰ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ ਜਿਸ ਕਾਰਨ ਉਸ ਨੂੰ ਵਿਰੋਧ ਕਰਨਾ ਪਿਆ।ਵਿਦਿਆਰਥੀ ਦਾ ਕੜਾ ਉਤਾਰਨ ਬਾਰੇ ਪਤਾ ਚੱਲਦਿਆਂ ਹੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਕਾਲਜ ਪ੍ਰਬੰਧਕਾਂ ਦਾ ਸਖ਼ਤ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਸਿੱਖ ਵਿਦਿਆਰਥੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਧਰ, ਕਾਲਜ ਪ੍ਰਿੰਸੀਪਲ ਸੰਦੀਪ ਸਿੰਘ ਨੇ ਘਟਨਾ ਸਬੰਧੀ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਵਿਦਿਆਰਥੀ ਤੇ ਸਿੱਖ ਜਥੇਬੰਦੀਆਂ ਤੋਂ ਮੁਆਫ਼ੀ ਮੰਗਦੇ ਹਨ।  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਠਿੰਡਾ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨਿਕ ਕਾਲਜ ’ਚ ਪ੍ਰਸ਼ਾਸਨ ਵੱਲੋਂ ਜੇ.ਈ. ਮੇਨ ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਮਜਬੂਰ ਕਰਨ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਆਪਣੇ ਪੱਧਰ ’ਤੇ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਟੀਮ ਭੇਜੀ ਗਈ ਹੈ।  ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੜਾ ਉਤਾਰਨ ਲਈ ਸਿੱਖ ਵਿਦਿਆਰਥੀ ਨੂੰ ਮਜਬੂਰ ਕਰਨ ਦੀ ਵਾਪਰੀ ਘਟਨਾ ਬਾਰੇ ਖਦਸ਼ਾ ਪ੍ਰਗਟਾਇਆ ਕਿ ਇਸ ਪਿਛੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦੀ ਸਾਜ਼ਿਸ਼ ਲੱਗਦੀ ਹੈ।

Comment here