ਅਪਰਾਧਸਿਆਸਤਖਬਰਾਂਦੁਨੀਆ

ਸਿੱਖ ਵਪਾਰੀਆਂ ਦੇ ਕਤਲ ਵਿਰੁੱਧ ਨਨਕਾਣਾ ਸਾਹਿਬ ਤੇ ਪੇਸ਼ਾਵਰ ਚ ਪ੍ਰਦਰਸ਼ਨ

ਇਸਲਾਮਾਬਾਦ— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਸ਼ਹਿਰ ਤੋਂ ਲਗਭਗ 17 ਕਿਲੋਮੀਟਰ ਦੂਰ ਸਰਬੰਦ ਇਲਾਕੇ ਦੇ ਬਟਾਲ ਬਾਜ਼ਾਰ ‘ਚ ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਦੋ ਸਿੱਖ ਕਾਰੋਬਾਰੀਆਂ ਨੂੰ ਗੋਲੀ ਮਾਰਨ ਦੇ ਵਿਰੋਧ ‘ਚ ਸਿੱਖ ਭਾਈਚਾਰੇ ਦੇ ਲੋਕ ਸੜਕਾਂ ‘ਤੇ ਉਤਰ ਆਏ। ਮ੍ਰਿਤਕ ਕਾਰੋਬਾਰੀਆਂ ਦੀ ਪਛਾਣ ਗੁਰਮੁਖ ਸਿੰਘ (38) ਅਤੇ ਅਵਤਾਰ ਸਿੰਘ (42) ਵਜੋਂ ਹੋਈ ਹੈ। ਰੋਸ ਪ੍ਰਦਰਸ਼ਨ ਦੌਰਾਨ ਸਿੱਖ ਭਾਈਚਾਰੇ ਨੇ ਕਿਹਾ ਕਿ ਤਾਜ਼ਾ ਘਟਨਾ ਨੇ ਪਾਕਿਸਤਾਨੀ ਸਿੱਖਾਂ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੈਰ-ਮੁਸਲਮਾਨਾਂ ਖਾਸ ਕਰਕੇ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਲਈ ਠੋਸ ਕਦਮ ਚੁੱਕੇ। ਇਸਲਾਮਿਕ ਸਟੇਟ ਦੀ ਅਫਗਾਨ ਸ਼ਾਖਾ, ਇਸਲਾਮਿਕ ਸਟੇਟ ਆਫ ਇਰਾਕ ਐਂਡ ਦਿ ਲੇਵੈਂਟ (ISIL) ਨੇ ਇਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸਮੂਹ ਨੂੰ ਇਸਲਾਮਿਕ ਸਟੇਟ ਆਫ ਖੋਰਾਸਾਨ ਪ੍ਰਾਂਤ (ISKP) ਵਜੋਂ ਵੀ ਜਾਣਿਆ ਜਾਂਦਾ ਹੈ। ਆਈਐਸਕੇਪੀ ਨੇ ਦਾਅਵਾ ਕੀਤਾ ਹੈ ਕਿ ਉਸਦੇ ਬੰਦੂਕਧਾਰੀਆਂ ਨੇ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸੇ ਸੰਗਠਨ ਨੇ ਪੇਸ਼ਾਵਰ ਦੇ ਚਾਰਸਦਾ ਰੋਡ ‘ਤੇ ਸਥਿਤ ਖਾਲਸਾ ਯੂਨਾਨੀ ਡਿਸਪੈਂਸਰੀ ‘ਚ ਹਕੀਮ ਸਤਨਾਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਵਿੱਚ ਸਿੱਖ ਆਗੂ ਚਰਨਜੀਤ ਸਿੰਘ, ਸੂਚਨਾ ਚੈਨਲ ਦੇ ਐਂਕਰ ਰਵਿੰਦਰ ਸਿੰਘ ਅਤੇ ਡਾ: ਸੂਰਨ ਸਿੰਘ ਸਮੇਤ ਕਈ ਸਿੱਖਾਂ ਦੇ ਕਤਲ ਅਤੇ ਲੁੱਟ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਥਾਣਾ ਸਦਰ ਦੇ ਐੱਸ. ਪੀ. ਅਕੀਕ ਹੁਸੈਨ ਨੇ ਦੱਸਿਆ ਕਿ ਅੱਤਵਾਦ ਵਿਰੋਧੀ ਵਿਭਾਗ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅੱਤਵਾਦੀ ਹਮਲਾ ਸੀ ਜਿਸ ਵਿੱਚ ਇੱਕ ਸਿੱਖ ਦੁਕਾਨਦਾਰ ਨੂੰ ਤਿੰਨ ਵਾਰ ਅਤੇ ਦੂਜੇ ਨੂੰ ਦੋ ਵਾਰ ਗੋਲੀ ਮਾਰੀ ਗਈ ਸੀ। ਪੁਲੀਸ ਅਧਿਕਾਰੀ ਅਨੁਸਾਰ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

Comment here