ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਸਿੱਖ ਭਾਈਚਾਰਾ ਦੋਸਤ ਤੇ ਵਿਰੋਧੀਆਂ ਚ ਫਰਕ ਸਮਝੇ

ਮਾਹ ਦਿਵਸ ਮੂਰਤਿ ਭਲੇ ਦੇ ਹੁਕਮ ਨਾਲ ਦਿਨ ਵਾਰ ਮਨਾਉਣ ਨਾਲੋਂ ਗੁਰੂ ਦੇ ਮਾਰਗ ’ਤੇ ਚੱਲ ਕੇ ਅਕਾਲ ਪੁਰਖ ਦੀ ਉਸਤਤੀ ਕਰਨੀ ਤੇ ਉਸ ਅੱਗੇ ਹੀ ਅਰਦਾਸ ਕਰਨ ਦਾ ਸਹੀ ਮਾਰਗ ਗੁਰੂ ਨਾਨਕ ਦੇਵ ਦੇ ਸਿੱਖਾਂ ਲਈ ਅੰਕਿਤ ਹੈ! ਸ਼ਾਇਦ ਇਸੇ ਕਾਰਨ ਹੀ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ 1569 ਜਾਂ 1669 ਵਿਚ ਸ੍ਰੀ ਗੁਰੂ ਨਾਨਕ ਦੇਵ ਦੇ 100 ਜਾਂ 200 ਸਾਲਾ ਪ੍ਰਕਾਸ਼ ਦਿਹਾੜੇ ਮਨਾਉਣ ਦਾ ਇਤਿਹਾਸ, ਮਰਿਆਦਾ ਤੇ ਸਿੱਖ ਫ਼ਲਸਫਾ ਖ਼ਾਮੋਸ਼ ਹੈ। ਪੰਜਾਹ ਸਾਲਾ ਖ਼ਾਲਸਾ ਰਾਜ ਦਾ ਇਤਿਹਾਸ ਵੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਿਸੇ ਸਿੱਖ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਉਣ ਦੀ ਗਵਾਹੀ ਨਹੀਂ ਭਰਦਾ!

ਲੰਬਾ ਸਮਾਂ ਸਿੱਖ ਕੌਮ ਨੂੰ ਸੰਘਰਸ਼ ’ਚੋਂ ਲੰਘਣਾ ਪਿਆ ਜਿਸ ਕਰਕੇ ਸ਼ਤਾਬਦੀਆਂ ਮਨਾਉਣ ਲਈ ਇਹ ਢੁੱਕਵਾਂ ਸਮਾਂ ਨਹੀਂ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤਾਂ ਸਿੱਖ ਕੌਮ ਦਾ ‘ਸੁਨਹਿਰਾ ਕਾਲ’ ਮੰਨਿਆ ਜਾਂਦਾ ਹੈ ਜਦੋਂ ਅਜਿਹੇ ਸਮਾਗਮ ਸੰਭਵ ਸਨ। ਅੰਗਰੇਜ਼ ਰਾਜ ਸਮੇਂ ਸ਼ਾਇਦ ਇਹ ਪਿਰਤ ਸ਼ੁਰੂ ਹੋਈ ਜਿਸ ਬਾਰੇ ਫ਼ੌਜੀ ਵਰਦੀ ਵਿਚ ਗੋਰੇ ਫ਼ੌਜੀ ਤੇ ਪੁਲਿਸ ਅਫ਼ਸਰ ਸ੍ਰੀ ਦਰਬਾਰ ਸਾਹਿਬ ਅੰਦਰ ਘੁੰਮਦਿਆਂ ਦੀ ਵੀਡੀਓ ਵੀ ਵੇਖੀ ਜਾਂਦੀ ਹੈ। ਦੀਵਾਲੀ ਤੇ ਵਿਸਾਖੀ ਦੇ ਮੌਕੇ ਪੰਥਕ ਆਗੂਆਂ ਵੱਲੋਂ 18ਵੀਂ ਸਦੀ ਤੋਂ ਹੀ ਕੌਮੀ ਸਮੱਸਿਆਵਾਂ ਦੇ ਨਿਵਾਰਨ ਲਈ ਸਿਰ ਜੋੜ ਕੇ ਬੈਠਣ ਤੇ ਦੇਸ਼-ਕੌਮ ਦੀ ਅਗਵਾਈ ਕਰਨ ਵਾਲੇ ਸੁਨਹਿਰੀ ਫ਼ੈਸਲਿਆਂ ਨਾਲ ਇਤਿਹਾਸ ਭਰਿਆ ਪਿਆ ਹੈ। ਮਿਸਲਾਂ ਦੇ ਆਪਸੀ ਟਕਰਾਅ ਦੇ ਬਾਵਜੂਦ ਕੌਮੀ ਮਸਲਿਆਂ ਬਾਰੇ ਏਕੇ, ਸ੍ਰੀ ਦਰਬਾਰ ਸਾਹਿਬ ਅੰਦਰ ਤੇ ਪੰਥਕ ਸਰਬੱਤ ਖ਼ਾਲਸਾ ਇਕ-ਦੂਜੇ ਦੇ ਸਤਿਕਾਰ ਕਰਨ ਦੀਆਂ ਬਹੁਤ ਸਾਰੀਆਂ ਪਵਿੱਤਰ ਮਿਸਾਲਾਂ ਹਨ ਜਿਸ ਨਾਲ ਭੌਤਿਕ ਲਾਲਚ ਤੋਂ ਉੱਤੇ ਉੱਠ ਕੇ ਕੌਮੀ ਆਗੂ ਨਿਮਾਣੇ ਸਿੱਖ ਵਜੋਂ ਇਕ-ਦੂਜੇ ਦਾ ਮਾਣ-ਸਤਿਕਾਰ ਕਰਦੇ ਸਨ।

ਕਿਸੇ ਇਕ ਦੀ ਗ਼ਲਤੀ ਜੇਕਰ ਨਾ ਸੁਧਾਰੀ ਜਾਵੇ ਤਾਂ ਸਾਰੀ ਕੌਮ ਦੀ ਦਿਸ਼ਾ ਬਦਲ ਦਿੰਦੀ ਹੈ। ਪੰਥ ਦੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਰਾਇ ਮੰਗਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਲਾਹ ਦਿੱਤੀ ਸੀ ਕਿ ਗੁਰੂ ਸਾਹਿਬਾਨ ਦੇ ਚਿੱਤਰ ਕਿਉਂਕਿ ਕਲਪਿਤ ਹਨ, ਇਸ ਲਈ ਇਨ੍ਹਾਂ ਨੂੰ ਮਾਨਤਾ ਨਾ ਦਿੱਤੀ ਜਾਵੇ ਕਿਉਂਕਿ ਸਿੱਖ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦਾ ਹਰ ਸ਼ਬਦ ਹੈ, ਇਸ ਦਾ ਹੀ ਪ੍ਰਚਾਰ ਹੋਣਾ ਚਾਹੀਦਾ ਹੈ। ਚਿੱਤਰ ਨਾਲ ਜੁੜ ਕੇ ਸਿੱਖ ਮੂਰਤੀ ਪੂਜਾ ਵੱਲ ਵਧੇਗਾ ਅਤੇ ਗਿਆਨ ਗੁਰੂ, ਬਾਣੀ ਦੇ ਨਾਲੋਂ ਟੁੱਟ ਜਾਵੇਗਾ। ਇਹ ਮਨੋਕਲਪਿਤ ਚਿੱਤਰ ਅੱਜ ਧਰਮ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਤੇ ਸਿੱਖ ਗੁਰਧਾਮਾਂ ਦੇ ਪ੍ਰਬੰਧਕ ਵੀ ਵਰਤ ਰਹੇ ਹਨ। ਸੰਨ1969 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਜਨਮ ਸ਼ਤਾਬਦੀ ਪਹਿਲੀ ਵਾਰੀ ਬੜੀ ਧੂਮਧਾਮ ਨਾਲ ਮਨਾਈ ਗਈ ਸੀ। ਸਾਰੀਆਂ ਰਾਜਨੀਤਕ ਪਾਰਟੀਆਂ ਤੇ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਤੇ ਹੋਰ ਆਗੂਆਂ ਨਾਲ ਸਾਂਝੀ ਕੀਤੀ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵੀ ਇਸੇ ਸਮਾਗਮ ਦੀ ਪ੍ਰਾਪਤੀ ਹੈ। ਫਿਰ ਤਾਂ ਸ਼ਤਾਬਦੀਆਂ ਤੇ ਧਾਰਮਿਕ ਪ੍ਰੋਗਰਾਮ ਕਰਨ ਦੀ ਹੋੜ ਹੀ ਲੱਗ ਗਈ। ਗਿਆਨੀ ਜ਼ੈਲ ਸਿੰਘ ਤਤਕਾਲੀ ਮੁੱਖ ਮੰਤਰੀ ਪੰਜਾਬ ਨੇ 10 ਅਪ੍ਰੈਲ 1973 ਵਿਚ ਗੁਰੂ ਗੋਬਿੰਦ ਸਿੰਘ ਮਾਰਗ ਸ੍ਰੀ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤਕ ਦਾ ਉਦਘਾਟਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ 91 ਗੁਰਦੁਆਰਾ ਸਾਹਿਬਾਨ ਨੂੰ ਜੋੜਿਆ ਗਿਆ। ਅਲੌਕਿਕ ਕੀਰਤਨ ਦਰਬਾਰ ਆਯੋਜਿਤ ਕੀਤੇ ਗਏ ਅਤੇ ਥਾਂ-ਥਾਂ ਨਗਰ ਕੀਰਤਨ ਸਜਾਏ ਗਏ। ਹਰ ਨਾਨਕ ਨਾਮਲੇਵਾ ਨੇ ਸਿਆਸੀ ਸਮੀਕਰਨਾਂ ਤੋਂ ਉੱਪਰ ਉੱਠ ਕੇ ਇਨ੍ਹਾਂ ਵਿਚ ਸ਼ਿਰਕਤ ਕੀਤੀ। ਅਕਾਲੀ ਆਗੂ ਵੀ ਨਾਲ ਲੱਗ ਪ੍ਰਸ਼ਾਦ ਵੰਡਦੇ ਰਹੇ ਪਰ ਅੱਜ ਤਕ ਵੀ ਇਸ ਰੂਟ ’ਤੇ ਬੱਸ ਨਹੀਂ ਚੱਲੀ। ਤਿੰਨ ਸੌ ਸਾਲਾ ਖ਼ਾਲਸਾ ਸਾਜਨਾ ਦਿਵਸ 1999 ਵਿਚ ਮਨਾਇਆ ਗਿਆ ਸੀ। ਕੇਂਦਰ ਸਰਕਾਰ ਨੇ ਖ਼ੂਬ ਪੈਸਾ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਸੰਪੂਰਨਤਾ ਦਿਵਸ , ਸ੍ਰੀ ਗੁਰੂ ਅਰਜਨ ਦੇਵ ਜੀ ਦਾ 400 ਸਾਲਾ ਸ਼ਹੀਦੀ ਦਿਵਸ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 300 ਸਾਲਾ ਖ਼ਾਲਸਾ ਰਾਜ ਸਥਾਪਨਾ ਦਿਵਸ ਆਦਿ-ਆਦਿ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550ਵੀਂ ਅਰਧ ਸ਼ਤਾਬਦੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਅਰਧ ਸ਼ਤਾਬਦੀਆਂ ਵੀ ਮਨਾਈਆਂ ਗਈਆਂ।

21 ਅਪ੍ਰੈਲ 2022 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 400 ਸਾਲਾ ਜਨਮ ਸ਼ਤਾਬਦੀ ਦਿੱਲੀ ਦੇ ਲਾਲ ਕਿਲੇ੍ਹ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2019 ਵਿਚ ਸਿੱਖ ਕੌਮ ਦੇ ਮਸੀਹਾ ਵਜੋਂ ਕੌਮੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਸੀ, ਵੱਲੋਂ ਪੂਰੀ ਸ਼ਾਨੋ-ਸ਼ੌਕਤ ਤੇ ਗੁਰ ਮਰਿਆਦਾ ਅਨੁਸਾਰ ਮਨਾਈ ਗਈ। ਦੇਸ਼ ਦੇ ਸਾਰੇ ਸਕੂਲਾਂ ਵਿਚ 18 ਲੱਖ ਬੱਚਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ’ਤੇ ਲੇਖ ਲਿਖੇ। ਮੁੰਬਈ ਰਾਜ ਭਵਨ ਸਮੇਤ ਬਹੁਤ ਸਾਰੇ ਸੂਬਿਆਂ ਦੇ ਗਵਰਨਰ ਤੇ ਮੁੱਖ ਮੰਤਰੀ ਸਾਹਿਬਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਜਨਮ ਸ਼ਤਾਬਦੀ, ਪਾਠ, ਕੀਰਤਨ ਤੇ ਗਿਆਨ ਚਰਚਾ ਕਰ ਕੇ ਮਨਾਈ, 400 ਰੁਪਏ ਦਾ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਹੋਈ ਅਤੇ 70 ਪ੍ਰਮੁੱਖ ਸਿੱਖ ਧਾਰਮਿਕ, ਰਾਜਨੀਤਕ, ਲੇਖਕ ਤੇ ਸਮਾਜਿਕ ਸ਼ਖ਼ਸੀਅਤਾਂ ’ਤੇ ਆਧਾਰਤ ਇਕ ਕਮੇਟੀ ਵੀ ਬਣਾਈ ਗਈ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ’ਚੋਂ ਬਹੁਤ ਸਾਰਿਆਂ ਨੇ ਕੋਈ ਯੋਗਦਾਨ ਨਹੀਂ ਪਾਇਆ ਬਲਕਿ ਸਮਾਗਮਾਂ ਵਿਚ ਸ਼ਾਮਲ ਹੀ ਨਹੀਂ ਹੋਏ। ਪੰਜਾਬ ਸਰਕਾਰ ਨੇ ਪਿਛਲੇ ਸਾਲ ਗੁਰਪੁਰਬ ਸਮਾਗਮ ਮਨਾਉਣ ਲਈ 937 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਨਾ ਕੋਈ ਸਮਾਗਮ ਹੀ ਕੀਤਾ ਤੇ 1 ਮਈ ਇਸ ਸਮਾਗਮ ਲਈ ਅੰਤਿਮ ਮਿਤੀ ਰੱਖੀ ਸੀ। ਲੱਗਦਾ ਨਹੀਂ ਇਨਕਲਾਬ ਜਿੰਦਾਬਾਦ ਵਾਲਿਆਂ ਦੇ ਦਿਲ ਵਿਚ ਤਿਲਕ-ਜੰਞੂ ਦੇ ਰਾਖੇ ਗੁਰੂ ਲਈ ਪਿਆਰ ਹੈ ਤੇ ਨਾ ਗੁਰੂ ਜੀ ਦੇ ਫ਼ਲਸਫੇ ’ਤੇ ਵਿਸ਼ਵਾਸ ਹੋ ਸਕਦਾ ਹੈ? 1000 ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਪਹਿਲੀ ਵਾਰ ਦੇਸ਼ ਦੇ ਕੌਮੀ ਆਗੂਆਂ ਨੂੰ ਨਹੀਂ ਬੁਲਾਇਆ ਤੇ ਆਪ ਵੀ ਧਾਰਮਿਕ ਆਗੂ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੱਲੀ ਦੇ ਲਾਲ ਕਿਲ੍ਹੇ ਦੇ ਸਮਾਗਮਾਂ ਵਿਚ ਸ਼ਾਮਲ ਨਹੀਂ ਹੋਏ। ਬਹੁਤੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਮਹਿਲ ਜਨਮ ਅਸਥਾਨ ਤੇ ਮੰਜੀ ਸਾਹਿਬ ਦੇ ਸਮਾਗਮਾਂ ਤੋਂ ਵੀ ਗ਼ੈਰ ਹਾਜ਼ਰ ਰਹੇ। ਦੂਜੀਆਂ ਰਾਜਨੀਤਕ ਪਾਰਟੀਆਂ ਤੇ ਸਰਕਾਰੇ ਦਰਬਾਰੇ ਤੇ ਹੋਰ ਪਾਰਟੀਆਂ ਵਿਚ ਬੈਠੇ ਗੁਰੂ ਕੇ ਸਿੱਖਾਂ ਨੂੰ ਤਾਂ ਕੀ ਬਲਾਉਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਨਾਨਕ ਦੀ ਉਪਮਾ ਤਿਲਕ-ਜੰਞੂ ਦਾ ਰਾਖਾ ਪ੍ਰਭਿ ਅੰਕਿਤ ਕਰ ਕੇ ਕੀਤੀ ਹੈ। ਤਿਲਕ-ਜੰਞੂ ਧਾਰਨ ਕਰਨ ਵਾਲੇ ਹਿੰਦੂ ਸਮਾਜ ਦੇ ਲੋਕ ਤਾਂ ਅੱਜ ਵੀ ਗੁਰੂ ਜੀ ਦੀ ਉਪਮਾ ਕਰਦੇ ਹਨ ਪਰ ਆਪਣੇ-ਆਪ ਨੂੰ ਗੁਰੂ ਕੇ ਸਿੱਖ ਅਖਵਾਉਣ ਵਾਲੇ ਗੁਰੂ ਤੋਂ ਹੀ ਪਿੱਛੇ ਹੱਟਦੇ ਨਜ਼ਰ ਆਏ। ਸਭ ਤੋਂ ਵੱਡਾ ਸਮਾਗਮ ਤਾਂ ਹਰਿਆਣਾ ਸਰਕਾਰ ਨੇ ਪਾਨੀਪਤ ਵਿਚ ਕੀਤਾ ਜਿੱਥੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ। ਯਮੁਨਾਨਗਰ ਦੇ ਮੈਡੀਕਲ ਕਾਲਜ ਦਾ ਨਾਂ ਗੁਰੂ ਜੀ ਦੇ ਨਾਂ ’ਤੇ ਰੱਖਣ ਦਾ ਫ਼ੈਸਲਾ ਕੀਤਾ, ਪਾਨੀਪਤ ਦੇ ਪਾਰਕ ਤੇ ਸੜਕਾਂ ਦੇ ਨਾਂ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਰੱਖੇ ਗਏ। ਹਰ ਸਮਾਗਮ ਸਮੇਂ ਗੁਰੂ ਫ਼ਲਸਫੇ ਤੇ ਇਤਿਹਾਸ ’ਤੇ ਆਧਾਰਤ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਸ ਤਰ੍ਹਾਂ ਭਾਰਤ ਸਰਕਾਰ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਗੁਰੂ ਜੀ ਦੇ ਜਨਮ ਸ਼ਤਾਬਦੀ ਸਮਾਗਮ ਮਨਾ ਚੁੱਕੀਆਂ ਹਨ ਜਾਂ ਅਜੇ ਵੀ ਯਤਨਸ਼ੀਲ ਹਨ ਪਰ ਪੰਜਾਬ ਵਿਚ ਅਜਿਹਾ ਉਪਰਾਲਾ ਰਾਜ ਪੱਧਰ ’ਤੇ ਕੇਵਲ ਇਕ ਸਿਆਸੀ ਪਾਰਟੀ ਤੋਂ ਇਲਾਵਾ ਕਿਸੇ ਸਿਆਸੀ ਪਾਰਟੀ ਤੇ ਸਮਾਜਿਕ ਸੰਸਥਾ ਵੱਲੋਂ ਨਜ਼ਰ ਨਹੀਂ ਆਇਆ। ਗੁਰੂ ਸਾਹਿਬਾਨ ਦਾ ਫ਼ਲਸਫਾ ਤੇ ਇਤਿਹਾਸ, ਵਿਸ਼ਵ ਸ਼ਾਂਤੀ, ਧਾਰਮਿਕ ਸਹਿਣਸ਼ੀਲਤਾ ਤੇ ਦੂਜੇ ਧਰਮਾਂ ਤੇ ਧਰਮ ਚਿੰਨ੍ਹਾਂ ਦੇ ਸਤਿਕਾਰ ਦਾ ਚਾਨਣ-ਮੁਨਾਰਾ ਹਨ ਜਿਸ ਦਾ ਪ੍ਰਚਾਰ-ਪ੍ਰਸਾਰ ਵਿਸ਼ਵ ਪੱਧਰ ’ਤੇ ਹੋਣਾ ਚਾਹੀਦਾ ਹੈ ਜਿਸ ਲਈ ਉਪਰਾਲਾ ਕਰਨਾ ਬਣਦਾ ਹੈ। ਵਿਸ਼ਵ ਭਰ ਵਿਚ ਵਸਦੇ ਸਿੱਖ ਕਈ ਸਮੱਸਿਆਵਾਂ ਨਾਲ ਦੋ-ਚਾਰ ਹਨ ਤੇ ਉਨ੍ਹਾਂ ਲਈ ਜ਼ਿੰਮੇਵਾਰ ਰਾਜਨੀਤਕ ਧਿਰਾਂ ਤੇ ਆਗੂਆਂ ਦੇ ਹੱਥਾਂ ਵਿਚ ਅੱਜ ਵੀ ਖੇਡ ਰਹੇ ਹਨ। ਦੋਸਤ ਤੇ ਵਿਰੋਧੀ ਵਿਚ ਪਛਾਣ ਕਰਨ ਤੇ ਸਮੱਸਿਆ ਦੇ ਹੱਲ ਲਈ ਗੁਰੂ ਹੁਕਮ ਅਨੁਸਾਰ ਸੰਵਾਦ ਰਚਾਉਣਾ ਲੋੜੀਂਦਾ ਹੈ।

-ਇਕਬਾਲ ਸਿੰਘ ਲਾਲਪੁਰਾ (ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ)

Comment here