ਸੁਲਤਾਨਪੁਰ ਲੋਧੀ– ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦੀਪ ਸਿੱਧੂ ਦੀ ਯਾਦ ਵਿੱਚ ਅੰਤਿਮ ਅਰਦਾਸ ਕਰਵਾਈ ਗਈ। ਜਿਥੇ ਵੱਡੀ ਗਿਣਤੀ ਵਿੱਚ ਇਕੱਠ ਦੇਖਣ ਨੂੰ ਮਿਲੀਆ। ਲੋਕ ਪੰਜਾਬ ਦੇ ਹਰ ਕੋਨੇ ਵਿੱਚੋਂ ਉਸ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ। ਉਥੇ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸੁਲਤਾਨਪੁਰ ਲੋਧੀ (ਪੰਜਾਬ) ਵੱਲੋਂ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ’ਚ ਵੱਡਾ ਯੋਗਦਾਨ ਪਾ ਕੇ ਕੌਮ ਨੂੰ ਹਲੂਣਾ ਦੇਣ ਵਾਲੇ ਅਭਿਨੇਤਾ ਦੀਪ ਸਿੱਧੂ ਦੀ ਯਾਦ ’ਚ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਪੈਦਲ ਕੇਸਰੀ ਮਾਰਚ ਤਲਵੰਡੀ ਪੁਲ ਚੌਕ ਸੁਲਤਾਨਪੁਰ ਲੋਧੀ ਤੱਕ ਕੱਢਿਆ ਗਿਆ ਤੇ ਉਪਰੰਤ ਗੱਡੀਆਂ ’ਚ ਸਵਾਰ ਹੋ ਕੇ ਇਹ ਕੇਸਰੀ ਮਾਰਚ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਇਆ । ਇਸ ਮਾਰਚ ’ਚ ਵੱਡੀ ਗਿਣਤੀ ’ਚ ਸਿੱਖ ਨੌਜਵਾਨ ਸਿਰਾਂ ’ਤੇ ਕੇਸਰੀ ਦਸਤਾਰਾਂ ਸਜਾ ਕੇ ਅਤੇ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਸ਼ਾਮਲ ਹੋਈਆਂ । ਹੱਥਾਂ ’ਚ ਕੇਸਰੀ ਝੰਡੀਆਂ ਤੇ ਬੈਨਰ ਫੜ ਕੇ ਦੀਪ ਸਿੱਧੂ ਦੇ ਨਾਅਰੇ ਮਾਰਦੇ ਹੋਏ ਜਥਾ ਰਵਾਨਾ ਹੋਇਆ।
ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸੁਲਤਾਨਪੁਰ ਲੋਧੀ ਦੇ ਆਗੂ ਭਾਈ ਗੁਰਮੀਤ ਸਿੰਘ ਸੋਢੀ ਕਬੀਰਪੁਰ, ਭਾਈ ਗੁਰਪ੍ਰਤਾਪ ਸਿੰਘ ਬੂਲੇ, ਭਾਈ ਕਰਨਵੀਰ ਸਿੰਘ ਆਹਲੀ, ਭਾਈ ਬਲਦੇਵ ਸਿੰਘ ਤੇ ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੀਪ ਸਿੱਧੂ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਡਟ ਕੇ ਆਵਾਜ਼ ਬੁਲੰਦ ਕੀਤੀ ਜਿਥੇ ਸਮੇਂ ਦੀਆਂ ਸਰਕਾਰਾਂ ਤੇ ਏਜੰਸੀਆਂ ਵੱਲੋਂ ਗਹਿਰੀ ਸਾਜ਼ਿਸ਼ ਤਹਿਤ ਭੇਤਭਰੇ ਢੰਗ ਨਾਲ ਕਤਲ ਕਰਵਾਇਆ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਦੀਪ ਸਿੱਧੂ ਦੀ ਮੌਤ ਹਾਦਸਾ ਨਹੀਂ ਹੋ ਸਕਦੀ।
ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਦੀਪ ਸਿੱਧੂ ਇਕ ਉਹ ਦੀਪ, ਜੋ ਬੇਸ਼ੱਕ ਹੁਣ ਬੁਝ ਗਿਆ ਪਰ ਜਾਂਦੇ-ਜਾਂਦੇ ਨੌਜਵਾਨਾਂ ਨੂੰ ਰੌਸ਼ਨੀ ਦਿਖਾ ਗਿਆ । ਉਨ੍ਹਾਂ ਕਿਹਾ ਕਿ ਦੀਪ ਗਿਆ ਨਹੀਂ, ਉਹ ਹਮੇਸ਼ਾ ਸਾਡੇ ਦਿਲਾਂ ’ਚ ਜ਼ਿੰਦਾ ਰਹੇਗਾ। ਭਾਈ ਨਿਸ਼ਾਨ ਸਿੰਘ ਪਨਗੋਟਾ, ਤਰਸੇਮ ਸਿੰਘ ਧੰਜਲ, ਆਕਾਸ਼ਦੀਪ ਸਿੰਘ, ਹੀਰਾ ਸਿੰਘ ਹਜਾਰਾ, ਯੁਵਰਾਜ ਸਿੰਘ, ਇੰਦਰਜੀਤ ਸਿੰਘ ਆਹਲੀ ਨੇ ਕਿਹਾ ਕਿ ਦੀਪ ਸਿੱਧੂ ਦੀ ਸੋਚ ਸਾਨੂੰ ਵੱਖਰਾ ਤੇ ਕੁਝ ਕਰ ਗੁਜ਼ਰਨ ਦਾ ਮਾਰਗ ਦਿਖਾ ਗਈ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਵੱਲੋਂ ਕਿਸਾਨ ਅੰਦੋਲਨ ਸਮੇਂ ਕਹੀ ਹਰ ਗੱਲ ਅੱਜ ਯਾਦ ਆ ਰਹੀ ਹੈ ਤੇ ਜੋ ਉਨ੍ਹਾਂ ਕਿਹਾ ਉਨ੍ਹਾਂ ’ਤੇ ਪੂਰੇ ਉੱਤਰੇ । ਉਪਰੰਤ ਸੋਢੀ ਕਬੀਰਪੁਰ ਨੇ ਦੱਸਿਆ ਕਿ ਇਹ ਕੇਸਰੀ ਮਾਰਚ ਸੁਲਤਾਨਪੁਰ ਲੋਧੀ ਤੋਂ ਡਡਵਿੰਡੀ, ਆਰ. ਸੀ. ਐੱਫ. ਤੋਂ ਹੁੰਦੇ ਹੋਏ ਕਪੂਰਥਲਾ, ਜਲੰਧਰ ਰਾਹੀਂ ਸ੍ਰੀ ਫ਼ਤਿਹਗੜ੍ਹ ਸਾਹਿਬ ਪਹੁੰਚੇਗਾ ਅਤੇ ਸੰਦੀਪ ਸਿੰਘ ਸਿੱਧੂ ਉਰਫ਼ ਦੀਪ ਸਿੱਧੂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰੇਗਾ।
ਉਨ੍ਹਾਂ ਸਰਕਾਰਾਂ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਿਉਂ ਸਰਕਾਰਾਂ ਅਜਿਹੇ ਨੌਜਵਾਨਾਂ ਅਤੇ ਸੂਰਮਿਆਂ ਨੂੰ ਜਲਦੀ ਖ਼ਤਮ ਕਰਵਾ ਦਿੰਦੀਆਂ ਹਨ, ਜਿਹੜੇ ਹੱਕ ਅਤੇ ਸੱਚ ਦੀ ਗੱਲ ਕਰਦੇ ਹਨ । ਉਨ੍ਹਾਂ ਕਿਹਾ ਕਿ ਖ਼ਾਲਸਾ ਰਾਜ ਕਰਨ ਵਾਸਤੇ ਹੀ ਪੈਦਾ ਹੋਇਆ ਹੈ ਤੇ ਅਖੀਰ ਇਕ ਦਿਨ ਖ਼ਾਲਸੇ ਦਾ ਰਾਜ ਕਾਇਮ ਹੋਵੇਗਾ। ਇਸ ਸਮੇਂ ਉਕਤ ਤੋਂ ਇਲਾਵਾ ਮੁਖਿੰਦਰ ਸਿੰਘ, ਸਤਨਾਮ ਸਿੰਘ ਆਹਲੀ, ਗੁਰਜੀਤ ਸਿੰਘ, ਕੇਸਰ ਸਿੰਘ, ਲਵਪ੍ਰੀਤ ਸਿੰਘ, ਵਿੰਦਾ, ਅਮਰੀਕ ਸਿੰਘ, ਪੰਮਾ ਕਾਲੇਵਾਲ, ਕੁਲਬੀਰ ਸਿੰਘ, ਤੇਜਿੰਦਰ ਸਿੰਘ, ਸੁਖਦੇਵ ਸਿੰਘ, ਸਿਮਰਨਜੀਤ ਸਿੰਘ, ਪ੍ਰਭਜੋਤ ਸਿੰਘ, ਮਨਦੀਪ ਸਿੰਘ, ਰੁਬਿੰਦਰ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ । ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਚਰਚਾ ’ਚ ਆਏ ਦੀਪ ਸਿੱਧੂ ਦੀ ਪਿਛਲੇ ਮੰਗਲਵਾਰ ਸ਼ਾਮੀਂ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੇ. ਐੱਮ. ਪੀ. ਸ਼ਾਹ ਮਾਰਗ ਉੱਤੇ ਸੜਕ ਹਾਦਸੇ ’ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਯਾਦ ’ਚ ਵੱਡਾ ਸਮਾਗਮ ਫਤਿਹਗੜ੍ਹ ਸਾਹਿਬ ਵਿਖੇ ਹੋ ਰਿਹਾ ਹੈ।
Comment here