ਸਿਆਸਤਖਬਰਾਂਦੁਨੀਆ

ਸਿੱਖ ਜਥਿਆਂ ਚ ਜਾ ਰਹੇ ਹਿੰਦੂਆਂ ਨੂੰ ਪਾਕਿ ਵੀਜ਼ੇ ਨਹੀਂ ਦੇ ਰਿਹਾ

ਅੰਮ੍ਰਿਤਸਰ- ਪਾਕਿਸਤਾਨ ਦਾ ਇਕ ਵਾਰ ਫੇਰ ਕਰੂਰ ਚਿਹਰਾ ਨਸ਼ਰ ਹੋਇਆ ਹੈ, ਸਿੱਖ ਧਾਰਮਿਕ ਪੂਰਬਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਜੱਥਿਆਂ ਵਿਚ ਹੁਣ ਹਿੰਦੂ ਭਾਈਚਾਰੇ ਦੇ ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਦਿੱਤੇ ਜਾ ਰਹੇ ਹਨ। ਪਾਕਿਸਤਾਨੀ ਦੂਤਾਵਾਸ ਜੇਕਰ ਕੁਝ ਇਕ ਨੂੰ ਵੀਜ਼ਾ ਦੇ ਵੀ ਦਿੰਦਾ ਹੈ ਤਾਂ ਬਹੁਤ ਸਾਰੇ ਹਿੰਦੂ ਸ਼ਰਧਾਲੂਆਂ ਦੇ ਨਾਂ ਵੀਜ਼ਾ ਸੂਚੀ ਵਿਚੋਂ ਕੱਟ ਦਿੱਤੇ ਜਾਂਦੇ ਹਨ। ਇਹ ਕਰਤੂਤ ਪਾਕਿਸਤਾਨੀ ਦੂਤਾਵਾਸ ਪਿਛਲੇ ਪੰਜ ਤੇ ਛੇ ਸਾਲਾਂ ਤੋਂ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਸਿੱਖ ਸ਼ਰਧਾਲੂਆਂ ਦੇ ਜਥਿਆਂ ਵਿਚ ਹਿੰਦੂ ਸ਼ਰਧਾਲੂਆਂ ਦੀ ਗਿਣਤੀ ਨਾਂ-ਮਾਤਰ ਹੋ ਗਈ ਹੈ। ਇਸ ਵਾਰ 13 ਜਾਂ 14 ਨਵੰਬਰ ਤਕ ਪਾਕਿਸਤਾਨੀ ਦੂਤਾਵਾਸ ਸਪੱਸ਼ਟ ਕਰ ਦੇਵੇਗਾ ਕਿ ਕਿੰਨੇ ਲੋਕਾਂ ਨੂੰ ਵੀਜ਼ੇ ਦਿੱਤੇ ਗਏ ਹਨ। ਜੱਥਾ 17 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਦੇਸ਼ ਦੀ ਵੰਡ ਤੋਂ ਬਾਅਦ ਨਹਿਰੂ ਅਲੀ ਸਮਝੌਤੇ ਤਹਿਤ ਹਰ ਸਾਲ ਵੱਖ-ਵੱਖ ਸਿੱਖ ਧਾਰਮਿਕ ਪੂਰਬਾਂ ’ਤੇ 3000 ਸ਼ਰਧਾਲੂਆਂ ਨੂੰ ਪਾਕਿਸਤਾਨ ਵਿਚ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਵੀਜ਼ਾ ਦੇਣ ਦਾ ਸਮਝੌਤਾ ਹੋਇਆ ਸੀ। ਹੁਣ 2400 ਤੋਂ ਲੈ ਕੇ 2600 ਤਕ ਸ਼ਰਧਾਲੂ ਹੀ ਪਾਕਿਸਤਾਨ ਜਾ ਪਾ ਰਹੇ ਹਨ। ਪਾਕਿਸਤਾਨ ਵੱਖ-ਵੱਖ ਪੂਰਬਾਂ ’ਤੇ ਜੱਥਾ ਲੈ ਕੇ ਜਾਣ ਵਾਲੇ ਭਾਈ ਮਰਦਾਨਾ ਜੀ ਯਾਦਗਾਰ ਸੁਸਾਇਟੀ ਦੇ ਪ੍ਰਮੁੱਖ ਹਰਪਾਲ ਸਿੰਘ ਭੁੱਲਰ ਨੇ ਕਿਹਾ ਕਿ ਪਹਿਲੇ ਉਨ੍ਹਾਂ ਦੇ ਜੱਥੇ ਨਾਲ ਹਿੰਦੂ ਭਾਈਚਾਰੇ ਦੇ ਕਾਫੀ ਸ਼ਰਧਾਲੂ ਪਾਕਿਸਤਾਨ ਸਥਿਤ ਸਿੱਖ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਂਦੇ ਸਨ। ਹੁਣ ਇਹ ਗਿਣਤੀ ਬਹੁਤ ਘੱਟ ਰਹਿ ਗਈ ਹੈ। ਇਸ ਵਾਰ ਉਨ੍ਹਾਂ ਦੇ ਸੰਗਠਨ ਜ਼ਰੀਏ 16 ਦੇ ਕਰੀਬ ਹਿੰਦੂ ਭਾਈਚਾਰੇ ਦੇ ਸ਼ਰਧਾਲੂਆਂ ਨੇ ਵੀਜ਼ਾ ਲਈ ਅਪਲਾਈ ਕੀਤਾ ਹੈ। ਸੰਭਾਵਨਾ ਹੈ ਕਿ ਕੁਝ ਨੂੰ ਵੀਜ਼ਾ ਮਿਲ ਜਾਵੇਗਾ ਪਰੰਤੂ ਬਹੁਤ ਸਾਰੇ ਹਿੰਦੂ ਸ਼ਰਧਾਲੂਆਂ ਦੇ ਨਾਂ ਕੱਟ ਦਿੱਤੇ ਜਾਣਗੇ। ਉਨ੍ਹਾਂ ਦੇ ਸੰਗਠਨ ਵੱਲੋਂ ਇਸ ਵਾਰ 410 ਸ਼ਰਧਾਲੂਆਂ ਨੇ ਜਥੇ ਨਾਲ ਜਾਣ ਲਈ ਅਪਲਾਈ ਕੀਤਾ ਹੈ।

Comment here