ਸਿਆਸਤਖਬਰਾਂਚਲੰਤ ਮਾਮਲੇ

ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਪਹਿਲਾਂ ਸੂਬੇ ਦੇਖਣ-ਕੇਂਦਰ ਦੀ ਦੋ ਟੁਕ

ਚੰਡੀਗੜ੍ਹ- ਸਿੱਖ ਸਿਆਸਤ ਅਤੇ ਪੰਜਾਬ ਦੀ ਸਿਆਸਤ ਵਿੱਚ ਅੱਜ ਸਿੱਖ ਬੰਦੀਆਂ ਦੀ ਰਿਹਾਈ ਦਾ ਮਸਲਾ ਵਾਹਵਾ ਗਰਮਾਇਆ ਹੋਇਆ ਹੈ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਪੰਥਕ ਇਕੱਠ ਵਿੱਚ ਸਾਂਝਾ ਯਤਨ ਕਰਨ ਦਾ ਐਲਾਨ ਹੋਇਆ, ਐਸ ਜੀ ਪੀ ਸੀ ਨੇ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ, ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਗਈ, ਪਰ ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ ਅਤੇ ਕੇਂਦਰ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਸਿਰ ਪਾਉਂਦਿਆਂ ਅਪਣਾ ਪੱਲਾ ਝਾੜ ਲਿਆ ਹੈ | ਇਸ ਤਰ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ਨੂੰ  ਲੈ ਕੇ ਕੇਂਦਰ ਸਰਕਾਰ ਨੇ ਗੇਂਦ ਸੂਬਾ ਸਰਕਾਰਾਂ ਦੇ ਪਾਲੇ ‘ਚ ਸੁੱਟ ਦਿਤੀ ਹੈ ਅਤੇ ਇਸ ਨਾਲ ਮਾਮਲਾ ਸੁਲਝਣ ਦੀ ਥਾਂ ਹੋਰ ਉਲਝ ਸਕਦਾ ਹੈ | ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਅੱਜ ਇਕ ਬਿਆਨ ‘ਚ ਸਪੱਸ਼ਟ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਸੂਬਾ ਸਰਕਾਰਾਂ ਕੋਲ ਲਟਕ ਰਹੇ ਹਨ ਜਦ ਕਿ ਕੇਂਦਰ ਸਰਕਾਰ ਨੇ ਤਾਂ ਰਿਹਾਈ ਦੇ ਮਾਮਲੇ ਨੂੰ  ਲੈ ਕੇ 550 ਸਾਲਾ ਪ੍ਰਕਾਸ਼ ਦਿਵਸ ਮੌਕੇ ਐਲਾਨ ਕਰ ਦਿਤਾ ਸੀ ਪਰ ਉਸ ਤੋਂ ਬਾਅਦ ਰਾਜਾਂ ਨੇ ਬਣਦੀ ਕਾਰਵਾਈ ਨਹੀਂ ਕੀਤੀ | ਸ਼ੇਖਾਵਤ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਕੋਈ ਢਿੱਲ ਨਹੀਂ ਅਤੇ ਜਿਉਂ ਹੀ ਸੂਬਾ ਸਰਕਾਰਾਂ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਫ਼ਾਈਲਾਂ ਤਿਆਰ ਕਰ ਕੇ ਕੇਂਦਰ ਨੂੰ  ਭੇਜੇਗੀ ਤਾਂ ਉਨ੍ਹਾਂ ਉਪਰ ਤੇਜ਼ੀ ਨਾਲ ਕਾਰਵਾਈ ਹੋਵੇਗੀ | ਅਪਣੇ ਆਪ ਕੇਂਦਰ ਸਰਕਾਰ ਇਨ੍ਹਾਂ ਰਿਹਾਈਆਂ ਬਾਰੇ ਕੁੱਝ ਨਹੀਂ ਕਰ ਸਕਦੀ ਕਿਉਂਕਿ ਕੇਂਦਰ ਨਾਲ ਸਬੰਧਤ ਸਿੱਧਾ ਕੋਈ ਮਾਮਲਾ ਨਹੀਂ ਹੈ ਅਤੇ ਸਾਰੇ ਮਾਮਲੇ ਸੂਬਾ ਸਰਕਾਰਾਂ ਨਾਲ ਹੀ ਸਬੰਧਤ ਹਨ | ਭਾਵੇਂ ਕੇਂਦਰ ਸਰਕਾਰ ਨੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਉਪਰ ਸੁੱਟ ਦਿਤੀ ਹੈ ਪਰ ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ‘ਚ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਿੰਮ ਚਲਾ ਰਹੀ ਸਿੱਖ ਜਥੇਬੰਦੀਆਂ ਦੀ ਕੇਮਟੀ ਦੇ ਮੈਂਬਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ  ਮਿਲੇ ਸਨ | ਉਨ੍ਹਾਂ ਇਸ ਮੌਕੇ ਸੂਬਾ ਸਰਕਾਰ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ‘ਚ ਫ਼ੈਸਲਾ ਲੈਣ ਤੋਂ ਅਸਮਰੱਥਤਾ ਜਤਾਈ ਸੀ ਅਤੇ ਕਿਹਾ ਸੀ ਕਿ ਮਾਮਲਾ ਕੇਂਦਰ ਸਰਕਾਰ ਦੇ ਹੱਥ ਹੈ ਪਰ ਹੁਣ ਕੇਂਦਰੀ ਮੰਤਰੀ ਦੇ ਬਿਆਨ ਨਾਲ ਸਥਿਤੀ ਉਲਟ ਹੋ ਗਈ ਹੈ | ਅਕਾਲ ਤਖ਼ਤ ਦੇ ਨਿਰਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਬਣੀ ਵੱਖ ਵੱਖ ਗਰੁੱਪਾਂ ਦੀ ਸਾਂਝੀ ਕੇਮਟੀ ਨੇ ਵੀ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਿਆ ਹੋਇਆ ਹੈ ਅਤੇ ਇਸ ਮਾਮਲੇ ‘ਤੇ ਇਸ ਮੁਲਾਕਾਤ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ |

Comment here