ਅੰਮ੍ਰਿਤਸਰ- ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਘਰਾਂ ਦੇ ਬਾਹਰ ਸਿੱਖ ਕੈਦੀਆਂ ਦੀ ਰਿਹਾਈ ਲਈ ਅਪੀਲ ਵਜੋਂ ਉਹਨਾਂ ਦੀਆਂ ਤਸਵੀਰਾਂ ਲਾਉਣ ਦਾ ਸੱਦਾ ਦਿੱਤਾ ਹੈ, ਜਿਸ ਦਾ ਸਿਆਸੀ ਖੇਮੇ ਚ ਵਿਰੋਧ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ‘ਚ ਗੁਰਦੁਆਰਿਆਂ ‘ਚ ਐਸਜੀਪੀਸੀ ਵੱਲੋਂ ਲਾਏ ਪੋਸਟਰਾਂ ‘ਤੇ ਸਵਾਲ ਚੁੱਕੇ ਹਨ। ਇਹ ਪੋਸਟਰ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਦੇ ਲਗਾਏ ਗਏ ਹਨ, ਜਿਨ੍ਹਾਂ ਨੂੰ ਲੈ ਕੇ ਸੰਸਦ ਮੈਂਬਰ ਨੇ ਇਤਰਾਜ਼ ਪ੍ਰਗਟਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੁਆਰਿਆਂ ‘ਚ ਅਪੀਲ ਭਰੇ ਪੋਸਟਰ ਲਗਾਏ ਜਾਣ ‘ਤੇ ਰਵਨੀਤ ਬਿੱਟੂ ਨੇ ਸਖਤ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੀ ਸੁਖਬੀਰ ਬਾਦਲ ਦੇ ਪਰਿਵਾਰ ਨੂੰ ਜੇਕਰ ਇਨ੍ਹਾਂ ਨੇ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਤੁਸੀ ਉਨ੍ਹਾਂ ਨੂੰ ਛੁਡਾਉਣ ਦੀ ਗੱਲ ਕਰਦੇ? ਉਨ੍ਹਾਂ ਕਿਹਾ ਕਿ ਮੈਨੂੰ ਲਗਾਤਾਰ ਖਾਲਿਸਤਾਨੀਆਂ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ ਅਤੇ ਅੱਜ ਸ਼੍ਰੋਮਣੀ ਕਮੇਟੀ ਉਨ੍ਹਾਂ ਦੀਆਂ ਤਸਵੀਰਾਂ ਗੁਰਦੁਆਰਿਆਂ ‘ਚ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ 25 ਹਜ਼ਾਰ ਲੋਕ ਅੱਤਵਾਦ ਦੌਰਾਨ ਸ਼ਹੀਦ ਹੋਏ ਹਨ, ਉਨ੍ਹਾਂ ਨੂੰ ਕੀ ਜਵਾਬ ਦਿਓਗੇ। ਲੁੁਧਿਆਣਾ ਤੋਂ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਅੱਜ ਮੁੜ ਪੰਜਾਬ ਨੂੰ ਦੁਬਾਰਾ ਅੱਗ ਦੀ ਭੱਠੀ ‘ਚ ਝੋਕਣ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰਦੁਆਰਾ ਸਾਹਿਬ ਦੇ ਮਾਮਲਿਆਂ ਵਿੱਚ ਮੈਂ ਕੁੱਝ ਨਹੀਂ ਕਰ ਸਕਦਾ, ਪਰ ਜੇਕਰ ਬਾਹਰ ਪੋਸਟਰ ਲਗਾਉਗੇ ਤਾਂ ਅਸੀਂ ਵਿਰੋਧ ਕਰਕੇ ਵਿਖਾਵਾਂਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹੜੀ ਕੁਰਬਾਨੀ ਦਿੱਤੀ ਹੈ? ਕਿ ਐਸਜੀਪੀਸੀ ਪ੍ਰਧਾਨ ਕਠਪੁਤਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ਪ੍ਰਧਾਨ ਨੂੰ ਸੁਖਬੀਰ ਬਾਦਲ ਦੀ ਜ਼ਿਆਦਾ ਫਿਕਰ ਹੈ ਤਾਂ ਤੁਸੀ ਅਦਾਲਤ ‘ਚ ਜਾ ਕੇ ਕਾਨੂੰਨੀ ਲੜਾਈ ਲੜੋ ਜਾਂ ਰਾਸ਼ਟਰਪਤੀ ਕੋਲ ਜਾਵੇ।
ਬੇਕਸੂਰਾਂ ਦੇ ਕਾਤਲਾਂ ਦੇ ਨਾਲ ਵਿਧਵਾਵਾਂ ਦੇ ਵੀ ਪੋਸਟਰ ਲਾਓ-ਬਿੱਟਾ
ਬੇਕਸੂਰ ਲੋਕਾਂ ਦੇ ਕਾਤਲਾਂ ਅਤੇ ਅੱਤਵਾਦੀਆਂ ਦੀਆਂ ਤਸਵੀਰਾਂ ਤਾਂ ਹਰ ਥਾਂ ਲਗਾ ਦਿਓ ਪਰ ਇਹ ਵੀ ਲਿਖੋ ਕਿ ਉਹ ਮੌਤ ਦੇ ਵਪਾਰੀ ਹਨ। ਉਨ੍ਹਾਂ ਨੇ ਬੇਕਸੂਰ ਲੋਕਾਂ ਨੂੰ ਮਾਰਿਆ ਹੈ। ਨਾਲ ਹੀ, ਉਨ੍ਹਾਂ ਵਿਧਵਾਵਾਂ ਦੀ ਤਸਵੀਰ ਵੀ ਲਗਾਓ ਜਿਨ੍ਹਾਂ ਦੇ ਪਤੀਆਂ ਨੂੰ ਉਨ੍ਹਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਗੱਲ ਐਂਟੀ ਟੈਰੋਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਹੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੀਆਂ ਤਸਵੀਰਾਂ ਲਗਾਉਣਾ ਪ੍ਰਚਾਰ ਨਹੀਂ ਹੈ। ਧਰਮ ਕਹਿੰਦਾ ਹੈ ਕਿ ਮਨੁੱਖਤਾ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਬਿੱਟਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਬਿਆਨ ‘ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਅਕਾਲ ਤਖ਼ਤ ਕਮਜ਼ੋਰ ਹੋ ਰਿਹਾ ਹੈ ਅਤੇ ਸਿੱਖੀ ਦਾ ਵਿਕਾਸ ਨਹੀਂ ਹੋ ਰਿਹਾ। ਬਿੱਟਾ ਨੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਵੱਲੋਂ ਸਿੱਖ ਅਜਾਇਬ ਘਰ ‘ਚੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ‘ਤੇ ਸਭ ਤੋਂ ਵੱਧ ਅੱਤਿਆਚਾਰ ਮੁਗਲਾਂ ਨੇ ਹੀ ਕੀਤੇ ਹਨ। ਸਾਡੇ ਗੁਰੂ ਸਾਹਿਬਾਨ ਨੇ ਮੁਗਲਾਂ ਨਾਲ ਸਾਰੀਆਂ ਲੜਾਈਆਂ ਲੜੀਆਂ। ਧਰਮ ਦੇ ਠੇਕੇਦਾਰ ਬਣੇ ਅਜਿਹੇ ਲੋਕਾਂ ਨੇ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਦੀਵਾਨ ਟੋਡਰਮਲ ਦੀ ਹਵੇਲੀ ਦੀ ਸੰਭਾਲ ਨਹੀਂ ਕੀਤੀ। ਦੀਵਾਨ ਟੋਡਰਮਲ ਨੇ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੂੰ ਸੋਨੇ ਦੇ ਸਿੱਕੇ ਦੇ ਕੇ ਅੰਤਿਮ ਸੰਸਕਾਰ ਲਈ ਜ਼ਮੀਨ ਲੈ ਲਈ ਸੀ। ਬਦਲੇ ਵਿੱਚ, ਨਵਾਬ ਨੇ ਦੀਵਾਨ ਟੋਡਰਮਲ ਦੀ ਹਵੇਲੀ ਅਤੇ ਬਾਕੀ ਦੀ ਜਾਇਦਾਦ ਨੂੰ ਤਬਾਹ ਕਰ ਦਿੱਤਾ। ਬਿੱਟਾ ਨੇ ਕਿਹਾ ਕਿ ਅੱਜ ਕੁਝ ਲੋਕ ਕੁਰਬਾਨੀ ਦੇਣ ਵਾਲੇ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦੀ ਗੱਲ ਕਰਦੇ ਹਨ। ਅੱਤਵਾਦੀਆਂ ਅਤੇ ਬੰਦੀ ਸਿੱਖਾਂ ਦੀਆਂ ਤਸਵੀਰਾਂ ਲਗਾਉਣ ਦੀ ਗੱਲ ਕਰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਸਿੱਖਾਂ ਅਤੇ ਹਿੰਦੂਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਵਿਚਕਾਰ ਹਮੇਸ਼ਾ ਰੋਟੀ-ਬੇਟੀ ਦਾ ਰਿਸ਼ਤਾ ਰਿਹਾ ਹੈ। ਉਹ ਕਦੇ ਵੀ ਵੱਖ ਨਹੀਂ ਹੋ ਸਕਦੇ। ਉਨ੍ਹਾਂ ਨੂੰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ।
Comment here