ਕਾਨਪੁਰ– ਮੋਦੀ ਸਰਕਾਰ ਦੇ ਕਈ ਫੈਸਲੇ ਸਿੱਖ ਭਾਈਚਾਰੇ ਲਈ ਬੇਹਦ ਖਾਸ ਮੰਨੇ ਜਾਂਦੇ ਹਨ। ਇਸ ਨੂੰ ਭਾਜਪਾ ਕੈਸ਼ ਕਰਨ ਦਾ ਕੋਈ ਮੌਕਾ ਨਹੀੰ ਛੱਡਦੀ। ਹੁਣ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਨਾਮਦੇਵ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਆਪਣੇ ਕਾਨਪੁਰ ਦੌਰੇ ਦੀ ਸ਼ੁਰੂਆਤ ਕੀਤੀ ਅਤੇ ਉਥੇ ਮੌਜੂਦ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜਿੰਨਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ, ਓਨਾ ਸਿੱਖ ਸਮਾਜ ਲਈ ਕਿਸੇ ਨੇ ਨਹੀਂ ਕੀਤਾ। ਆਪਣੇ ਯੂਪੀ ਦੌਰੇ ਦੇ ਦੂਜੇ ਦਿਨ ਇੱਥੇ ਕਾਨਪੁਰ ਦੇ ਨਾਮਦੇਵ ਗੁਰਦੁਆਰੇ ਵਿੱਚ ਨੱਢਾ ਨੇ ਕਿਹਾ ਕਿ ਮੈਂ ਭਾਜਪਾ ਦਾ ਸਿਪਾਹੀ ਹੋਣ ਦੇ ਨਾਤੇ ਗੁਰੂ ਨਾਮਦੇਵ ਜੀ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਮਾਣ ਨਾਲ ਕਹਿ ਸਕਦਾ ਹਾਂ ਕਿ ਮੋਦੀ ਜੀ ਨੇ ਬਹੁਤ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ 1984 ਦੇ ਦੰਗਿਆਂ ਦੇ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ ਅਤੇ ਦੰਗਿਆਂ ਵਿੱਚ ਸ਼ਾਮਲ ਲੋਕਾਂ ਨੂੰ ਜੇਲ੍ਹ ਭੇਜਣ ਦਾ ਕੰਮ ਕੀਤਾ ਹੈ, ਭਾਵੇਂ ਉਹ ਕਿੰਨੇ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਣ। ਕਰਤਾਰਪੁਰ ਸਾਹਿਬ ਦਾ ਲਾਂਧਾ ਖੋਲਿਆ ਹੈ, ਕਾਲੀ ਸੂਚੀ ਖਤਮ ਕੀਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਅੱਜ ਮੈਨੂੰ ਬਾਬਾ ਨਾਮਦੇਵ ਦੇ ਚਰਨਾਂ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਤੇ ਇਸ ਗੁਰਦੁਆਰੇ ਵਿੱਚ ਇਹ ਸੁਭਾਗ ਪ੍ਰਾਪਤ ਨਹੀਂ ਹੁੰਦਾ ਜਦੋਂ ਤੱਕ ਬਾਬਾ ਨਾ ਚਾਹੇ। ਅੱਜ ਮੈਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲਿਆ ਅਤੇ ਮੈਂ ਕਾਨਪੁਰ ਆ ਕੇ ਸਭ ਤੋਂ ਪਹਿਲਾਂ ਬਾਬਾ ਦੇ ਚਰਨਾਂ ‘ਚ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਕੀਤਾ। ਦੱਸ ਦੇਈਏ ਕਿ ਲਖੀਮਪੁਰ ਖੇੜੀ ਹਿੰਸਾ ‘ਚ ਚਾਰ ਸਿੱਖ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਤੋਂ ਬਾਅਦ ਜੇਪੀ ਨੱਢਾ ਸੂਬੇ ‘ਚ ਪਹਿਲੀ ਵਾਰ ਸਿੱਖਾਂ ਕੋਲ ਪਹੁੰਚੇ ਹਨ।
Comment here