ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਿੱਖਾਂ ਦੇ ਈਸਾਈਕਰਨ ਦਾ ਮਾਮਲਾ ਭਖਿਆ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਈਸਾਈ ਧਰਮ ਦੇ ਆਗੂਆਂ ਵਿਚਾਲੇ ਹੋਈ ਮੀਟਿੰਗ
*ਚਰਚ ਵਿਚ ਬੇਅਦਬੀ ਦੀ ਘਟਨਾ ਦੀ ਜਾਂਚ ਲਈ ਸਿਟ ਦਾ ਗਠਨ
* ਫਿਰੋਜ਼ਪੁਰ ਦੇ ਆਈਜੀ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਜਾਂਚ ਟੀਮ 
 ਵਿਸ਼ੇਸ਼ ਰਿਪੋਰਟ-ਕਰਮਜੀਤ ਸੈਣੀ
 ਪੰਜਾਬ ‘ਵਿਚ ਈਸਾਈ ਧਰਮ ਦੇ ਨਾਂਅ ‘ਤੇ ਕੁੱਝ ਅਖੌਤੀ ਪਾਸਟਰਾਂ ਵਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਸਬੰਧੀ  ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਅਤੇ ਇਸਾਈ ਧਰਮ ਦੇ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਹੋਈ ।ਇਸ ਇਕੱਤਰਤਾ ‘ਵਿਚ ਮਾਝਾ ਅਤੇ ਮਾਲਵਾ ਇਲਾਕਿਆਂ ਅੰਦਰ ਇਸਾਈ ਧਰਮ ਦੇ ਨਾਂ ‘ਤੇ ਹੋ ਰਹੇ ਗੁੰਮਰਾਹਕੁੰਨ ਪ੍ਰਚਾਰ ਤੇ ਜਬਰੀ ਧਰਮ ਪਰਿਵਰਤਨ ਸੰਬੰਧੀ ਚਰਚਾ ਦੌਰਾਨ ਦੋਵੇਂ ਧਾਰਮਿਕ ਆਗੂਆਂ ਵਲੋਂ ਭਾਈਚਾਰਕ ਸਾਂਝ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ ।ਮੀਟਿੰਗ ਉਪਰੰਤ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਂਗਲੀਕਨ ਚਰਚ ਦੇ ਬਿਸ਼ਪ ਜੋਹਨ ਅਸ਼ੀਸ਼, ਰੈਵਰਨ ਡੈਨੀਅਲ ਮਸੀਹ, ਭਾਰਤ ਦੀ ਸਕੱਤਰ ਸਿਸਟਰ ਮਧੂਲਿਕਾ ਜੌਇਸ, ਪੰਜਾਬ ਦੇ ਸਕੱਤਰ ਰੌਬਿਨ ਰਿਚਰਡ  ਨੇ ਕਿਹਾ ਕਿ ਕੁੱਝ ਗ਼ਲਤ ਕਿਸਮ ਦੇ ਲੋਕ ਇਸਾਈ ਧਰਮ ਨੂੰ ਗ਼ਲਤ ਪ੍ਰਚਾਰ ਦੀ ਵਰਤੋਂ ਕਰਕੇ ਸਿੱਖਾਂ ਅਤੇ ਈਸਾਈਆਂ ‘ਵਿਚ ਜਿੱਥੇ ਫ਼ਿਰਕੂਪੁਣਾ ਘੋਲ ਰਹੇ ਹਨ ਉੱਥੇ ਹੀ ਉਹ ਈਸਾਈ ਧਰਮ ਨੂੰ ਬਦਨਾਮ ਕਰ ਰਹੇ ਹਨ , ਜਿਸ ਸਬੰਧੀ ਅਸੀਂ ਭਾਰਤ ਸਰਕਾਰ ਕੋਲ ਅਤੇ ਵੱਖ-ਵੱਖ ਥਾਣਿਆਂ ਵਿਚ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ। ਉਨ੍ਹਾਂ ਕਿਹਾ ਅਸੀਂ ਜਬਰੀ ਧਰਮ ਪਰਿਵਰਤਨ ਦੇ ਬਿਲਕੁਲ ਖ਼ਿਲਾਫ਼ ਹਾਂ ਅਤੇ ਸਾਡਾ ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ। ਚਮਤਕਾਰ ਬਾਰੇ ਪੁੱਛਣ ‘ਤੇ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਚਮਤਕਾਰ ਨੂੰ ਨਹੀਂ ਮੰਨਦੇ, ਸਗੋਂ ਮਨੁੱਖ ਦੀ ਆਪਣੀ ਪਾਵਰ ਹੀ ਉਸ ਨੂੰ ਠੀਕ ਕਰਦੀ ਹੈ। ਅਸੀਂ ਵੱਡੇ-ਵੱਡੇ ਹਸਪਤਾਲ ਖੋਲ੍ਹੇ ਹੋਏ ਹਨ ਅਤੇ ਦਵਾਈਆਂ ਦੇ ਨਾਲ ਮਰੀਜ਼ਾਂ ਨੂੰ ਠੀਕ ਕੀਤਾ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਸਬੰਧੀ ਸਬੂਤ ਮੌਜੂਦ ਹਨ ਕਿ ਅਜਿਹੇ ਲੋਕਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਹੈ ।   ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਜੋ ਈਸਾਈ ਧਰਮ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ ।
ਗਿਆਨੀ ਹਰਪ੍ਰੀਤ ਸਿੰਘ ਨੇ  ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਆਈਆਂ ਸਨ ਕਿ ਸਰਹੱਦੀ ਇਲਾਕਾ ਖ਼ਾਸ ਕਰ ਅੰਮਿ੍ਤਸਰ ਵਿਖੇ ਇਸਾਈ ਪਾਦਰੀਆਂ ਵਲੋਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਲਾਲਚ ਅਤੇ ਡਰਾਵੇ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸਬੂਤ ਵੀ ਉਨ੍ਹਾਂ ਕੋਲ ਮੌਜੂਦ ਹਨ । ਉਨ੍ਹਾਂ ਕਿਹਾ ਕਿ ਅਖੌਤੀ ਪਾਸਟਰਾਂ ਵਲੋਂ ਇੱਕ ਸਾਜ਼ਿਸ਼ ਤਹਿਤ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਲੰਗਰ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖ਼ਿਲਾਫ਼ ਘਟੀਆ ਸ਼ਬਦਾਵਲੀ ਵਰਤੀ ਜਾ ਰਹੀ ਹੈ ।ਗੁਟਕੇ ਅਤੇ ਪੋਥੀਆਂ ਨੂੰ ਸ਼ੈਤਾਨ ਦੀਆਂ ਕਿਤਾਬਾਂ ਕਹਿ ਕੇ ਭੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸਾਈ ਭਾਈਚਾਰੇ ਦੀ ਮੁਖੀਆਂ ਨੇ ਮੰਨਿਆ ਕਿ ਕੁੱਝ ਲੋਕ ਇਸਾਈ ਧਰਮ ਅਤੇ ਸਿੱਖਾਂ ਵਿਚਕਾਰ ਪਾੜਾ ਪਾਉਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ । ਸਿੰਘ ਸਾਹਿਬ ਨੇ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਆਪਸੀ ਇਤਫਾਕ ਪਿਆਰ ਭਾਈਚਾਰਕ ਸਾਂਝ ਬਣਾਈ ਰੱਖੀ ਜਾਵੇ ਅਤੇ ਆਪਸੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਾਉਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।
ਧਰਮ ਪਰਿਵਰਤਨ ਬਾਰੇ ਸਿੱਖ ਪੰਥ ਦੀ ਨੀਤੀ ਕੀ ਹੋਵੇ?
ਪੰਜਾਬ ਵਿਚ ਤੇ ਸਿੱਖ ਧਰਮ ਵਿਚ ਧਰਮ ਪਰਿਵਰਤਨ ਦੀ ਲਹਿਰ ਪਿਛਲੇ ਕੁਝ ਦਹਾਕਿਆਂ ਤੋਂ ਹੀ ਜਾਰੀ ਹੈ।  ਆਖ਼ਰ ਸਿੱਖ, ਖਾਸ ਕਰ ਗ਼ਰੀਬ ਤੇ ਦਲਿਤ ਸਿੱਖ ਕਿਉਂ ਇਨ੍ਹਾਂ ਡੇਰਿਆਂ ਦੇ ਅਨੁਆਈ ਜਾਂ ਇਸਾਈ ਬਣਨ ਵੱਲ ਰੁਚਿਤ ਹੋ ਰਿਹਾ ਹੈ? ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਹੁਣ ਤਾਜ਼ਾ ਘਟਨਾਕ੍ਰਮ ਜਿਸ ਵਿਚ ਇਕ ਚਰਚ ਵਿਚ ਹੋਈ ਮੂਰਤੀਆਂ ਦੀ ਭੰਨਤੋੜ ਅਤੇ ਪਾਦਰੀ ਦੀ ਕਾਰ ਸਾੜਨ ਦੀ ਘਟਨਾ ਨੇ ਇਹ ਸਵਾਲ ਪ੍ਰਮੁੱਖ ਤੌਰ ‘ਤੇ ਸਾਹਮਣੇ ਲੈ ਆਂਦਾ ਹੈ। ਹਾਲਾਂ ਕਿ ਅਜੇ ਇਹ ਬਿਲਕੁਲ ਪਤਾ ਨਹੀਂ ਹੈ ਕਿ ਇਹ ਭੰਨਤੋੜ  ਕਿਸ ਨੇ ਕੀਤੀ ਹੈ? ਇੰਜ ਜਾਪਦਾ ਹੈ ਕਿ ਇਹ ਈਸਾਈਆਂ ਤੇ ਸਿਖਾਂ ਵਿਚ ਦੰਗੇ ਕਰਵਾ ਕੇ ਪੰਜਾਬ ਨੂੰ ਹਿੰਸਾ ਦੀ ਅੱਗ ਵਿਚ ਬਾਲਣ ਦੀ ਸਾਜਿਸ਼ ਹੈ।  ਸਿੱਖ-ਇਸਾਈ ਝਗੜੇ ਵਜੋਂ ਇਸ।ਵਰਤਾਰੇ ਨੂੰ ਪੇਸ਼ ਕਰਨਾ ਕਿਸੇ ਤਰ੍ਹਾਂ ਵੀ ਸਿੱਖਾਂ ਦੇ ਹੱਕ ਵਿਚ ਨਹੀਂ, ਨਾ ਦੇਸ਼ ਪੱਧਰ ‘ਤੇ ਅਤੇ ਨਾ ਅੰਤਰਰਾਸ਼ਟਰੀ ਪੱਧਰ ‘ਤੇ ਹੀ।  ਇਸਾਈਆਂ ਦੀ ਜਲੰਧਰ ਡਾਵਿਓਸਿਸ ਦੇ ਮੁਖੀ ਬਿਸ਼ਪ ਅਗਨੈਲੋ ਰੂਫੀਨੋ ਗਰਾਸੀਅਸ ਨੇ ਕਿਹਾ ਹੈ ਕਿ ਕਿ ਛੋਟੇ ਗਿਰਜਾਘਰ (ਪੰਜਾਬ ਵਿਚ) ਸਾਰੇ ਪਾਸੇ ਬਣ ਗਏ ਹਨ। ਉਹ ਕਿਸੇ ਨੂੰ ਆਪਣੀਆਂ ਸਰਗਰਮੀਆਂ ਲਈ ਜਵਾਬਦੇਹ ਨਹੀਂ ਹਨ। ਮੁੱਖ ਧਾਰਾ ਦੇ ਚਰਚ ਅਤੇ ਪਾਦਰੀ ਜਵਾਬਦੇਹ ਹਨ। ਇਹ ਨਿਯਮ ਨਿਜੀ ਚਰਚਾਂ ‘ਤੇ ਲਾਗੂ ਨਹੀਂ ਹੁੰਦਾ।  ਉਨ੍ਹਾਂ ਇਹ ਵੀ ਮੰਨਿਆ ਕਿ ਮੁੱਖ ਇਸਾਈ ਸਮੂਹਾਂ ਤੋਂ ਇਲਾਵਾ ਹੋਰ ਵੱਖਰੇ ਛੋਟੇ ਸਮੂਹ ਹਨ ਜੋ ਪਿਛਲੇ ਸਮੇਂ ਵਿਚ ਤੇਜ਼ੀ ਨਾਲ ਵਧੇ ਹਨ ਤੇ ਧਰਮ ਪਰਿਵਰਤਨ ਵਿਚ ਹਮਲਾਵਰ ਹਨ, ਜੋ ਸਮੱਸਿਆਵਾਂ ਪੈਦਾ ਕਰਦੇ ਹਨ।
ਕਿਉਂ ਕਰ ਰਹੇ ਹਨ ਸਿੱਖ ਧਰਮ ਤਬਦੀਲ?
ਈਸਾਈਕਰਨ ਤੋਂ ਪਹਿਲਾਂ ਡੇੇਰਾਵਾਦ ਨੇ ਵੀ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ। ਡੇਰਾਵਾਦ ਨੂੰ ਸਮੇਂ ਦੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੀ ਸਰਪ੍ਰਸਤੀ ਵੀ ਮਿਲਦੀ ਰਹੀ ਹੈ। ਰਾਸ਼ਟਰੀ ਸੋਇਮ ਸੇਵਕ ਸੰਘ ਉਪਰ ਸਿਖਾਂ ਵਲੋਂ ਦੋਸ਼ ਹਨ ਕਿ ਉਹ ਸਿਖਾਂ ਤੇ ਈਸਾਈਆਂ ਵਿਚ ਟਕਰਾਅ ਕਰਵਾਉਣਾ ਚਾਹੁੰਦੀ ਹੈ। ਪਰ ਸਿੱਖ ਲੀਡਰਸ਼ਿਪ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਸਿੱਖ ਸਿਧਾਂਤ, ਇਤਿਹਾਸ ਸਮਝਾਉਣ ਵਿਚ   ਅਸਫ਼ਲ ਰਹੀ ਹੈ। ਉਹ ਸਿੱਖਾਂ ਦੇ ਸਮਾਜਿਕ, ਆਰਥਿਕ ਪਛੜੇਪਨ ਨੂੰ ਦੂਰ ਕਰਨ ਅਤੇ ਹੋਰ ਜ਼ਰੂਰਤਾਂ ਦਾ ਧਿਆਨ ਰੱਖਣ ਵਿਚ ਵੀ ਖੋਟੀ ਸਿਧ ਹੋਈ ਹੈ। ਹਰ ਪਿੰਡ ਵਿਚ ਜੱਟਾਂ ਅਤੇ ਉੱਚ ਜਾਤੀਆਂ ਦੇ ਵੱਖਰੇ ਗੁਰਦੁਆਰੇ ਤੇ ਸ਼ਮਸ਼ਾਨਘਾਟ ਉਸਰਨੇ ਸਿੱਖ ਲੀਡਰਸ਼ਿਪ ਦੀ ਸਭ ਤੋਂ ਪਹਿਲੀ ਤੇ ਵੱਡੀ ਅਸਫ਼ਲਤਾ ਮੰਨੀ ਜਾ ਸਕਦੀ ਹੈ। ਅਸੀਂ ਗ਼ਰੀਬ ਸਿੱਖਾਂ ਦੇ ਜੀਵਨ ਉਥਾਨ ਲਈ ਕਿਸੇ ਯੋਜਨਾ ‘ਤੇ ਕੰਮ ਕਰਨਾ ਤਾਂ ਦੂਰ ਕਦੇ ਸੋਚਿਆ ਤੱਕ ਵੀ ਨਹੀਂ। ਅਸੀਂ ਕੌਮ ਦੇ ਲੋੜਵੰਦ ਲੋਕਾਂ ਲਈ ਮੁਫ਼ਤ ਸਿੱਖਿਆ, ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ‘ਤੇ ਪੈਸਾ ਖਰਚਣ ਦੀ ਥਾਂ ਵੱਡੇ-ਵੱਡੇ ਸੰਗਮਰਮਰੀ ਅਦਾਰੇ ਉਸਾਰਨ ਨੂੰ ਤਰਜੀਹ ਦਿੱਤੀ। ਵੱਡੇ-ਵੱਡੇ ਸਮਾਰੋਹਾਂ ‘ਤੇ ਕਰੋੜਾਂ ਰੁਪਏ ਖ਼ਰਚੇ। ਸਾਡੇ ਖ਼ਾਲਸਾ ਸਕੂਲਾਂ ਤੇ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿਚ ਬਹੁਤੇ ਕਾਰਜਕਰਤਾ ਖ਼ੁਦ ਹੀ ਸਿੱਖੀ ਜੀਵਨ ਜਾਚ ਤੋਂ ਬਹੁਤ ਦੂਰ ਹਨ। ਬਹੁਤੇ ਖ਼ਾਲਸਾ ਸਕੂਲਾਂ ਵਿਚ ਤਾਂ ਪੜ੍ਹਾਈ ਦਾ ਪੱਧਰ ਵੀ ਏਨਾ ਨਿੱਘਰ ਗਿਆ ਹੈ ਕਿ ਸਰਦੇ ਪੁੱਜਦੇ ਲੋਕ ਉਥੇ ਬੱਚਾ ਦਾਖ਼ਲ ਕਰਵਾਉਣ ਲਈ ਵੀ ਤਿਆਰ ਨਹੀਂ। ਜਦੋਂ ਕਿ ਡੇਰੇ ਅਤੇ ‘ਨਵ ਇਸਾਈਵਾਦ’ ਦੇ ਪ੍ਰਚਾਰਕ ਲੋਕਾਂ ਨੂੰ ਇਕ ਪਾਸੇ ਆਰਥਿਕ ਮਦਦ ਦੇ ਰਹੇ ਹਨ ਤੇ ਦੂਸਰੇ ਪਾਸੇ ਉਨ੍ਹਾਂ ਦੇ ਸਾਰੇ ਦੁੱਖਾਂ ਤੋਂ ਮੁਕਤੀ ਦਾ ਸੱਚਾ-ਝੂਠਾ ਪ੍ਰਚਾਰ ਵੀ ਕਰ ਰਹੇ ਹਨ ਅਤੇ ਊਚ-ਨੀਚ ਤੋਂ ਵੀ ਬਚਾਅ ਰਹੇ ਹਨ। ਪਰ ਸਿੱਖਾਂ ਲਈ ਮੁਢਲੀ ਲੋੜ ਤਾਂ ਆਪਣਾ ਘਰ ਸੰਵਾਰਨ ਦੀ ਹੈ, ਜਿਸ ਵਿਚ ‘ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ’ ਦੇ ਸਿਧਾਂਤ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਸਿੱਖਾਂ ਦਾ ਫਿਰ ਤੋਂ ਸਿੱਖ ਸੰਸਥਾਵਾਂ ਵਿਚ ਵਿਸ਼ਵਾਸ ਬਹਾਲ ਕਰਨਾ ਸਭ ਤੋਂ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਹੀ ਗ਼ੈਰ ਸਿੱਖਾਂ ਦੀ ਮੁਸੀਬਤ ਵੇਲੇ ਮਦਦ ਕਰਨ ਦੇ ਸਿਖ ਸਭਿਆਚਾਰ ਨੂੰ ਜਾਰੀ ਰੱਖਣ ਦੇ ਨਾਲ-ਨਾਲ ਗ਼ਰੀਬ ਤੇ ਲੋੜਵੰਦ ਸਿੱਖਾਂ ਦੀ ਮਦਦ ਕਰਨ ਨੂੰ ਵੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਸਰਦੇ ਪੁੱਜਦੇ ਸਿੱਖਾਂ ਵਿਚ ਇਹ ਪ੍ਰਚਾਰ ਕੀਤਾ ਜਾਵੇ ਕਿ ਉਹ ਆਪਣੇ ਦਸਵੰਧ ਨਾਲ ਆਪਣੇ ਆਸ-ਪਾਸ ਰਹਿੰਦੇ ਜਾਂ ਆਪਣੇ ਗ਼ਰੀਬ ਸਿੱਖ ਰਿਸ਼ਤੇਦਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਰੁਜ਼ਗਾਰ ਕਮਾਉਣ ਵਿਚ ਮਦਦ ਕਰਨ। ਸਿੱਖ ਅਦਾਰਿਆਂ ਵਿਚ ਸਾਬਤ ਸੂਰਤ ਸਿੱਖ (ਸਿਰਫ ਅੰਮ੍ਰਿਤਧਾਰੀ ਨਹੀਂ) ਨੂੰ ਨੌਕਰੀਆਂ ਵਿਚ ਪਹਿਲ ਦੇਣ ਦੀ ਵੀ ਲੋੜ ਹੈ ਅਤੇ ਸਭ ਤੋਂ ਜ਼ਰੂਰੀ ਹੈ ਕਿ ਸਾਡੇ ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਸੁਧਾਰੀ ਜਾਵੇ ਤੇ ਗਿਣਤੀ ਵੀ ਵਧਾਈ ਜਾਵੇ, ਜਿਥੇ ਸਿੱਖ ਸਿਧਾਂਤ, ਇਤਿਹਾਸ ਤੇ ਹੋਰ ਕਿਤਾਬਚੇ ਮੁਫ਼ਤ ਵੰਡੇ ਜਾਣ ਅਤੇ ਅੱਜ ਦੇ ਯੁੱਗ ਦੇ ਹਾਣ ਦੇ ਪ੍ਰਚਾਰ ਮਾਧਿਅਮਾਂ ਰਾਹੀਂ ਪ੍ਰਚਾਰ ਵੀ ਕੀਤੇ ਜਾਣ। ਸਿੱਖਾਂ ਵਿਚ ਉਪਜ ਚੁੱਕੀ ਊਚ-ਨੀਚ ਦੀ ਭਾਵਨਾ ਦਾ ਖ਼ਾਤਮਾ ਕਰਨ ਲਈ ਸਾਰਥਕ ਯਤਨ ਕੀਤੇ ਜਾਣ।
ਚਰਚ ਭੰਨ ਤੋੜ ਮਾਮਲੇ ਨੂੰ ਲੈ ਕੇ ਰੋਸ ਵਜੋਂ ਕੈਂਡਲ ਮਾਰਚ
ਪੱਟੀ ਚਰਚ ‘ਵਿਚ ਪਿੰਡ ਠੱਕਰਪੁਰ ਵਿਖੇ ਹੋਈ ਭੰਨ ਤੋੜ ਦੇ ਰੋਸ ਵਜੋਂ  ਮਜੀਠਾ ‘ਵਿਚ ਅਵਰ ਲੇਡੀ ਆਫ਼ ਗ੍ਰੇਸ ਚਰਚ ਤੋਂ ਈਸਾਈ ਭਾਈਚਾਰੇ ਵੱਲੋਂ ਮੋਮਬਤੀ ਰੋਸ ਮਾਰਚ ਕੱਢਿਆ ਗਿਆ।
ਇਸ ਦੌਰਾਨ ਚਰਚ ਦੇ ਇੰਚਾਰਜ ਫਾਦਰ ਫੈਲਿਕਸ ਸ਼ੇਰਗਿੱਲ ਤੇ ਹਲਕਾ ਮਜੀਠਾ ਦੇ ਸੁਪਾਰੀ ਵਿੰਡ ਤੋਂ ਸਾਬਕਾ ਚੇਅਰਮੈਨ ਕ੍ਰਿਸਚਨ ਵੈਲਫੇਅਰ ਬੋਰਡ ਅਮਨ ਗਿੱਲ ਨੇ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ।ਉਹਨਾਂ ਨੇ ਕਿਹਾ ਕਿ ਪ੍ਰਭੂ ਸਾਡੇ ਪੰਜਾਬ ‘ਵਿਚ ਭਾਈਚਾਰਕ ਸਾਂਝ ਬਣਾ ਕੇ ਰੱਖੇ।”
ਤਰਨ ਤਾਰਨ ਜ਼ਿਲ੍ਹੇ ਦੀ ਇਕ ਚਰਚ ਵਿੱਚ ਹੋਈ ਭੰਨ੍ਹ-ਤੋੜ ਦੇ ਰੋਸ ਵਜੋਂ  ਈਸਾਈ ਭਾਈਚਾਰੇ ਵੱਲੋਂ ਅਲਬਰਟ ਦੁਆ ਦੀ ਅਗਵਾਈ ਹੇਠ  ਲੁਧਿਆਣਾ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਜਲੰਧਰ ਬਾਈਪਾਸ ਤੋਂ ਸ਼ੁਰੂ ਹੋ ਕੇ ਜਗਰਾਉਂ ਪੁਲ ਤੱਕ ਕੱਢਿਆ ਗਿਆ।ਅਲਬਰਟ ਦੂਆ ਨੇ ਕਿਹਾ ਕਿ ਮਸੀਹ ਭਾਈਚਾਰੇ ਦੇ ਲੋਕਾਂ ਦੀ ਮੰਗ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਜਾਵੇ ਤੇ ਭਾਈਚਾਰੇ ਦੇ ਜਿਨ੍ਹਾਂ ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।ਇਸ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਕਰਪੁਰਾ ਵਿੱਚ ਇੱਕ ਚਰਚ ‘ਵਿਚ ਹੋਈ ਭੰਨਤੋੜ ਦੇ ਮਾਮਲੇ ਨੂੰ ਲੈ ਕੇ ਈਸਾਈਆਂ ਨੂੰ ਸੁਰੱਖਿਆ ਦੇਣ ਲਈ ਪੰਜਾਬ-ਹਰਿਆਣਾ ਹਾਈਕੋਰਟ ‘ਵਿਚ ਪਟੀਸ਼ਨ ਦਾਇਰ ਕੀਤੀ ਗਈ ।
ਪੁਲਿਸ ਨੇ ਐਲਾਨਿਆ ਇੱਕ ਲੱਖ ਦਾ ਇਨਾਮ  
ਪੁਲਿਸ ਦੀ ਤਰਫੋਂ ਕਿਹਾ ਗਿਆ ਹੈ ਕਿ ਚਰਚ ਬਾਰੇ ਘਟਨਾ ਨਾਲ ਸਬੰਧਤ ਕੋਈ ਵੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਗਿਰਜਾਘਰ (ਚਰਚ) ਵਿੱਚ ਬੇਅਦਬੀ ਅਤੇ ਅੱਗ ਲੱਗਣ ਦੀ ਘਟਨਾ ਦੀ ਪ੍ਰਭਾਵੀ ਅਤੇ ਤੇਜੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ।ਇੰਸਪੈਕਟਰ ਜਨਰਲ ਪੁਲਿਸ ਫਿਰੋਜਪੁਰ ਰੇਂਜ ਦੀ ਅਗਵਾਈ  ਵਾਲੀ ਐਸ.ਆਈ.ਟੀ. ਵਿੱਚ  ਐਸ.ਐਸ.ਪੀ. ਤਰਨਤਾਰਨ ਅਤੇ ਐਸ.ਪੀ ਇਨਵੈਸਟੀਗੇਸ਼ਨ ਤਰਨਤਾਰਨ ਵੀ ਦੋ ਮੈਂਬਰਾਂ ਵਜੋਂ ਸ਼ਾਮਲ ਹਨ।
ਸਿੱਖ ਤੇ ਈਸਾਈ ਭਾਈਚਾਰੇ ’ਚ ਮਾਹੌਲ ਸੁਖਾਵਾਂ ਬਣਾਉਣ ਦੇ ਯਤਨ ਜਾਰੀ: ਲਾਲਪੁਰਾ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਥੇ ਕਿਹਾ ਕਿ ਕਮਿਸ਼ਨ ਵੱਲੋਂ ਸਿੱਖ ਤੇ ਈਸਾਈ ਭਾਈਚਾਰੇ ਵਿਚਾਲੇ ਧਰਮ ਪਰਿਵਰਤਨ ਦੇ ਮਾਮਲੇ ਸਬੰਧੀ ਚੱਲ ਰਹੀ ਖਿੱਚੋਤਾਣ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ ਤੇ ਛੇਤੀ ਹੀ ਇਸ ਸਬੰਧੀ ਅਗਲੀ ਮੀਟਿੰਗ ਸੱਦੀ ਜਾਵੇਗੀ।  ਲਾਲਪੁਰਾ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਸਿੱਖ ਤੇ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਦਫ਼ਤਰ ਸੱਦ ਕੇ ਉਨ੍ਹਾਂ ਦੀ ਮੀਟਿੰਗ ਕਰਵਾਈ ਗਈ ਸੀ, ਜਿਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਮਾਹੌਲ ਕਾਫ਼ੀ ਸਦਭਾਵਨਾ ਵਾਲਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਅਗਾਂਹ ਹੋਰ ਵਿਚਾਰਨ ਅਤੇ ਮਸਲੇ ਦਾ ਹੱਲ ਲੱਭਣ ਲਈ ਅਗਲੀ ਮੀਟਿੰਗ ਸੱਦੀ ਜਾਵੇਗੀ।

Comment here