ਸਿਆਸਤਖਬਰਾਂ

ਸਿੱਖਾਂ ਤੇ ਕਮਿਊਨਿਸਟਾਂ ਦੇ ਮੇਲ-ਜੋਲ ਨਾਲ ਪੰਜਾਬ ਹੋਵੇਗਾ ਮਜ਼ਬੂਤ : ਦਰਸ਼ਨ ਪਾਲ

ਚੰਡੀਗੜ੍ਹ : ਕੇਂਦਰੀ ਸਿੰਘ ਸਭਾ ਵੱਲੋਂ ਇੱਕ ਸੇਮੀਨਾਰ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਪੱਖ ਰੱਖੇ ਅਤੇ ਕਿਹਾ ਕਿ ਸਿੱਖ ਅਤੇ ਕਮਿਊਨਿਸਟ ਧਿਰਾਂ ਦੇ ਆਪਸੀ ਮੇਲ-ਮਿਲਾਪ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਗੱਲ ਆਖੀ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਡਾ. ਦਰਸ਼ਨ ਪਾਲ ਨੇ ਕਿਹਾ ਜਦੋਂ ਦਿੱਲੀ ਵੱਲ ਕਿਸਾਨ ਜਥੇਬੰਦੀਆਂ ਨੇ 26 ਨਵੰਬਰ 2020 ਨੂੰ ਮਾਰਚ ਅੰਦਰ ਪੰਜਾਬੀ/ਸਿੱਖ ਨੌਜਵਾਨਾਂ ਨੇ ਬਾਗੀ ਹੋ ਕੇ ਪੁਲਿਸ ਦੇ ਨਾਕੇ ਹਰਿਆਣਾ ਅਤੇ ਰਾਜਸਥਾਨ ਵੱਲੋਂ ਤੋੜੇ ਅਤੇ ਕਿਸਾਨ ਲੀਡਰਾਂ ਨੂੰ ਦਿੱਲੀ ਦੇ ਬਾਰਡਰਾਂ ਉੱਤੇ ਪਹੁੰਚਣ ਲਈ ਮਜਬੂਰ ਕੀਤਾ। ਹਰਿੰਦਰ ਸਿੰਘ ਜੋ ਕਿ ਅਮਰੀਕਾ ਤੋਂ ਆਏ ਹਨ, ਨੇ ਕਿਹਾ ਕਿ ਦੋਨਾਂ ਧਿਰਾਂ ਦਰਮਿਆਨ ਵਧੇ ਪਾੜੇ ਨੂੰ ਖਤਮ ਕਰਨ ਲਈ ਸਿੱਖ ਸਿਧਾਂਤ ਅਨੁਸਾਰ ਪੁਰਾਣੀਆਂ ਆਪਸੀ ਦੁਸ਼ਮਣੀਆਂ ਅਤੇ ਗੁੱਸੇ-ਗਿਲੇ ਉੱਤੇ ਮਿੱਟੀ ਪਾ ਕੇ ਹੀ ਸਿੱਖਾਂ ਅਤੇ ਕਮਿਊਨਿਸਟਾਂ ਦੇ ਆਪਸੀ ਵਿਰੋਧ ਕਰਕੇ ਹੀ ਪੰਜਾਬ ਦੀ ਤਬਾਹੀ ਹੋਈ ਹੈ ਅਤੇ ਸਾਨੂੰ ਆਸਤਕ-ਨਾਸਤਕ ਦੇ ਵਾਧੂ ਝਗੜੇ-ਝੇੜਿਆਂ ਵਿਚ ਨਹੀਂ ਪੈਣਾ ਚਾਹੀਦਾ।ਇਸਦੇ ਨਾਲ ਹੀ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਸਿੱਖਾਂ ਅਤੇ ਖੱਬੇ ਪੱਖੀਆਂ ਦੇ ਆਪਸੀ ਸਰੋਕਾਰ ਜਿਵੇਂ ਬਰਾਬਰੀ ਅਤੇ ਜਾਤ-ਪਾਤ ਮੁਕਤ ਸਮਾਜ ਦੀ ਕਾਫੀ ਦੂਰ ਤਕ ਸਾਂਝੇ ਹਨ ਅਤੇ ਗਦਰੀ ਬਾਬਿਆਂ ਨੇ ਸਿੱਖ ਪਹਿਚਾਣ ਨੂੰ ਕਾਇਮ ਰੱਖਦਿਆਂ ਇਨ੍ਹਾਂ ਸਾਂਝੇ ਸਰੋਕਾਰਾਂ ਲਈ ਵੱਡੀ ਕੁਰਬਾਨੀ ਦਿੱਤੀ ਹੈ। ਡਾ. ਸਵਰਾਜ ਸਿੰਘ ਨੇ ਕਿਹਾ ਜਿਥੇ ਖੱਬੇ ਪੱਖੀ ਕਾਰਕੁੰਨਾਂ ਨੇ ਪੰਜਾਬੀ ਸਭਿਆਚਾਰ ਨੂੰ ਤਿਆਗ ਕੇ ਗਲੀ-ਸੜੀ ਪੱਛਮੀ ਸਭਿਆਤਾ ਨੂੰ ਅਪਣਾ ਲਿਆ, ਉੱਥੇ ਪੰਜਾਬ ਦੇ ਸਿੱਖ ਵੀ ਹਰੇ ਇਨਕਲਾਬ ਰਾਹੀ “ਉਜੱਡਵਾਦ” ਦੇ ਧੱਕੇ ਚੜ੍ਹੇ ਬੌਧਿਕ ਅਤੇ ਨੈਤਿਕ ਕੰਗਾਲੀ ਦੇ ਸ਼ਿਕਾਰ ਹੋ ਗਏ।ਗਦਰੀ ਯੋਧੇ ਭਾਈ ਸੰਤੋਖ ਸਿੰਘ ਨੇ ਖੱਬੇ ਪੱਖੀ ਕਿਰਤੀ ਕਿਸਾਨ ਪਾਰਟੀ ਬਣਾਈ ਜਿਸ ਨੂੰ ਆਫਿਸ ਲਈ ਸਿੱਖ ਮਿਸ਼ਨਰੀ ਕਾਲਜ ਵਿੱਚ ਸਿੱਖ ਲੀਡਰਾਂ ਨੇ ਥਾਂ ਦਿੱਤੀ ਅਤੇ ਪਹਿਲੀ ਵਾਰ ਪੰਜਾਬ ਵਿੱਚ ਲਾਲ ਝੰਡਾ ਉਸੇ ਕਾਲਜ ਉੱਤੇ ਲਹਿਰਾਇਆ ਗਿਆ। ਖੱਬੇ ਪੱਖੀ ਕਿਰਤੀ ਕਿਸਾਨ ਪਾਰਟੀ ਨਾਲ ਜੁੜੇ ਗਦਰੀ ਬਾਬਾ ਵਿਸਾਖਾ ਸਿੰਘ, ਭਾਈ ਅਛਰ ਸਿੰਘ ਲੰਬਾ ਸਮਾਂ ਅਕਾਲ ਤਖਤ ਦੇ ਜਥੇਦਾਰ ਰਹੇ ਪਰ 1947 ਦੀ ਵੰਡ ਵੇਲੇ ਪੰਜਾਬ ਵਿੱਚ ਉੱਠੀ ਖੂਨੀ ਫਿਰਕੂ ਹਨੇਰੀ ਵੇਲੇ ਕਮਿਊਨਿਸਟਾਂ ਅਤੇ ਸਿੱਖ ਲੀਡਰਾਂ ਵਿਚ ਵੰਡੀਆਂ ਪੈ ਗਈਆ। ਇਹ ਵਧਦਾ ਪਾੜਾ 1980ਵੇਂ ਵਿੱਚ ਆਪਸੀ ਮਾਰ ਮਰਾਈ ਤੱਕ ਪਹੁੰਚ ਗਿਆ। ਕੁਝ ਸੁਚੇਤ ਕਮਿਊਨਿਸਟ ਧਿਰਾਂ ਨੂੰ ਛੱਡ ਕੇ ਬਾਕੀ ਕਾਮਰੇਡ ਪੰਜਾਬ ਵਿਚ ਸਰਕਾਰ ਦੀ ਦਮਨਕਾਰੀ ਮਹਿੰਮ ਦੇ ਹਿੱਸੇਦਾਰ ਬਣ ਕੇ ਸਟੇਟ ਦੇ ਦਹਿਸ਼ਤਵਾਦ ਸਿਆਸਤ ਦੇ ਸੰਦ ਹੋ ਨਿਬੜੇ।ਸੈਮੀਨਾਰ ਨੂੰ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਨੇ ਵੀ ਸੰਬੋਧਨ ਕੀਤਾ।

Comment here