ਅਪਰਾਧਸਿਆਸਤਖਬਰਾਂਦੁਨੀਆ

ਸਿੱਖਸ ਫਾਰ ਜਸਟਿਸ ਨੇ ਭਾਰਤ ਖ਼ਿਲਾਫ਼ ਇਮਰਾਨ ਨੂੰ ਸਮਰਥਨ ਲਈ ਉਕਸਾਇਆ

ਨਵੀਂ ਦਿੱਲੀ-ਭਾਰਤ ਵਿਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦਾ ਕਰਤਾ-ਧਰਤਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਹੁਣ ਉਸ ਨੇ ਭਾਰਤ ਦੇ ਖ਼ਿਲਾਫ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੱਤਰ ਲਿਖ ਕੇ ਕੌਮਾਂਤਰੀ ਮੰਚ ’ਤੇ ਖ਼ਾਲਿਸਤਾਨ ਦਾ ਸਮਰਥਨ ਕਰਨ ਦੀ ਗੁਹਾਰ ਲਗਾਈ ਹੈ। ਇਸ ਪੱਤਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਪੰਨੂ ਨੇ ਇਮਰਾਨ ਖਾਨ ਨੂੰ ਕਸ਼ਮੀਰ ਦਾ ਰਾਜਦੂਤ ਦੱਸਦੇ ਹੋਏ ਕਿਹਾ ਹੈ ਕਿ ਉਹ ਜਿਸ ਤਰ੍ਹਾਂ ਕਸ਼ਮੀਰ ਦੇ ਲੋਕਾਂ ਦੇ ਹਿਮਾਇਤੀ ਹਨ, ਸਾਡੇ ਲਈ ਵੀ ਉਂਝ ਹੀ ਕੌਮਾਂਤਰੀ ਪੱਧਰ ’ਤੇ ਖ਼ਾਲਿਸਤਾਨ ਹਾਸਲ ਕਰਵਾਉਣ ਵਿਚ ਸਾਡੀ ਮਦਦ ਕਰਨ।
ਸੰਗਠਨ ਨੂੰ ਦੱਸਿਆ ਮਨੁੱਖੀ ਅਧਿਕਾਰ ਦਾ ਰੱਖਿਅਕ
ਅੱਤਵਾਦੀ ਪੰਨੂ ਨੇ ਦਾਅਵਾ ਕੀਤਾ ਹੈ ਕਿ ਸਿੱਖ ਫਾਰ ਜਸਟਿਸ ਮਨੁੱਖੀ ਅਧਿਕਾਰ ਦੀ ਵਕਾਲਤ ਦਾ ਇਕ ਸਮੂਹ ਹੈ, ਜੋ ਕੌਮਾਂਤਰੀ ਚਾਰਟਰ, ਮਨੁੱਖੀ ਅਧਿਕਾਰਾਂ ਦਾ ਯੂਨੀਵਰਸਲ ਐਲਾਨ ਅਤੇ ਨਾਗਰਿਕ ਅਤੇ ਸਿਆਸੀ ਅਧਿਕਾਰਾਂ ’ਤੇ ਕੌਮਾਂਤਰੀ ਸਮਝੌਤੇ (ਆਈ. ਸੀ. ਸੀ. ਪੀ. ਆਰ.) ਵਿਚ ਭਰੋਸਾ ਕਰਦਾ ਹੈ ਅਤੇ ਉਸਦੀ ਪਾਲਣਾ ਕਰਦਾ ਹੈ। ਪੱਤਰ ਵਿਚ ਇਮਰਾਨ ਖਾਨ ਨੂੰ ਸੰਬੋਧਨ ਕਰਦੇ ਹੋਏ ਪੰਨੂ ਨੇ ਪੁੱਛਿਆ ਹੈ ਕਿ ਕੀ ਭਾਰਤ ਸ਼ਾਸਤ ਪੰਜਾਬ ਇਕ ਆਜ਼ਾਦ ਦੇਸ਼ ਨਹੀਂ ਹੋਣਾ ਚਾਹੀਦਾ ਹੈ? ਪੰਨੂ ਨੇ ਪੱਤਰ ਵਿਚ ਦਾਅਵਾ ਕੀਤਾ ਹੈ ਕਿ ਐੱਸ. ਐੱਫ. ਜੇ. ਪਹਿਲੀ ਵਾਰ ਗਲੋਬਲ ਗੈਰ-ਸਰਕਾਰੀ ਖ਼ਾਲਿਸਤਾਨ ਜਨਮਤ ਸੰਗ੍ਰਹਿ ਆਯੋਜਿਤ ਕਰ ਰਿਹਾ ਹੈ।
ਜਨਮਤ ਸੰਗ੍ਰਹਿ ਦਾ ਦਾਅਵਾ
ਹਾਲ ਹੀ ਵਿਚ 10 ਦਸੰਬਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ’ਤੇ ਖ਼ਾਲਿਸਤਾਨ ਜਨਮਤ ਸੰਗ੍ਰਹਿ ਲਈ ਵੋਟਿੰਗ ਸਟਿਵਜ਼ਰਲੈਂਜਡ ਦੇ ਜਨੇਵਾ ਵਿਚ ਹੋਈ ਸੀ, ਜਿਸ ਵਿਚ 6000 ਤੋਂ ਜ਼ਿਆਦਾ ਸਿੱਖਾਂ ਨੇ ਭਾਗ ਲਿਆ ਅਤੇ ਭਾਰਤੀ ਕਬਜ਼ੇ ਤੋਂ ਪੰਜਾਬ ਦੀ ਆਜ਼ਾਦੀ ਲਈ ਵੋਟਿੰਗ ਕੀਤੀ। ਪੱਤਰ ਵਿਚ ਕਿਹਾ ਗਿਆ ਹੈ ਕਿ ਅਸੀਂ ਪਾਕਿਸਤਾਨ ਦੀ ਸਰਕਾਰ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਰਤੀ ਕਬਜ਼ੇ ਨਾਲ ਪੰਜਾਬ ਦੀ ਮੁਕਤੀ ਦੇ ਸਵਾਲ ’ਤੇ ਸਿੱਖ ਲੋਕਾਂ ਦੇ ਜਨਮਤ ਸੰਗ੍ਰਹਿ ਦੇ ਅਧਿਕਾਰ ਲਈ ਉਹ ਕੌਮਾਂਤਰੀ ਮੰਚਾਂ ’ਤੇ ਸਮਰਥਨ ਦੇਣ।
ਬ੍ਰਿਟਿਸ਼ ਰਾਜਨੇਤਾ ਬੋਲੇ-ਜਨਮਤ ਮਾਇਨੇ ਨਹੀਂ ਰੱਖਦਾ
ਪ੍ਰਮੁੱਖ ਬ੍ਰਿਟਿਸ਼ ਭਾਰਤੀ ਰਾਜਨੇਤਾ ਅਤੇ ਸੱਤਾਧਿਰ ਟੋਰੀ ਪਾਰਟੀ ਦੇ ਨੇਤਾ ਅਤੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਲਾਰਡ ਰਾਮੀ ਰੇਂਜਰ ਪੰਨੂ ਦੀਆਂ ਇਨ੍ਹਾਂ ਗੱਲਾਂ ਨੂੰ ਸਿਰੇ ਤੋਂ ਨਕਾਰ ਚੁੱਕੇ ਹਨ। ਉਨ੍ਹਾਂ ਨੇ ਪੰਨੂ ’ਤੇ ਵਿਦੇਸ਼ਾਂ ਵਿਚ ਗੁਰਦੁਆਰਿਆਂ ਵਿਚ ਅਰਬਾਂ ਦੀ ਜਾਇਦਾਦ ਨੂੰ ਹੜੱਪਣ ਦੀ ਸਾਜਿਸ਼ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਵੀ ਯਕੀਨੀ ਨਹੀਂ ਹੈ ਕਿ ਹਜ਼ਾਰਾਂ ਲੋਕਾਂ ਨੇ ਵੋਟਿੰਗ ਕੀਤੀ। ਉਹ 3000 ਜਾਂ 3,00,000 ਕਹਿ ਸਕਦੇ ਹਨ ਪਰ ਭਾਰਤ ਜਾਂ ਬ੍ਰਿਟੇਨ ਜਾਂ ਸਿੱਖਾਂ ਲਈ ਇਸ ਦਾ ਕੋਈ ਮੁੱਲ ਨਹੀਂ ਹੈ। ਉਹ ਸਿਰਫ਼ ਲੋਕਾਂ ਨੂੰ ਆਪਣੀ ਦੁਕਾਨ ਚਲਾਉਣ ਲਈ ਉਸਕਾਉਣਾ ਚਾਹੁੰਦੇ ਹਨ। ਰੇਂਜਰ ਕਹਿੰਦੇ ਹਨ ਕਿ ਕੋਈ ਸ਼ਕਤੀਸ਼ਾਲੀ ਏਜੰਸੀ ਇਸ ਪੈਸੇ ਦਾ ਭੁਗਤਾਨ ਕਰ ਰਹੀ ਹੋਵੇਗੀ। ਪੰਨੂ ਬਹੁਤ ਗਰੀਬ ਸੀ ਪਰ ਹੁਣ ਉਸ ਨੇ ਉਥੇ 10 ਲੱਖ ਪੌਂਡ ਵਿਚ ਇਕ ਘਰ ਖ਼ਰੀਦ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨਾਂ ’ਤੇ ਕੁਝ ਵੀ ਨਹੀਂ ਸੀ। ਉਹ ਪਹਿਲਾਂ ਗਰੀਬ ਸੀ।

Comment here