ਕਾਲ ਰਾਹੀਂ ਦਿੱਤੀ ਧਮਕੀ, ਜਾਂਚ ਸ਼ੁਰੂ
ਨਵੀਂ ਦਿੱਲੀ-ਖਾਲਿਸਤਾਨ ਸਮਰਥਕ ਜਥੇਬੰਦੀ ਸਿੱਖਸ ਫਾਰ ਜਸਟਿਸ ਇੱਕ ਵਾਰ ਫੇਰ ਚਰਚਾ ਵਿੱਚ ਹੈ, ਦੋਸ਼ ਲੱਗ ਰਹੇ ਹਨ ਕਿ ਇਸ ਸੰਗਠਨ ਨੇ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਕਥਿਤ ਤੌਰ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਦਰਜਨ ਦੇ ਕਰੀਬ ਵਕੀਲਾਂ ਨੇ ਧਮਕੀ ਭਰੀਆਂ ਕਾਲਾਂ ਆਉਣ ਦਾ ਦਾਅਵਾ ਕੀਤਾ ਹੈ। ਵਕੀਲਾਂ ਦੀ ਤਰਫੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਕਾਲਾਂ ਇੰਗਲੈਂਡ ਵਿੱਚ ਸਿੱਖਸ ਫਾਰ ਜਸਟਿਸ ਦੇ ਨੰਬਰ ਤੋਂ ਆਈਆਂ ਹਨ। ਇਹ ਸਾਰੀਆਂ ਸਵੈ-ਚਲਿਤ ਫ਼ੋਨ ਕਾਲਾਂ ਹਨ। ਕਾਲ ਰਾਹੀਂ ਕਿਹਾ ਗਿਆ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਵਿਰੁੱਧ ਦਰਜ ਕੇਸਾਂ ਵਿੱਚ ਸੁਪਰੀਮ ਕੋਰਟ ਵਿੱਚ ਪੀਐਮ ਮੋਦੀ ਦੀ ਮਦਦ ਨਾ ਕਰਨ। ਕਰੀਬ ਇੱਕ ਦਰਜਨ ਵਕੀਲਾਂ ਨੇ ਧਮਕੀ ਭਰੀ ਕਲਿੱਪ ਮਿਲਣ ਦਾ ਦਾਅਵਾ ਕੀਤਾ ਹੈ। ਸੁਪਰੀਮ ਕੋਰਟ ਦੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੂੰ ਵੀ ਇਹ ਧਮਕੀ ਭਰੇ ਫੋਨ ਆਏ ਹਨ। ਫਿਲਹਾਲ ਇਨ੍ਹਾਂ ਕਾਲ ਰਿਕਾਰਡਿੰਗਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸੰਗਠਨ ਨੇ 5 ਜਨਵਰੀ ਨੂੰ ਪੰਜਾਬ ‘ਚ ਪੀਐੱਮ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੀ ਜ਼ਿੰਮੇਵਾਰੀ ਵੀ ਲਈ ਹੈ। ਕਾਲ ਵਿੱਚ ਕਿਹਾ ਗਿਆ ਹੈ ਕਿ ਉਹ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਵਿੱਚ ਹਿੱਸਾ ਨਾ ਲੈਣ। ਉਨ੍ਹਾਂ ਦਾ ਤਰਕ ਹੈ ਕਿ 1984 ਦੇ ਸਿੱਖ ਦੰਗਿਆਂ ਅਤੇ ਨਸਲਕੁਸ਼ੀ ਦੇ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਇਸ ਲਈ ਇਸ ਮਾਮਲੇ ਦੀ ਸੁਣਵਾਈ ਨਹੀਂ ਹੋਣੀ ਚਾਹੀਦੀ।
Comment here