ਅਪਰਾਧਖਬਰਾਂਦੁਨੀਆ

ਸਿੱਖਸ ਫਾਰ ਜਸਟਿਸ ਦੀ ਹੁਣ ਹਿਮਾਚਲ ਦੇ ਮੁੱਖ ਮੰਤਰੀ ਨੂੰ ਧਮਕੀ

ਸ਼ਿਮਲਾ-ਪਾਬੰਦੀਸ਼ੁਦਾ ਖ਼ਾਲਿਸਤਾਨ ਹਮਾਇਤੀ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਭਾਰਤ ਚ ਧਮਕੀਆਂ ਦੇਣ ਦੀ ਮੁਹਿਮ ਜਾਰੀ ਰੱਖੀ ਹੋਈ ਹੈ। ਕਿਸਾਨ ਅੰਦੋਲਨ ਦਾ ਖੁਦ ਨੂੰ ਹਮਾਇਤੀ ਗਰਦਾਨਦਿਆਂ ਦਿੱਲੀ ਚ ਲਾਲ ਕਿਲੇ ਤੇ ਕੋਈ ਸਮਾਗਮ ਨਾ ਹੋਣ ਦੇਣ ਦੀ ਧਮਕੀ ਤੋਂ ਬਾਅਦ ਇਸ ਜਥੇਬੰਦੀ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਬੇ ’ਚ ਰਾਸ਼ਟਰੀ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਇਹ ਧਮਕੀ ਸ਼ੁੱਕਰਵਾਰ ਸਵੇਰੇ 10.54 ਵਜੇ ਸਥਾਨਕ ਪੱਤਰਕਾਰਾਂ ਨੂੰ ਰਿਕਾਰਡ ਕੀਤੀ ਫੋਨ ਕਾਲ ਜ਼ਰੀਏ ਇਕੋ ਸਮੇਂ ’ਤੇ ਭੇਜੀ ਗਈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਗੁਰਪਤਵੰਤ ਸਿੰਘ ਪੰਨੂ ਦੱਸਿਆ। ਉਸ ਨੇ ਕਿਹਾ, ‘ਅਸੀਂ ਜੈਰਾਮ ਠਾਕੁਰ ਨੂੰ ਭਾਰਤੀ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ। ਇਹ ਫ਼ੈਸਲਾ ਵਾਸ਼ਿੰਗਟਨ ਡੀਸੀ ’ਚ ਸਿਖਸ ਫਾਰ ਜਸਟਿਸ ਦੀ ਜਨਰਲ ਕੌਂਸਲ ਵਲੋਂ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸ ਨੇ ਫਿਰ ਅੰਗਰੇਜ਼ੀ ’ਚ ਕਿਹਾ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਾ ਹਿੱਸਾ ਹੈ ਤੇ ਅਸੀਂ ਪੰਜਾਬ ’ਚ ਰੈਫਰੈਂਡਮ ਕਰਵਾ ਰਹੇ ਹਾਂ। ਇਕ ਵਾਰੀ ਪਹਿਲਾਂ ਅਸੀਂ ਪੰਜਾਬ ਨੂੰ ਆਜ਼ਾਦ ਕਰਵਾ ਲਈਏ, ਉਸ ਮਗਰੋਂ ਅਸੀਂ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਇਲਾਕਿਆਂ ’ਤੇ ਕਬਜ਼ਾ ਕਰਾਂਗੇ ਜਿਹੜੇ ਪੰਜਾਬ ਦਾ ਹਿੱਸਾ ਸਨ। ਪੰਨੂ ਨੇ ਕਿਸਾਨਾਂ ਅਤੇ ਖ਼ਾਲਿਸਤਾਨੀ ਹਮਾਇਤੀ ਸਿੱਖਾਂ ਨੂੰ ਵੀ ਕਿਹਾ ਕਿ ਉਹ ਜੈਰਾਮ ਠਾਕੁਰ ਨੂੰ ਤਿਰੰਗਾ ਨਾ ਲਹਿਰਾਉਣ ਦੇਣ। ਸੂਬੇ ਦੇ ਕੁਝ ਆਮ ਲੋਕਾਂ ਨੇ ਵੀ ਕਿਹਾ ਕਿ ਅਜਿਹੀ ਕਾਲ ਉਨ੍ਹਾਂ ਨੂੰ ਵੀ ਆਈ ਹੈ। ਸੁਰੱਖਿਆ ਤੰਤਰ ਇਸ ਮਗਰੋੰ ਐਲਰਟ ਹੋ ਗਿਆ ਹੈ, ਕਾਲ ਦੀ ਜਾਂਚ ਕੀਤੀ ਜਾ ਰਹੀ ਹੈ।ਯਾਦ ਰਹੇ ਪੰਨੂ ਪਹਿਲਾਂ ਵੀ ਆਪਣੇ ਵਿਗੜੇ ਬੋਲਾਂ ਨਾਲ ਮੁਲਕ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਅਸਫਲ ਕੋਸ਼ਿਸ਼ ਕਰਦਾ ਰਿਹਾ ਹੈ।

Comment here