ਨਵੀਂ ਦਿੱਲੀ-ਦਿੱਲੀ ਦੇ ਐਨ.ਡੀ.ਐਮ.ਸੀ. ਕਨਵੈਨਸ਼ਨ ਸੈਂਟਰ ਵਿਖੇ ਇਕ ਪ੍ਰੋਗਰਾਮ ਦੌਰਾਨ ਡਾ. ਪ੍ਰਭਲੀਨ ਸਿੰਘ ਵਲੋਂ ਲਿਖੀ ਗਈ ‘ਸਿੱਖਸ ਐਂਡ ਮੋਦੀ: ਏ ਜਰਨੀ ਆਫ਼ 9 ਯੀਅਰਜ਼’ ਪੁਸਤਕ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਵਲੋਂ ਜਾਰੀ ਕੀਤੀ ਗਈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਉਪਰਾਲੇ ਸਦਕਾ ਕਰਾਏ ਇਸ ਸਮਾਗਮ ਵਿਚ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਸਮੇਤ ਹੋਰਨਾਂ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਜੇ.ਪੀ. ਨੱਢਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਕੌਮ ਵਲੋਂ ਦੇਸ਼ ਵਾਸਤੇ ਕੀਤੀਆਂ ਕੁਰਬਾਨੀਆਂ ਦੀ ਜਾਣਕਾਰੀ ਦੁਨੀਆ ਤੱਕ ਪਹੁੰਚਾਉਣ ਦੇ ਵੱਡੇ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਤੋਂ ਸਾਨੂੰ ਪ੍ਰੇਰਨਾ ਮਿਲੀ ਕਿ ਕਿਵੇਂ ਸਮਾਜ ਨੂੰ ਇਕੱਠਾ ਰੱਖਣਾ ਹੈ।
ਨੱਢਾ ਨੇ ਮੋਦੀ ਸਰਕਾਰ ਵਲੋਂ ਸਿੱਖਾਂ ਲਈ ਕੀਤੇ ਗਏ ਕਾਰਜਾਂ ਬਾਰੇ ਦਸਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ, ਸਾਹਿਬਜ਼ਾਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ ਪ੍ਰੋਗਰਾਮ, ਸੀ.ਏ.ਏ. ਕਾਨੂੰਨ ਰਾਹੀਂ ਦੂਜੇ ਮੁਲਕਾਂ ਤੋਂ ਸਿੱਖਾਂ ਦੀ ਭਾਰਤ ਵਾਪਸੀ ਤੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਸਮੇਤ ਹੋਰਨਾਂ ਮਾਮਲਿਆਂ ਦਾ ਜ਼ਿਕਰ ਵੀ ਕੀਤਾ। ਸਮਾਗਮ ਦੌਰਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਕੌਮ ਵਾਸਤੇ ਵੱਡੇ ਉਪਰਾਲੇ ਕੀਤੇ ਹਨ ਜਿਸ ਲਈ ਸਿੱਖ ਕੌਮ ਹਮੇਸ਼ਾ ਧੰਨਵਾਦੀ ਰਹੇਗੀ। ਸੀਨੀਅਰ ਅਕਾਲੀ ਆਗੂ ਸ: ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਇੰਗਲੈਂਡ ਫੇਰੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਕਾਲੀ ਸੂਚੀ ‘ਚੋਂ ਨਾਂਅ ਖਤਮ ਕਰਨ ਦਾ ਵੀ 312 ਸਿੱਖਾਂ ਨੂੰ ਪਤਾ ਹੀ ਨਹੀਂ ਲੱਗਾ ਸੀ ਪਰ ਮੋਦੀ ਸਰਕਾਰ ਨੇ ਫ਼ੈਸਲਾ ਲੈ ਲਿਆ ਸੀ। ਇਸ ਉਪਰਾਲੇ ਲਈ ਢੀਂਡਸਾ ਨੇ ਸਿਰਸਾ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਸਮਾਗਮ ਦੌਰਾਨ ਲੈਫ: ਜਨਰਲ ਹਰਪਾਲ ਸਿੰਘ, ਜਸਟਿਸ ਜੇ. ਐਸ. ਅਸਥਾਨੀ ਅਤੇ ਦਿੱਲੀ ਸਿੱਖ ਕਮੇਟੀ ਦੇ ਜਨਰਲ ਸਕੱਤਰ ਸ: ਜਗਦੀਪ ਸਿੰਘ ਕਾਹਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੁਸਤਕ ਦੇ ਪ੍ਰਕਾਸ਼ਕ ਡਾ. ਸੰਦੀਪ ਘੋਸ਼ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
Comment here