ਸਿਆਸਤਖਬਰਾਂਦੁਨੀਆ

ਸਿੰਧ-ਬਲੋਚਿਸਤਾਨ ਨੂੰ ਪਾਕਿ ਤੋਂ ਆਜ਼ਾਦ ਕਰਾਉਣ ਦੀ ਐਮਕਿਊਐਮ ਆਗੂ ਨੇ ਲਗਾਈ ਗੁਹਾਰ

ਲੰਡਨ-ਪਾਕਿਸਤਾਨ ਦੇ ਸੂਬੇ ਸਿੰਧ ਅਤੇ ਬਲੋਚਿਸਤਾਨ ਨੂੰ ਆਜ਼ਾਦ ਕਰਾਉਣ ਲਈ ਬਰਤਾਨੀਆ ਵਿੱਚ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਮੁਤਾਹਿਦਾ ਕੌਮੀ ਮੂਵਮੈਂਟ (ਐਮਕਿਊਐਮ) ਦੇ ਆਗੂ ਅਲਤਾਫ਼ ਹੁਸੈਨ ਨੇ ਸੰਯੁਕਤ ਰਾਸ਼ਟਰ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਸੰਸਦ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਅਪੀਲ ਕੀਤੀ ਹੈ। ਅਲਤਾਫ ਨੇ ਕਿਹਾ ਕਿ ਪਾਕਿਸਤਾਨ ਦੀ ਭਿਅੰਕਰ ਸੈਨਾ ਅਤੇ ਸ਼ਾਸਕ ਦਹਾਕਿਆਂ ਤੋਂ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਨੂੰ ਤਸੀਹੇ ਦੇ ਰਹੇ ਹਨ, ਕਤਲ ਕਰ ਰਹੇ ਹਨ ਅਤੇ ਲੋਕਾਂ ਨੂੰ ਗਾਇਬ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਸਹਿਣਸ਼ੀਲਤਾ ਦੀ ਹੱਦ ਪਾਰ ਹੋ ਚੁੱਕੀ ਹੈ, ਇਸ ਲਈ ਭਾਰਤ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀਆਂ ਨੂੰ ਦੁਨੀਆ ਦੇ ਸਾਰੇ ਲੋਕਤੰਤਰੀ ਦੇਸ਼ਾਂ ਨੂੰ ਮਿਲ ਕੇ ਦੋਵਾਂ ਸੂਬਿਆਂ ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ’ਚ ਕਿਹਾ ਹੈ ਕਿ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਦੋਹਾਂ ਸੂਬਿਆਂ ’ਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ।
ਇਸ ਦੇ ਨਾਲ ਹੀ ਭਾਰਤ ਅਤੇ ਹੋਰ ਗੁਆਂਢੀ ਮੁਲਕਾਂ ਵਿੱਚ ਅੱਤਵਾਦੀ ਭੇਜ ਕੇ ਉੱਥੇ ਖੂਨ-ਖਰਾਬਾ ਕਰਵਾਉਂਦੇ ਹਨ। ਇਨ੍ਹਾਂ ਦੀਆਂ ਹਰਕਤਾਂ ਨੂੰ ਰੋਕਣ ਦੀ ਫੌਰੀ ਲੋੜ ਹੈ। ਵਰਨਣਯੋਗ ਹੈ ਕਿ ਐਮਕਿਊਐਮ ਦੇ ਆਗੂ ਲੰਮੇ ਸਮੇਂ ਤੋਂ ਬਰਤਾਨੀਆ ਵਿੱਚ ਰਹਿ ਕੇ ਪਾਕਿਸਤਾਨ ਦੇ ਦੱਬੇ-ਕੁਚਲੇ ਲੋਕਾਂ ਲਈ ਆਵਾਜ਼ ਉਠਾਉਂਦੇ ਆ ਰਹੇ ਹਨ।
ਦੱਸ ਦੇਈਏ ਕਿ ਅਲਤਾਫ ਹੁਸੈਨ ਲੰਬੇ ਸਮੇਂ ਤੋਂ ਬ੍ਰਿਟੇਨ ਦੇ ਲੰਡਨ ਸ਼ਹਿਰ ’ਚ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਅਲਤਾਫ਼ ਲੰਡਨ ਤੋਂ ਆਪਣੀਆਂ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਰਿਹਾ ਹੈ। ਪਾਕਿਸਤਾਨ ਸਰਕਾਰ ਵੱਲੋਂ ਉਸ ’ਤੇ ਕਈ ਮਾਮਲੇ ਦਰਜ ਹਨ। ਅਲਤਾਫ ਹੁਸੈਨ ਨੂੰ ਭਾਰਤ ਪੱਖੀ ਮੰਨਿਆ ਜਾਂਦਾ ਹੈ। ਉਹ ਪਹਿਲਾਂ ਵੀ ਕਈ ਵਾਰ ਭਾਰਤ ਨੂੰ ਇਸ ਤਰ੍ਹਾਂ ਦੀਆਂ ਅਪੀਲਾਂ ਕਰ ਚੁੱਕੇ ਹਨ।

Comment here