ਅਪਰਾਧਸਿਆਸਤਖਬਰਾਂ

ਸਿੰਘੂ ਹੱਤਿਆ ਮਾਮਲੇ ਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਤੋਂ ਮੰਗਿਆ ਇਨਸਾਫ

ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦਾ ਵਫਦ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਿਆ
ਵਿਸ਼ੇਸ਼ ਰਿਪੋਰਟ
ਬੀਤੀ 15 ਅਕਤੂਬਰ ਨੂੰ ਸਿੰਘੂ ਸਰਹੱਦ ’ਤੇ ਤਰਨਤਾਰਨ ਦੇ ਵਸਨੀਕ ਦਲਿਤ ਨੌਜਵਾਨ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਸਬੰਧੀ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨਾਮਕ ਸੰਸਥਾ ਨੇ ਨਵੀਂ ਦਿੱਲੀ ’ਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ। ਐੱਨ. ਐੱਸ. ਸੀ. ਏ. ਨੇ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਨਿਆਂ ਮਿਲੇ। ਸੰਗਠਨ ਦੇ ਮੁਖੀ ਕੈਂਥ ਨੇ ਕਿਹਾ ਕਿ ਅੰਦੋਲਨਕਾਰੀਆਂ ਨੇ ‘ਤਾਲੀਬਾਨਕਾਰੀ’ ਸ਼ੈਲੀ ਨੂੰ ਪ੍ਰਦਰਸ਼ਿਤ ਕਰਕੇ ਆਪਣੀ ਨਫ਼ਰਤ ਜ਼ਾਹਰ ਕੀਤੀ ਹੈ।
ਇਹੀ ਕਾਰਣ ਹੈ ਕਿ ਆਜ਼ਾਦੀ ਦੇ 74 ਸਾਲਾਂ ਬਾਅਦ ਵੀ, ਐੱਸ. ਸੀ. ਭਾਈਚਾਰੇ ਨੂੰ ਵਿਤਕਰੇ ਅਤੇ ਅਸਮਾਨਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਰਾਕਸ਼ਸੀ ਪ੍ਰਵਿਰਤੀ ਵਾਲੇ ਦੋਸ਼ੀਆਂ ਨੂੰ ਬਿਨਾਂ ਕਿਸੇ ਦਯਾ ਦੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਐੱਨ. ਐੱਸ. ਸੀ. ਏ. ਨੇ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਮਦਦ ਮੁਹੱਈਆ ਕਰਨ ਤੇ ਪਰਿਵਾਰ ਵਾਲਿਆਂ ਨੂੰ ਸਰਕਾਰੀ ਨੌਕਰੀ ਯਕੀਨੀ ਦੇਣ ਦੀ ਮੰਗ ਕੀਤੀ ਹੈ।
ਕੈਂਥ ਨੇ ਕਿਹਾ ਕਿ ਅੰਦੋਲਨਕਾਰੀਆਂ ਵੱਲੋਂ ਪੁਲਸ ਨੂੰ ਗੁੰਮਰਾਹ ਕਰਨ ਲਈ ਅਪਰਾਧ ਨੂੰ ‘ਧਾਰਮਿਕ ਬੇਅਦਬੀ’ ਨਾਲ ਜੋੜ ਕੇ ਇਸ ਨੂੰ ਵਿਵਾਦ ਗ੍ਰਸਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਹੀ ਕਥਿਤ ਕਾਰਣ ਕੋਈ ਵੀ ਦੱਸਿਆ ਗਿਆ ਹੋਵੇ, ਪਰ ਇਸ ਦੇਸ਼ ਵਿਚ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਅਣਮਨੁੱਖੀ ਹੱਤਿਆ ਕਰਨ ਦੀ ਆਜ਼ਾਦੀ ਨਹੀਂ ਹੈ।
2 ਨਿਹੰਗਾਂ ਨੇ ਕੀਤਾ ਆਤਮ ਸਮਪਰਣ
ਕੁੰਡਲੀ ਬਾਰਡਰ ’ਤੇ ਪ੍ਰਦਰਸ਼ਨ ਸਥਾਨ ’ਤੇ ਪੰਜਾਬ ਦੇ ਨੌਜਵਾਨ ਦੀ ਹੱਤਿਆ ਦੇ ਦੋਸ਼ੀ ਦੋ ਹੋਰ ਨਿਹੰਗਾਂ ਭਗਵੰਤ ਸਿੰਘ ਅਤੇ ਗੋਵਿੰਦਪ੍ਰੀਤ ਸਿੰਘ ਨੇ ਕੁੰਡਲ ਥਾਣੇ ’ਚ ਆਤਮ-ਸਮਰਪਣ ਕਰ ਦਿੱਤਾ। ਉੱਥੇ, ਗ੍ਰਿਫ਼ਤਾਰ ਨਿਹੰਗ ਨੂੰ ਪੁਲਿਸ ਨੇ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਮੁਲਜ਼ਮ ਨੇ ਪੁਲਿਸ ਨੂੰ ਤਿੰਨ ਹੋਰ ਮੁਲਜ਼ਮਾਂ ਦੇ ਨਾਂ ਦੱਸੇ ਹਨ ਅਤੇ ਚਾਰ ਹੋਰਾਂ ਨੂੰ ਚਿਹਰੇ ਤੋਂ ਪਛਾਣਨ ਦੀ ਗੱਲ ਮੰਨੀ ਹੈ। ਮੁਲਜ਼ਮ ਨਿਹੰਗ ਸਰਬਜੀਤ ਸਿੰਘ ਨੇ ਆਤਮ-ਸਮਰਪਣ ਕਰ ਦਿੱਤਾ ਸੀ। ਉਹ ਪੰਜਾਬ ਦੇ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਵਿਠਵਾਂ ਦਾ ਰਹਿਣ ਵਾਲਾ ਹੈ। ਸੀਆਈਏ ਖਰਖੌਦਾ ਦੇ ਇੰਚਾਰਜ ਯੋਗੇਂਦਰ ਸਿੰਘ ਦੀ ਟੀਮ ਨੇ ਡੀਐੱਸਪੀ ਵੀਰੇਂਦਰ ਸਿੰਘ ਦੀ ਅਗਵਾਈ ’ਚ ਉਸ ਨੂੰ ਕੋਰਟ ’ਚ ਪੇਸ਼ ਕੀਤਾ ਗਿਆ। ਉਸ ਨੂੰ ਸਿਵਲ ਜੱਜ ਕਿੰਮੀ ਸਿੰਗਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਪੁਲਿਸ ਦੀਆਂ ਤਿੰਨੇ ਟੀਮਾਂ ਨੇ ਹੋਰ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ ਅਜੇ ਤਕ ਕਿਸੇ ਹੋਰ ਨਾਂ ਦਾ ਖ਼ੁਲਾਸਾ ਨਹੀਂ ਕੀਤਾ।

Comment here