ਅਪਰਾਧਸਿਆਸਤਖਬਰਾਂ

ਸਿੰਘੂ ਬਾਰਡਰ ਤੇ ਕਤਲ ਦਾ ਮਾਮਲਾ-ਨਿਹੰਗਾਂ ਵਲੋੰ ਕਿਸਾਨ ਆਗੂਆਂ ਨੂੰ ਬਹਿਸ ਲਈ ਚੁਣੌਤੀ

ਸੋਨੀਪਤ-ਦੁਸਹਿਰੇ ਵਾਲੇ ਦਿਨ ਬੇਅਦਬੀ ਦੇ ਦੋਸ਼ ਲਾ ਕੇ ਨਿਹੰਗਾਂ ਨੇ ਤਰਨਤਾਰਨ ਦੇ 35 ਸਾਲਾ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਕਤਲਕਾਂਡ ਨੂੰ ਲੈ ਕੇ ਨਿਹੰਗ ਅਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ ਹਨ। ਨਿਹੰਗ ਨੇ ਕਿਹਾ ਕਿ ਅਸੀਂ ਖੁਲਾਸੇ ਕਰਨ ਲੱਗੇ ਤਾਂ ਕਿਸਾਨ ਲੀਡਰਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਣਾ। ਕਿਸਾਨ ਆਗੂ ਸਾਹਮਣੇ ਬੈਠ ਕੇ ਖੁੱਲ੍ਹੀ ਬਹਿਸ ਕਰ ਸਕਦੇ ਹਨ।  ਨਿਹੰਗਾਂ ਨੇ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ਦੀ ਰੋਕ ਹੈ ਤਾਂ ਫਿਰ ਸੜਕਾਂ ਖਾਲੀ ਕਿਉਂ ਨਹੀਂ ਕਰਦੇ।  ਕਿਸਾਨ ਲੀਡਰ ਸਾਡੇ ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਯੋਗੇਂਦਰ ਯਾਦਵ ਨੂੰ ਆਰ ਐਸ ਐਸ ਦਾ ਬੰਦਾ ਦੱਸਿਆ ਹੈ। ਅਤੇ  ਕਿਸਾਨ ਆਗੂਆਂ ਨੂੰ ਕਿਹਾ ਕਿ ਕਿਉਂ ਦੇਸ਼ ਭਰ ਦੇ ਕਿਸਾਨਾਂ ਨੂੰ ਅੱਗ ‘ਚ ਧੱਕ ਰਹੇ ਹੋ? ਜੋ ਕੁਝ ਹੋਇਆ, ਸਾਰਾ ਕਿਸਾਨ ਲੀਡਰਾਂ ਕਰਕੇ ਹੋਇਆ ਹੈ। ਕੁੰਡਲੀ ਬਾਰਡਰ ਤੇ ਨਿਹੰਗ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਕਿਹਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇ ਸਿੰਘੂ ਕਤਲ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਈਆਂ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।

ਓਧਰ ਸੋਨੀਪਤ ਦੀ ਅਦਾਲਤ ਨੇ ਤਿੰਨ ਮੁਲਜ਼ਮਾਂ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਦੋ ਨਿਹੰਗਾਂ ਨੇ ਸਿੰਘੂ ਬਾਰਡਰ ਤੇ ਅਤੇ ਇੱਕ ਨਿਹੰਗ ਨੇ ਜੰਡਿਆਲਾ ਗੁਰੂ ਵਿੱਚ ਸਰੰਡਰ ਕੀਤਾ ਸੀ, ਜਦਕਿ ਇਸੇ ਮਾਮਲੇ ਚ ਗ੍ਰਿਫ਼ਤਾਰ ਇੱਕ ਹੋਰ ਨਿਹੰਗ ਪਹਿਲਾਂ ਹੀ ਪੁਲਿਸ ਰਿਮਾਂਡ ਉੱਤੇ ਹੈ।

ਢੱਡਰੀਆਂ ਵਾਲਾ ਨੇ ਨਿਹੰਗਾਂ ਤੇ ਚੁੱਕੇ ਸਵਾਲ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਸਿੰਘੂ ਬਾਰਡਰ ‘ਤੇ ਕੀਤੇ ਕਤਲ ਨੂੰ ਲੈ ਕੇ ਨਿਹੰਗਾਂ ‘ਤੇ ਸਵਾਲ ਚੁੱਕੇ ਨੇ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਕੋਈ ਸਬੂਤ ਤਾਂ ਹੋਵੇ। ਢੱਡਰੀਆਂਵਾਲਾ ਨੇ ਕਿਹਾ ਕਿ ਸਰਬਲੋਹ ਗ੍ਰੰਥ ਦੀ ਪੋਥੀ ਦੀ ਬੇਅਦਬੀ ਹੋਈ ਹੈ, ਜਿਸ ਨੂੰ ਅੱਧੇ ਤੋਂ ਵੱਧ ਸਿੱਖ ਗ੍ਰੰਥ ਹੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਕਮਾਲ ਦੀ ਗੱਲ ਇਹ ਵੀਡੀਓ ਵਿੱਚ ਸਰਬਲੋਹ ਗ੍ਰੰਥ ਦੀ ਪੋਥੀ ਨੂੰ ਚੱਕ ਕੇ ਭੱਜਣ ਦੀ ਗੱਲ ਸਾਹਮਣੇ ਆ ਰਹੀ ਸੀ। ਜਿਸਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਬਣਾ ਦਿੱਤਾ ਗਿਆ।

ਦੋ ਮੁਲਜ਼ਮ ਅੱਠ ਮਹੀਨਿਆਂ ਤੋਂ ਸਨ ਅੰਦੋਲਨ ‘ਚ ਸ਼ਾਮਲ

ਲਖਬੀਰ ਟੀਟੂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਵਿਚ ਕਾਬੂ ਕੀਤੇ 25 ਸਾਲਾ ਭਗਵੰਤ ਸਿੰਘ ਤੇ 21 ਸਾਲਾ ਗੋਬਿੰਦਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ ਦੇ ਵਸਨੀਕ ਬਲਵਿੰਦਰ ਸਿੰਘ ਦੇ ਜਥੇ ‘ਮੋਇਆਂ ਦੀ ਮੰਡੀ’ ਨਾਲ ਜੁੜੇ ਹੋਏ ਹਨ। ਇਨ੍ਹਾਂ ਦਾ ਡੇਰਾ ਪਿੰਡ ਹਰਲਾਲਪੁਰ ਵਿਚ ਹੈ। ਬਾਬਾ ਬਲਵਿੰਦਰ ਸਿੰਘ ਦੇ ਭਰਾ ਤਜਿੰਦਰ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਪਿੱਛੋਂ ਪੂਰਨਪੁਰ ਯੂਪੀ ਦਾ ਹੈ ਤੇ ਲਗਪਗ 16 ਸਾਲਾਂ ਤੋਂ ਜਥੇ ਨਾਲ ਜੁੜਿਆ ਹੈ। ਇਵੇਂ ਹੀ ਗੋਬਿੰਦਪ੍ਰੀਤ ਅੰਮਿ੍ਤਸਰ ਦਾ ਹੈ ਤੇ ਲਗਪਗ ਛੇ ਸਾਲਾਂ ਤੋਂ ਨਾਲ ਜੁੜਿਆ ਹੋਇਆ ਹੈ। ਦੋਵੇਂ ਜਣੇ ਅਣਵਿਆਹੇ ਹਨ। ਇਹ ਦੋਵੇਂ ਜਣੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਬਲਵਿੰਦਰ ਸਿੰਘ ਦੀ ਅਗਵਾਈ ਵਿਚ 2 ਫਰਵਰੀ ਨੂੰ ਕੁੰਡਲੀ ਹੱਦ ‘ਤੇ ਗਏ ਸਨ। ਉਥੇ ਪਾਲਕੀ ਸਾਹਿਬ ਸੁਸ਼ੋਭਿਤ ਕੀਤੀ ਗਈ ਹੈ। ਭਗਵੰਤ ਉਥੇ ਗ੍ੰਥੀ ਵਜੋਂ ਡਿਊਟੀ ਨਿਭਾਅ ਰਿਹਾ ਸੀ। ਗੋਬਿੰਦਪ੍ਰੀਤ, ਘੋੜਿਆਂ ਦੀ ਸੰਭਾਲ ਕਰਦਾ ਸੀ। ਤਜਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਕੁਝ ਵੀ ਹੋ ਜਾਵੇ ਪਰ ਖੇਤੀ ਸੁਧਾਰ ਕਾਨੂੰਨਾਂ ਦੇ ਰੱਦ ਹੋਣ ਤਕ ਨਹੀਂ ਪਰਤਾਂਗੇ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਦਾ ਮੁਲਜ਼ਮ ਲਖਬੀਰ ਸੀ ਪਰ ਉਸ ਦੇ ਪਰਿਵਾਰ ਤੇ ਨਿੱਕੀਆਂ ਨਿੱਕੀਆਂ ਧੀਆਂ ਨਾਲ ਜਿਵੇਂ ਵਤੀਰਾ ਕੀਤਾ ਜਾ ਰਿਹਾ ਹੈ, ਇਸ ਦੀ ਨਿੰਦਾ ਕਰਦੇ ਹਾਂ। ਉਸ ਦੇ ਪਰਿਵਾਰ ਤਾਂ ਕੋਈ ਗ਼ਲਤੀ ਨਹੀਂ ਹੈ।

ਬੇਅਦਬੀਆਂ ਦਾ ਇਨਸਾਫ਼ ਨਾ ਹੋਣ ਕਰਕੇ ਸਿੰਘੂ ਤੇ ਵਾਪਰੀ ਘਟਨਾ-ਹਵਾਰਾ ਕਮੇਟੀ

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਡਾ: ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਐਡਵੋਕੇਟ ਅਮਰ ਸਿੰਘ ਚਾਹਲ ਤੇ ਐਡਵੋਕੇਟ ਦਿਲਸ਼ੇਰ ਸਿੰਘ ਨੇ ਸਾਂਝੇ ਬਿਆਨ ‘ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਗ੍ਰ੍ਰੰਥ ਸਾਹਿਬ ਜੀ ਦੀਆਂ ਲੰਮੇ ਸਮੇਂ ਤੋਂ ਹੋ ਰਹੀਆਂ ਬੇਅਦਬੀਆਂ ਨੂੰ ਮਾਮੂਲੀ ਜ਼ਰਮ ਸਮਝ ਵਰਤੀ ਲਾਪ੍ਰਵਾਹੀ ਤੇ ਇਨਸਾਫ਼ ਨਾ ਦੇਣ ਕਾਰਨ ਸਿੰਘੂ ਬਾਰਡਰ ‘ਤੇ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ ਤੇ ਬੇਦੋਸ਼ੇ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਮਿਲਿਆ ਹੁੰਦਾ ਤਾਂ ਨਾ ਹੀ ਦੁਬਾਰਾ ਬੇਅਦਬੀਆਂ ਹੋਣੀਆਂ ਸਨ ਤੇ ਨਾ ਹੀ ਇਹ ਘਟਨਾ ਵਾਪਰਨੀ ਸੀ। ਉਨ੍ਹਾਂ ਕਿਹਾ ਕਿ ਸਿੱਖ ਖੂਨ ਦੀ ਹੋਲੀ ਖੇਡਣ ਦੇ ਸ਼ੌਕੀਨ ਨਹੀਂ ਅਤੇ ਨਾ ਹੀ ਜ਼ਰਾਇਮ ਪੇਸ਼ਾ ਹਨ। ਉਹ ਸਮਝਦੇ ਹਨ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਕੱਦ ਕਾਨੂੰਨ ਦੇ ਕੱਦ ਨਾਲੋਂ ਬਹੁਤ ਵੱਡਾ ਹੈ। ਉਨ੍ਹਾਂ ਭਾਰਤ ਦੀਆਂ ਅਦਾਲਤਾਂ ਅਤੇ ਪੁਲਸ ਤੰਤਰ ਨੂੰ ਸਵਾਲ ਕੀਤਾ ਕਿ ਉਹ ਬਹੁ ਗਿਣਤੀ ਦੇ ਧਾਰਮਿਕ ਮਸਲਿਆਂ ਤੇ ਭਾਵਨਾਵਾਂ ਦੇ ਆਹਤ ਹੋਣ ਸਮੇਂ ਵੀ ਇਸੇ ਤਰ੍ਹਾਂ ਦਾ ਅਵੇਸਲਾਪਨ ਦਿਖਾਉਂਦੇ ਹਨ, ਜਿਸ ਤਰ੍ਹਾਂ ਗੁਰੁ ਸਾਹਿਬ ਦੀ ਬੇਅਦਬੀ ਦਾ ਦਿਖਾ ਰਹੇ ਹਨ? ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਸਰਕਾਰ ਅਤੇ ਪ੍ਰਸ਼ਾਸਨ ਕੰਨ ਘੇਸ ਮਾਰ ਕੇ ਸੁੱਤਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਖਾਨਾ ਜੰਗੀ ਲੱਗ ਜਾਵੇਗੀ ਅਤੇ ਉਸ ‘ਚ ਅਨੇਕਾਂ ਬੇਕਸੂਰ ਲੋਕ ਮਾਰੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਬਣਾਈ ਰੱਖਣ ਲਈ ਸਰਕਾਰ ਤੁਰੰਤ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਵੇ।

Comment here