ਲੰਘੇ ਸ਼ੁੱਕਰਵਾਰ ਸਿੰਘੂ ਬਾਰਡਰ ’ਤੇ ਹੋਇਆ ਕਤਲ ਇਕ ਕਰੂਰ ਹੱਤਿਆ ਹੈ ਜਿਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ, ਉਹ ਘੱਟ ਹੈ। ਇਸ ਘਟਨਾ ਨੇ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਘਟਨਾ ਦੀ ਨਿੰਦਿਆ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਹ ਭਿਅੰਕਰ ਕਾਰਾ ਕਰਨ ਵਾਲਿਆਂ ਨਾਲ ਨਾ ਤਾਂ ਕੋਈ ਸਬੰਧ ਹੈ ਅਤੇ ਨਾ ਹੀ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੀ ਜਥੇਬੰਦੀ ਸੰਯੁਕਤ ਮੋਰਚੇ ਦਾ ਹਿੱਸਾ ਹੈ।
ਧਰਮ ਕਰੁਣਾ ’ਤੇ ਆਧਾਰਿਤ ਹੁੰਦਾ ਹੈ। ਜਿਹੜੇ ਵਿਅਕਤੀ ਧਰਮ ’ਚੋਂ ਕਰੁਣਾ ਮਨਫ਼ੀ ਕਰ ਦਿੰਦੇ ਹਨ, ਉਹ ਉਸ ਧਰਮ ਦੇ ਪੈਰੋਕਾਰ ਨਹੀਂ, ਵਿਰੋਧੀ ਹੁੰਦੇ ਹਨ। ਜਿਹੜੇ ਲੋਕ ਧਰਮ ਦੇ ਨਾਂ ’ਤੇ ਕਰੂਰ ਹੱਤਿਆਵਾਂ ਕਰਦੇ ਹਨ, ਉਨ੍ਹਾਂ ਦੀ ਤੁਲਨਾ ਤਾਲਿਬਾਨ ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਨਾਲ ਹੀ ਹੋ ਸਕਦੀ ਹੈ। ਕਰੂਰਤਾ, ਚਾਹੇ ਉਹ ਧਰਮ ਦੇ ਨਾਂ ’ਤੇ ਕੀਤੀ ਗਈ ਹੋਵੇ ਜਾਂ ਕਿਸੇ ਵਿਚਾਰਧਾਰਾ ਦੇ ਨਾਂ ’ਤੇ, ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕਾਂ ਨੇ ਇਹ ਹੱਤਿਆ ਕੀਤੀ ਹੈ, ਉਹ ਸਮੁੱਚੀ ਮਨੁੱਖਤਾ ਦੇ ਨਾਲ ਨਾਲ ਕਿਸਾਨ ਸੰਘਰਸ਼ ਦੇ ਗੁਨਾਹਗਾਰ ਹਨ ਕਿਉਂਕਿ ਕਿਸਾਨ ਅੰਦੋਲਨ ਨੇ ਸ਼ਾਂਤਮਈ ਲੀਹਾਂ ’ਤੇ ਸੰਘਰਸ਼ ਕਰਕੇ ਉੱਚੇ ਨੈਤਿਕ ਮਿਆਰ ਕਾਇਮ ਕੀਤੇ ਜਦੋਂਕਿ ਇਹ ਘਟਨਾ ਅਨੈਤਿਕ, ਅਧਾਰਮਿਕ ਅਤੇ ਜ਼ਾਲਮਾਨਾ ਹੈ। ਇਸ ਘਟਨਾ ਦੇ ਜਿਸ ਪੱਖ ਤੋਂ ਪੰਜਾਬੀ ਭਾਈਚਾਰਾ ਜ਼ਿਆਦਾ ਉਦਾਸ ਤੇ ਸ਼ਰਮਸਾਰ ਹੋਇਆ ਹੈ, ਉਹ ਇਸ ਕਾਰੇ ਨੂੰ ਕਰਨ ਵਾਲੇ ਵਿਅਕਤੀਆਂ ਦਾ ਸਿੰਘੂ ਵਿਚ ਕਿਸਾਨ ਮੋਰਚੇ ਦੇ ਨਜ਼ਦੀਕ ਹੀ ਬੈਠੇ ਹੋਣਾ ਹੈ ਅਤੇ ਉਹ ਆਪਣੇ ਆਪ ਨੂੰ ਕਿਸਾਨ ਮੋਰਚੇ ਦੇ ਹਮਾਇਤੀ ਦੱਸਦੇ ਰਹੇ ਹਨ। ਪੰਜਾਬੀਆਂ ਨੂੰ ਚਿੰਤਾ ਹੈ ਕਿ ਕਿਤੇ ਅਜਿਹੀ ਕਰੂਰ ਘਟਨਾ ਦਾ ਪਰਛਾਵਾਂ ਲਗਾਤਾਰ ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਕਿਸਾਨ ਅੰਦੋਲਨ ’ਤੇ ਨਾ ਪੈ ਜਾਵੇ।
ਪੰਜਾਬ ਦੇ ਇਤਿਹਾਸ ਵਿਚ ਬਹੁਤ ਸਾਰੇ ਸਿਆਸੀ, ਧਾਰਮਿਕ ਅਤੇ ਜਮਾਤੀ ਸੰਘਰਸ਼ ਹੋਏ ਹਨ ਪਰ ਕਿਸੇ ਵਿਚ ਵੀ ਪੰਜਾਬੀਆਂ ਦਾ ਰੁਖ਼ ਹਮਲਾਵਰਾਂ ਵਾਲਾ ਨਹੀਂ ਸੀ। ਪੱਗੜੀ ਸੰਭਾਲ ਜੱਟਾ ਲਹਿਰ ਤੋਂ ਲੈ ਕੇ ਅਜੋਕੇ ਕਿਸਾਨ ਸੰਘਰਸ਼ ਤਕ ਕਿਸਾਨਾਂ ਨੇ ਕਿਸੇ ’ਤੇ ਹਮਲਾ ਨਹੀਂ ਕੀਤਾ, ਸਿਰਫ਼ ਆਪਣੇ ਹੱਕਾਂ ਦੀ ਰਾਖੀ ਲਈ ਲੜਾਈਆਂ ਲੜੀਆਂ। ਪੰਜਾਬ ਦੀ ਧਰਤੀ ਨੇ 1920ਵਿਆਂ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਤਹਿਤ ਲੱਗੇ ਮਹਾਨ ਮੋਰਚੇ ਦੇਖੇ ਜਿਨ੍ਹਾਂ ਵਿਚ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਅਦਭੁੱਤ ਸ਼ਾਂਤਮਈ ਸੰਘਰਸ਼ ਹੋਇਆ। ਅੰਦੋਲਨ ਦੌਰਾਨ ਨਨਕਾਣਾ ਸਾਹਿਬ ਵਿਚ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਪੰਜਾ ਸਾਹਿਬ (ਹਸਨ ਅਬਦਾਲ) ਸਟੇਸ਼ਨ ’ਤੇ ਕੈਦੀ ਸਿੱਖਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ਨੂੰ ਰੋਕਣ ਲਈ ਸਿੱਖ ਤੇਜ਼ ਰਫ਼ਤਾਰ ਆਉਂਦੀ ਰੇਲ ਗੱਡੀ ਸਾਹਮਣੇ ਲੇਟ ਗਏ, ਬੀਟੀ ਦੀਆਂ ਡਾਂਗਾਂ ਖਾਧੀਆਂ ਅਤੇ ਹੋਰ ਅਨੇਕ ਕੁਰਬਾਨੀਆਂ ਪਰ ਉਨ੍ਹਾਂ ਨੇ ਅੰਦੋਲਨ ਨੂੰ ਸ਼ਾਂਤਮਈ ਬਣਾਈ ਰੱਖਿਆ। ਅੰਦੋਲਨ ਵਿਚ ਧਰਮ ਤੇ ਕਰੁਣਾ ਦੇ ਸੰਗਮ ਨੇ ਅੰਦੋਲਨ ਨੂੰ ਨਾ ਸਿਰਫ਼ ਸਫ਼ਲਤਾ ਦਿਵਾਈ ਸਗੋਂ ਸਿਆਸੀ ਅਤੇ ਧਾਰਮਿਕ ਜੀਵਨ ਵਿਚ ਅਜਿਹੇ ਮਿਆਰ ਕਾਇਮ ਕੀਤੇ ਜਿਨ੍ਹਾਂ ਦੀ ਮਿਸਾਲ ਹਮੇਸ਼ਾ ਦਿੱਤੀ ਜਾਵੇਗੀ। ਅਜਿਹੇ ਮਹਾਨ ਅੰਦੋਲਨਾਂ ਦੇ ਵਾਰਸ ਪੰਜਾਬੀਆਂ ਲਈ ਸ਼ੁੱਕਰਵਾਰ ਨੂੰ ਸਿੰਘੂ ਵਿਚ ਹੋਈ ਘਟਨਾ ਕਾਇਰਾਨਾ ਕਾਰਾ ਹੈ।
ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਾਰੇ ਗਏ ਵਿਅਕਤੀ ਨੇ ਇਕ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਸੀ। ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨਾ ਮੰਦਭਾਗੀ ਘਟਨਾ ਹੈ। ਅਜਿਹਾ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਲਈ ਦੇਸ਼ ਵਿਚ ਪੁਲੀਸ, ਤਫ਼ਤੀਸ਼ੀ ਏਜੰਸੀਆਂ ਅਤੇ ਨਿਆਂ ਪ੍ਰਣਾਲੀ ਮੌਜੂਦ ਹੈ। ਇਹੀ ਨਹੀਂ, ਧਾਰਮਿਕ ਸੰਸਥਾਵਾਂ ਕੋਲ ਵੀ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਢੰਗ-ਤਰੀਕੇ ਅਤੇ ਰਵਾਇਤਾਂ ਮੌਜੂਦ ਹਨ। ਕਤਲ ਕਰਨ ਨਾਲ ਬੇਅਦਬੀ ਦੂਰ ਨਹੀਂ ਹੁੰਦੀ। ਕਤਲ ਖ਼ੁਦ ਧਾਰਮਿਕ ਅਕੀਦਿਆਂ ਅਤੇ ਰਵਾਇਤਾਂ ਦੀ ਬੇਅਦਬੀ ਹੈ। ਧਾਰਮਿਕ ਸੰਸਥਾਵਾਂ ਨੂੰ ਕਾਨੂੰਨ ਹੱਥ ਵਿਚ ਲੈਣ ਵਾਲੇ ਅਜਿਹੇ ਵਿਅਕਤੀਆਂ ਅਤੇ ਗਰੁੱਪਾਂ ਵਿਰੁੱਧ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।
ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਅੰਦੋਲਨ ਬਹੁਤ ਵਿਸ਼ਾਲ ਹੋ ਚੁੱਕਾ ਹੈ ਅਤੇ ਵੱਖ ਵੱਖ ਧਾਰਮਿਕ ਅਕੀਦਿਆਂ ਦੇ ਲੋਕਾਂ ਨੇ ਇਸ ਵਿਚ ਹਿੱਸਾ ਪਾਇਆ ਹੈ। ਸਿੱਖ ਭਾਈਚਾਰੇ ਨੇ ਲੰਗਰ ਲਗਾਏ, ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਾਂਵੜ ਯਾਤਰਾ ਦੌਰਾਨ ਪਵਿੱਤਰ ਪਾਣੀ ਸਿੰਘੂ ਵਿਚ ਲਿਆਂਦਾ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਆਪਣੇ ਰੋਜ਼ੇ ਸਿੰਘੂ ਆ ਕੇ ਖੋਲ੍ਹੇ। ਆਗੂਆਂ ਨੇ ਇਹ ਵੀ ਕਿਹਾ ਕਿ ਕਿਸਾਨ ਵਿਰੋਧੀ ਤਾਕਤਾਂ ਨੇ ਬਹੁਤ ਵਾਰ ਇਸ ਸੰਘਰਸ਼ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਅੰਦੋਲਨ ਧਾਰਮਿਕ ਨਾ ਹੋ ਕੇ ਕਿਸਾਨਾਂ ਦਾ ਅੰਦੋਲਨ ਹੈ ਅਤੇ ਸਭ ਭਾਈਚਾਰਿਆਂ ਦੇ ਲੋਕ ਇਸ ਵਿਚ ਸ਼ਾਮਲ ਹਨ।
ਸਰਕਾਰ ਨੂੰ ਇਸ ਘਟਨਾ ਦੀ ਨਿਰਪੱਖਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੂੰ ਮਜ਼ਬੂਤੀ ਨਾਲ ਅਜਿਹੀਆਂ ਤਾਕਤਾਂ, ਜਿਹੜੀਆਂ ਕਿਸਾਨ ਸੰਘਰਸ਼ ਵਿਚ ਖਲਲ ਪਾਉਂਦੀਆਂ ਹਨ, ਵਿਰੁੱਧ ਪੈਂਤੜਾ ਲੈਣਾ ਚਾਹੀਦਾ ਹੈ। ਅਜਿਹੀਆਂ ਤਾਕਤਾਂ ਨੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ਵਿਚ ਹੁੱਲੜਬਾਜ਼ੀ ਕਰਕੇ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਹੁੱਲੜਬਾਜ਼ਾਂ ਵਿਰੁੱਧ ਸਖ਼ਤ ਸਟੈਂਡ ਲਿਆ ਅਤੇ ਉਹ ਆਪਣੇ ਆਪ ਸੰਘਰਸ਼ ’ਚੋਂ ਮਨਫ਼ੀ ਹੋ ਗਏ; ਇਹ ਦਰਸਾਉਂਦਾ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਸਮਰਪਿਤ ਨਾ ਹੋ ਕੇ ਆਪਣੇ ਨਿੱਜੀ ਅਤੇ ਸਿਆਸੀ ਏਜੰਡੇ ਅਨੁਸਾਰ ਕਿਸਾਨ ਅੰਦੋਲਨ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੇ ਸਨ। ਕਿਸੇ ਵੀ ਜਥੇਬੰਦੀ ਜਾਂ ਗਰੁੱਪ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਸਿੱਖ ਧਰਮ ਵਿਚ ਕਰਤਾਰ ਨੂੰ ਕਰੁਣਾ ਦਾ ਸਾਗਰ ਮੰਨਿਆ ਗਿਆ ਹੈ। ‘ਜਾਪ ਸਾਹਿਬ’ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ ‘‘ਕਰੁਣਾਲਯ ਹੈ।।’’ ਭਾਵ ਹੇ ਪਰਮਾਤਮਾ ਤੂੰ ਕਰੁਣਾ (ਦਇਆ/ਕ੍ਰਿਪਾ/ਤਰਸ) ਦਾ ਘਰ ਹੈ। ‘ਜਾਪ ਸਾਹਿਬ’ ਵਿਚ ਹੀ ਗੁਰੂ ਜੀ ਨੇ ਕਿਹਾ ਹੈ ‘‘ਕਰੁਣਾਕਰ ਹੈਂ।। ਬਿਸ੍ਵੰਭਰ ਹੈਂ।।’’ ਭਾਵ ਕਰਤਾਰ ਕਰੁਣਾ ਦਾ ਰੂਪ ਹੈ, ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ। ਗੁਰੂ ਸਾਹਿਬ ਸਾਨੂੰ ਦੱਸਦੇ ਹਨ ‘‘ਕਿ ਕਾਮਲ ਕਰੀਮ ਹੈਂ।। ਕਿ ਰਾਜ਼ਕ ਰਹੀਮ ਹੈਂ।।’’ ਭਾਵ ਇਸ ਦੁਨੀਆ ਨੂੰ ਬਣਾਉਣ ਵਾਲਾ ਰਹਿਮਤ ਕਰਨ ਵਾਲਾ ਦਾਤਾ ਹੈ, ਉਹ ਸਭ ਤੋਂ ਜ਼ਿਆਦਾ ਦਿਆਲਤਾ ਦਿਖਾਉਣ ਵਾਲਾ ਹੈ। ਗੁਰੂ ਅਰਜਨ ਦੇਵ ਜੀ ਦਾ ਕਥਨ ਹੈ, ‘‘ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ।।’’ ਭਾਵ ਕਰੁਣਾ ਦੇ ਮਾਲਕ (ਕਰਤਾਰ), ਮੈਂ ਦੀਨ ਬੰਦਾ ਤੇਰੇ ਅੱਗੇ ਬੇਨਤੀ ਕਰਦਾ ਹਾਂ। ਕਬੀਰ ਸਾਹਿਬ ਨੇ ਕਰਤਾਰ ਨੂੰ ਦੀਨ ਦਿਆਲ ਦੱਸਿਆ ਹੈ, ‘‘ਦੀਨ ਦਇਆਲ ਭਰੋਸੇ ਤੇਰੇ।।’’ ਜਿਸ ਧਰਮ ਵਿਚ ਅਕਾਲ ਪੁਰਖ ਨੂੰ ਕਰੁਣਾ ਅਤੇ ਦਇਆ ਦੇ ਸਾਗਰ ਵਜੋਂ ਚਿਤਵਿਆ ਗਿਆ ਹੋਵੇ, ਉਸ ਵਿਚ ਕਰੂਰਤਾ ਲਈ ਕੋਈ ਥਾਂ ਨਹੀਂ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ‘‘ਅਸੀਂ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹਾਂ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਇਸ ਆਧਾਰ ’ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।’’ ਮੋਰਚੇ ਨੇ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿਚ ਪੁਲੀਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਇਹ ਸਹੀ ਸਟੈਂਡ ਹੈ।
ਜਿਵੇਂ ਬਿਆਨ ਵਿਚ ਕਿਹਾ ਗਿਆ ਹੈ, ਅੰਦੋਲਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਵਿਰੋਧ ਕਰਦਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਪੈਂਤੜੇ ’ਤੇ ਮਜ਼ਬੂਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ।
-ਸਵਰਾਜਬੀਰ
(ਨੋਟ- ਜ਼ਖਮੀ ਹਾਲਤ ਵਿੱਚ ਲਖਬੀਰ ਸਿੰਘ ਨੇ ਜੋ ਦਰਦ ਬਿਆਨਿਆ, ਉਸ ਦੀ ਦਿਲ ਕੰਬਾਊ ਵੀਡੀਓ ਦੇਖ ਕੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਵਹਿਸ਼ੀਆਂ ਨੇ ਕਿੰਨਾ ਜ਼ੁਲਮ ਕਮਾਇਆ)-
Comment here