ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਿਹਤ ਵਿਭਾਗ ਦੇ ਐੱਸ ਈ ਦੀ ਸ਼ਿਕਾਇਤ ‘ਤੇ ਫਸੇ ਡਾ ਸਿੰਗਲਾ

ਚੰਡੀਗਡ਼੍ਹ –ਬੀਤੇ ਦਿਨ ਪੰਜਾਬ ਦੇ ਸਿਹਤ ਮੰਤਰੀ ਡਾ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਦੇ ਮਾਮਲੇ ਚ ਬਰਖਾਸਤ ਹੋਏ ਤੇ ਗ੍ਰਿਫਤਾਰ ਕਰ ਲਏ ਗਏ। ਇਸ ਮਾਮਲੇ ਦੀ ਜਾਣਕਾਰੀ ਮੁਤਾਬਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਜੀਨੀਅਰ ਰਾਜਿੰਦਰ ਸਿੰਘ ਨਿਵਾਸੀ ਸੈਕਟਰ 70 ਮੋਹਾਲੀ ਦੀ ਸ਼ਿਕਾਇਤ ’ਤੇ ਮੋਹਾਲੀ ਪੁਲਿਸ ਨੇ ਸਿਹਤ ਮੰਤਰੀ ਡਾਕਟਰ ਵਿਜੈ ਸਿੰਗਲਾ ਤੇ ਉਨ੍ਹਾਂ ਦੇ ਓਐੱਸਡੀ ਪ੍ਰਦੀਪ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਾਜਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਚੰਡੀਗਡ਼੍ਹ ਸਥਿਤ ਪੰਜਾਬ ਭਵਨ ਦੇ ਕਮਰਾ ਨੰਬਰ 203 ਵਿਚ ਮੰਤਰੀ ਨੇ ਆਪਣੇ ਓਐੱਸਡੀ ਰਾਹੀਂ ਇਕ ਕਰੋਡ਼ 16 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਐੱਫਆਈਆਰ ਮੁਤਾਬਕ ਸਿਹਤ ਮੰਤਰੀ ਤੇ ਓਐੱਸਡੀ ਸ਼ਿਕਾਇਤਕਰਤਾ ਨੂੰ ਰਿਸ਼ਵਤ ਨਾ ਦੇਣ ’ਤੇ ਉਨ੍ਹਾਂ ਦਾ ਕਰੀਅਰ ਖ਼ਰਾਬ ਕਰਨ ਦੀਆਂ ਧਮਕੀਆਂ ਦੇ ਰਹੇ ਸਨ। ਸ਼ਿਕਾਇਤਕਰਤਾ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਚ ਡੈਪੂਟੇਸ਼ਨ ’ਤੇ ਤਾਇਨਾਤ ਹੈ। ਕਰੀਬ ਇਕ ਮਹੀਨਾ ਪਹਿਲਾਂ ਉਹ ਆਪਣੇ ਦਫ਼ਤਰ ਵਿਚ ਹਾਜ਼ਰ ਸੀ ਤਾਂ ਸਿਹਤ ਮੰਤਰੀ ਦੇ ਓਐੱਸਡੀ ਪ੍ਰਦੀਪ ਕੁਮਾਰ ਨੇ ਫੋਨ ਕਰ ਕੇ ਪੰਜਾਬ ਭਵਨ ਬੁਲਾਇਆ। ਕਮਰਾ ਨੰਬਰ 203 ਵਿਚ ਡਾਕਟਰ ਵਿਜੇ ਸਿੰਗਲਾ ਨੇ ਪ੍ਰਦੀਪ ਕੁਮਾਰ ਦੀ ਹਾਜ਼ਰੀ ਵਿਚ ਕਿਹਾ ਕਿ ਭਵਿੱਖ ਵਿਚ ਇਹ (ਪ੍ਰਦੀਪ ਕੁਮਾਰ) ਤੁਹਾਡੇ ਨਾਲ ਗੱਲ ਕਰੇਗਾ ਤੇ ਇਹ ਸਮਝਣਾ ਕਿ ਮੈਂ (ਡਾ. ਵਿਜੈ ਸਿੰਗਲਾ) ਗੱਲ ਕਰ ਰਿਹਾ ਹਾਂ। ਸ਼ਿਕਾਇਤਕਰਤਾ ਨੇ ਕਿਹਾ ਕਿ ਸਿਹਤ ਮੰਤਰੀ ਜਲਦੀ ਵਿਚ ਕਹਿ ਕੇ ਚਲੇ ਗਏ। ਸ਼ਿਕਾਇਤਕਰਤਾ ਅਨੁਸਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤੁਹਾਨੂੰ 41 ਕਰੋਡ਼ ਰੁਪਏ ਦੇ ਨਿਰਮਾਣ ਕਾਰਜ ਅਲਾਟ ਕੀਤੇ ਹਨ। ਠੇਕੇਦਾਰਾਂ ਨੂੰ ਮਾਰਚ ਮਹੀਨੇ ਦੇ ਕਰੀਬ 17 ਕਰੋਡ਼ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਕੁਲ ਰਕਮ 58 ਕਰੋਡ਼ ਬਣਦੀ ਹੈ। ਜਿਸ ਵਿੱਚੋਂ 2 ਫ਼ੀਸਦੀ ਕਮਿਸ਼ਨ 1 ਕਰੋਡ਼ 16 ਲੱਖ ਰੁਪਏ ਰਿਸ਼ਵਤ ਵਜੋਂ ਦਿੱਤਾ ਜਾਣਾ ਚਾਹੀਦਾ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਰਿਸ਼ਵਤ ਦੇਣ ਤੋ ਮਨ੍ਹਾ ਕਰਦੇ ਹੋਏ ਉਸ ਨੂੰ ਵਾਪਸ ਪਿੱਤਰੀ ਵਿਭਾਗ ਵਿਚ ਭੇਜਣ ਦੀ ਗੱਲ ਕਹੀ। ਇਸ ਤੋਂ ਬਾਅਦ ਫੋਨ ’ਤੇ ਵ੍ਹਟਸਐਪ ਕਾਲ ਕਰ ਕੇ ਰਿਸ਼ਵਤ ਮੰਗੀ ਗਈ। ਸ਼ਿਕਾਇਤਕਰਤਾ ਨੇ ਕਿਹਾ ਕਿ ਰਿਸ਼ਵਤ ਨਾ ਦੇਣ ’ਤੇ ਉਸਦਾ ਕਰੀਅਰ ਬਰਬਾਦ ਕਰਨ ਦੀ ਧਮਕੀ ਦਿੱਤੀ ਗਈ। ਪ੍ਰਦੀਪ ਕੁਮਾਰ ਨੇ ਵ੍ਹਟਸਐਪ ’ਤੇ 8 ਮਈ, 10 ਮਈ, 12 ਮਈ, 13 ਮਈ, 23 ਮਈ ਨੂੰ ਵਾਰ-ਵਾਰ ਫੋਨ ਕਰ ਕੇ ਰਿਸ਼ਵਤ ਦੀ ਮੰਗ ਕੀਤੀ। ਰਾਜਿੰਦਰ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ 30 ਨਵੰਬਰ ਨੂੰ ਸੇਵਾਮੁਕਤ ਹੋਣਗੇ। ਇਸ ਲਈ ਮੇਰਾ ਕਰੀਅਰ ਖ਼ਰਾਬ ਨਾ ਕਰੋ। ਮੈਂ ਆਪਣੇ ਜੱਦੀ ਵਿਭਾਗ ਵਿਚ ਵਾਪਸ ਜਾਣ ਲਈ ਤਿਆਰ ਹਾਂ। ਮੇਰੀ ਥਾਂ ਡੈਪੂਟੇਸ਼ਨ ’ਤੇ ਕਿਸੇ ਹੋਰ ਕਮਿਸ਼ਨ ਦੀ ਅਦਾਇਗੀ ਕਰਨ ਵਾਲੇ ਕਰਮਚਾਰੀ ਨੂੰ ਲਗਾ ਦਿਓ। ਇਹ ਆਫਰ 20 ਮਈ ਨੂੰ ਦਿੱਤਾ ਗਿਆ ਸੀ, ਐੱਸਈ ਨੇ ਕਿਹਾ ਮੈਂ ਸਿਰਫ਼ 5 ਲੱਖ ਦੇ ਸਕਦਾ ਹਾਂ। ਪਰ 20 ਮਈ ਨੂੰ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਅੱਗੇ ਠੇਕੇਦਾਰਾਂ ਵੱਲੋਂ ਜੋ ਕੰਮ ਕਿਸੇ ਵੀ ਠੇਕੇਦਾਰ ਨੂੰ ਅਲਾਟ ਕੀਤਾ ਜਾਵੇਗਾ ਉਸ ਦਾ ਇਕ ਫ਼ੀਸਦੀ ਹਿੱਸਾ ਦੇਣਾ ਜਾਰੀ ਰੱਖਿਆ ਜਾਵੇਗਾ ਜਦੋਂ ਕੰਮ ਦੀ ਅਦਾਇਗੀ ਕੀਤੀ ਜਾਵੇਗੀ। ਰਜਿੰਦਰ ਸਿੰਘ ਨੇ ਕਿਹਾ, ਮੇਰੇ ਖਾਤੇ ਵਿਚ ਢਾਈ ਲੱਖ ਰੁਪਏ ਹਨ। ਮੇਰੀ ਤਿੰਨ ਲੱਖ ਦੀ ਲਿਸਟ ਬਣ ਗਈ ਹੈ। ਇਸ ਮਾਨਸਿਕ ਤਸ਼ੱਦਦ ਤੋਂ ਬਚਣ ਲਈ ਮੈਂ ਸਿਰਫ਼ ਪੰਜ ਲੱਖ ਰੁਪਏ ਦੇ ਸਕਦਾ ਹਾਂ। ਜਿਸ ਤੋਂ ਬਾਅਦ ਉਸ ਨੂੰ 23 ਮਈ ਨੂੰ ਸਕੱਤਰੇਤ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਉਹਨਾਂ ਸਕੱਤਰੇਤ ਪਹੁੰਚ ਕੇ ਸਿਹਤ ਮੰਤਰੀ ਤੇ ਓਐੱਸਡੀ ਨੂੰ ਮਿਲ ਕੇ ਆਪਣਾ ਤਣਾਅ ਖ਼ਤਮ ਕਰਨ ਲਈ ਕਿਹਾ। ਉਥੇ ਪੰਜ ਲੱਖ ਰੁਪਏ ਦੇਣ ਦੀ ਗੱਲ ਕੀਤੀ। ਪੁੱਛਿਆ ਕਿ ਪੈਸਾ ਕਿਵੇਂ ਦੇਣਾ ਹੈ। ਇਸ ਸਾਰੀ ਗੱਲ ਨੂੰ ਰਿਕਾਰਡ ਕਰ ਲਿਆ। ਰਾਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਮੇਰਾ ਕਰੀਅਰ ਖ਼ਰਾਬ ਕਰਨ ਦੇ ਨਾਂ ’ਤੇ ਰਿਸ਼ਵਤ ਮੰਗੀ ਗਈ। ਇਨ੍ਹਾਂ ਦੋਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Comment here