ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਿਸੋਦੀਆ ਦੇ ਬੈਂਕ ਲਾਕਰ ਦੀ ਸੀ. ਬੀ. ਆਈ. ਵਲੋਂ ਤਲਾਸ਼ੀ

ਗਾਜ਼ੀਆਬਾਦ-ਦਿੱਲੀ ਆਬਕਾਰੀ ਨੀਤੀ 2021-22 ਦੇ ਲਾਗੂ ਕਰਨ ’ਚ ਹੋਈ ਬੇਨਿਯਮੀਆਂ ਦੇ ਸਿਲਸਿਲੇ ’ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ। ਸੀ. ਬੀ. ਆਈ. ਦੇ ਉੱਥੇ ਪਹੁੰਚਣ ’ਤੇ ਬੈਂਕ ਦੇ ਬਾਹਰ ਅਫੜਾ-ਦਫੜੀ ਮਚ ਗਈ, ਮੀਡੀਆ ਕਰਮੀਆਂ ਦੀ ਭੀੜ ਇਕੱਠੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਦੇ ਕਰੀਬ 5 ਅਧਿਕਾਰੀਆਂ ਦੀ ਇਕ ਟੀਮ ਰਾਸ਼ਟਰੀ ਰਾਜਧਾਨੀ ਦੇ ਬਾਹਰੀ ਇਲਾਕੇ ਗਾਜ਼ੀਆਬਾਦ ਦੇ ਸੈਕਟਰ-4 ਵਸੁੰਧਰਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਲਾਕਰ ਦੀ ਤਲਾਸ਼ੀ ਲੈਣ ਪਹੁੰਚੀ। ਸਿਸੋਦੀਆ ਵੀ ਆਪਣੀ ਪਤਨੀ ਨਾਲ ਬੈਂਕ ’ਚ ਮੌਜੂਦ ਸਨ। ਸਿਸੋਦੀਆ ਨੇ ਕਿਹਾ ਕਿ ਲਾਕਰ ਦੀ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਏਜੰਸੀ ਨੇ ਉਨ੍ਹਾਂ ਨੂੰ “ਕਲੀਨ ਚਿੱਟ” ਦੇ ਦਿੱਤੀ ਹੈ।
ਲਾਕਰ ਦੀ ਤਲਾਸ਼ੀ ਨੂੰ ਲੈ ਕੇ ਸਿਸੋਦੀਆ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ, ‘‘ਕੱਲ ਸੀ. ਬੀ. ਆਈ. ਸਾਡਾ ਬੈਂਕ  ਲਾਕਰ ਵੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ ’ਚ 14 ਘੰਟੇ ਦੇ ਛਾਪੇ ’ਚ ਕੁਝ ਨਹੀਂ ਮਿਲਿਆ ਸੀ। ਲਾਕਰ ’ਚ ਵੀ ਕੁਝ ਨਹੀਂ ਮਿਲੇਗਾ। ਸੀ. ਬੀ. ਆਈ. ਦਾ ਸਵਾਗਤ ਹੈ। ਜਾਂਚ ’ਚ ਮੇਰਾ ਅਤੇ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਰਹੇਗਾ।’’
ਦੱਸ ਦੇਈਏ ਕਿ ਸੀ. ਬੀ. ਆਈ. ਨੇ 19 ਅਗਸਤ ਨੂੰ ਇਸ ਮਾਮਲੇ ’ਚ ਸਿਸੋਦੀਆ ਦੀ ਰਿਹਾਇਸ਼ ਸਮੇਤ 31 ਥਾਵਾਂ ’ਤੇ ਛਾਪੇ ਮਾਰੇ ਸਨ। ਸਿਸੋਦੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਕ ਝੂਠੇ ਮਾਮਲੇ ’ਚ ਦੋਸ਼ੀ ਬਣਾਇਆ ਗਿਆ ਹੈ, ਤਾਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।

Comment here