ਅਪਰਾਧਸਿਆਸਤਖਬਰਾਂਦੁਨੀਆ

ਸਿਲਸਿਲੇਵਾਰ ਧਮਾਕਿਆਂ ਨੇ ਖੋਲ੍ਹੀ ਚੀਨ ਦੀ ਸੁਰੱਖਿਆ ਵਿਵਸਥਾ ਦੀ ਪੋਲ

ਬੀਜਿੰਗ-ਚੀਨ ’ਚ ਹਾਲਾਤ ਆਮ ਵਰਗੇ ਨਹੀਂ ਹਨ, ਇੱਥੇ ਪਿਛਲੇ ਇਕ ਹਫਤੇ ’ਚ ਹੋਏ 10 ਧਮਾਕਿਆਂ ਨੇ ਚੀਨ ਦੀ ਸੁਰੱਖਿਆ ਨੀਤੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਹ ਸਿਲਸਿਲੇਵਾਰ ਧਮਾਕੇ ਸਿੱਧੇ ਤੌਰ ’ਤੇ ਇਹ ਇਸ਼ਾਰਾ ਕਰ ਰਹੇ ਹਨ ਕਿ ਚੀਨ ’ਚ ਅੰਦਰਖਾਤੇ ਸਭ ਕੁਝ ਠੀਕ ਨਹੀਂ ਚੱਲ ਰਿਹਾ, ਚੀਨ ਨੇ ਆਪਣੀ ਅੰਦਰੂਨੀ ਸੁਰੱਖਿਆ ਦੇ ਇੰਨੇ ਮਜ਼ਬੂਤ ਪ੍ਰਬੰਧ ਕੀਤੇ ਹਨ ਜਿਨ੍ਹਾਂ ਨੂੰ ਤਹਿਸ-ਨਹਿਸ ਕਰ ਸਕਣਾ ਲਗਭਗ ਅਸੰਭਵ ਹੈ, ਪੁਲਸ ਪੈਰਾਮਿਲਟਰੀ ਫੋਰਸ, ਫੌਜ, ਖੁਫੀਆ ਏਜੰਸੀਆਂ, ਥਾਂ-ਥਾਂ ਲੱਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਸੀ. ਸੀ. ਟੀ. ਵੀ. ਕੈਮਰੇ ਜੋ ਆਦਮੀ ਨੂੰ ਪਛਾਣਨ ’ਚ ਇਕ ਸੈਕੰਡ ਦੀ ਦੇਰੀ ਵੀ ਨਹੀਂ ਲਗਾਉਂਦੇ। ਇਨ੍ਹਾਂ ਸਭ ਦੇ ਇਲਾਵਾ ਸੋਸ਼ਲ ਮੀਡੀਆ ’ਤੇ ਮੁੱਖ ਧਾਰਾ ਦੇ ਮੀਡੀਆ ’ਤੇ 24 ਘੰਟੇ ਚੌਕਸ 40 ਲੱਖ ਅੱਖਾਂ, ਇਨ੍ਹਾਂ ਸਾਰਿਆਂ ਦੇ ਬਾਅਦ ਚੀਨ ਦੇ ਵੱਖ-ਵੱਖ ਇਲਾਕਿਆਂ ’ਚ ਹੋਏ ਦਸ ਧਮਾਕਿਆਂ ਨੇ ਸ਼ੀ ਜਿਨਪਿੰਗ ਦੀ ਨੀਂਦ ਉਡਾ ਦਿੱਤੀ ਹੈ। ਇਨ੍ਹਾਂ ਧਮਾਕਿਆਂ ਨੇ ਚੀਨੀ ਜਨਤਾ ਨੂੰ ਜਿੰਨਾ ਡਰਾਇਆ ਹੈ ਉਸ ਤੋਂ ਕਿਤੇ ਵੱਧ ਦੁਨੀਆ ਨੂੰ ਹੈਰਾਨੀ ’ਚ ਪਾਇਆ ਹੈ ਕਿਉਂਕਿ ਚੀਨ ਦੇ ਸਖਤ ਸੁਰੱਖਿਆ ਚੱਕਰ ਨੂੰ ਤੋੜਦੇ ਹੋਏ ਇਹ ਧਮਾਕੇ ਉਸ ਦੀਆਂ ਖੁਫੀਆ ਏਜੰਸੀਆਂ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਉਠਾ ਰਹੇ ਹਨ। ਇਨ੍ਹਾਂ ਧਮਾਕਿਆਂ ਦੀ ਸ਼ੁਰੂਆਤ 21 ਅਕਤੂਬਰ ਨੂੰ ਉੱਤਰ-ਪੂਰਬੀ ਚੀਨ ਲਿਆਓਨਿੰਗ ਸੂਬੇ ਦੀ ਰਾਜਧਾਨੀ ਸ਼ਾਨਯਾਂਗ ਸ਼ਹਿਰ ਤੋਂ ਹੋਈ, ਜਿੱਥੋਂ ਇਕ ਰਿਹਾਇਸ਼ੀ ਇਮਾਰਤ ਦੀ ਪੰਜਵੀਂ ਮੰਜ਼ਿਲ ’ਚ ਸਵੇਰੇ 5.30 ਵਜੇ ਧਮਾਕਾ ਹੋਇਆ ਜਿਸ ’ਚ 5 ਲੋਕਾਂ ਦੀ ਮੌਤ ਹੋ ਗਈ ਅਤੇ 47 ਲੋਕ ਜ਼ਖਮੀ ਹੋਏ। ਇਸ ਦੇ ਬਾਅਦ ਗੁਆਂਢੀ ਸੂਬੇ ਇਨਰ ਮੰਗੋਲੀਆ ਦੇ ਹਾਈਟੈੱਕ ਉਦਯੋਗਿਕ ਇਲਾਕੇ ’ਚ 22 ਅਕਤੂਬਰ ਨੂੰ ਤੇਜ਼ ਧਮਾਕਾ ਹੋਇਆ, ਇਸ ਧਮਾਕੇ ’ਚ 4 ਵਿਅਕਤੀਆਂ ਨੇ ਆਪਣੀ ਜਾਨ ਗੁਆਈ ਅਤੇ 3 ਜ਼ਖਮੀ ਹੋਏ। ਓਧਰ 24 ਅਕਤੂਬਰ ਨੂੰ ਦੋ ਧਮਾਕੇ 2 ਵੱਖ-ਵੱਖ ਥਾਵਾਂ ’ਤੇ ਹੋਏ। ਪਹਿਲਾ ਲਿਆਓਨਿੰਗ ਸੂਬੇ ਦੇ ਵਾਫਾਂਗਦਿਆਨ ਸ਼ਹਿਰ ’ਚ ਹੋਇਆ ਅਤੇ ਦੂਸਰਾ ਦੱਖਣੀ ਪੂਰਬੀ ਚੀਨ ਦੇ ਨਾਨਚਿੰਗ ਸ਼ਹਿਰ ਦੀ ਐਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਯੂਨੀਵਰਸਿਟੀ ’ਚ ਹੋਇਆ ਜਿਸ ’ਚ 4 ਵਿਅਕਤੀ ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਅਜੇ ਇਨ੍ਹਾਂ ਧਮਾਕਿਆਂ ਦੀ ਅੱਗ ਠੰਡੀ ਵੀ ਨਹੀਂ ਹੋਈ ਸੀ ਕਿ ਠੀਕ ਅਗਲੇ ਹੀ ਦਿਨ 25 ਅਕਤੂਬਰ ਨੂੰ ਸ਼ਾਨਤੁੰਗ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ ਹੁਆਂਗਤਾਓ ਕੈਂਪਸ ਦੇ ਗੇਟ ਦੇ ਉੱਤਰੀ ਪਾਸੇ ਵੱਲ ਧਮਾਕਾ ਹੋਇਆ। 26 ਅਕਤੂਬਰ ਦਾ ਦਿਨ ਉਸ ਤੋਂ ਵੀ ਬੁਰਾ ਸੀ ਕਿਉਂਕਿ ਇਸ ਦਿਨ ਤਿੰਨ ਵੱਖ-ਵੱਖ ਵੱਡੇ ਧਮਾਕੇ ਚੀਨ ਦੇ ਤਿੰਨ ਸੂਬਿਆਂ ’ਚ ਹੋਏ, ਪਹਿਲਾ ਧਮਾਕਾ ਸ਼ਾਨਤੁੰਗ ਸੂਬੇ ਦੇ ਸਿਬੂ ਸ਼ਹਿਰ ਦੇ ਰਿਹਾਇਸ਼ੀ ਇਲਾਕੇ ’ਚ ਹੋਇਆ ਜਿੱਥੇ ਇਕ ਖੜ੍ਹੇ ਟਰੱਕ ’ਚ ਅਚਾਨਕ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ 20 ਕਿ. ਮੀ. ਦੂਰ ਤੱਕ ਸੁਣੀ ਗਈ। ਇਸ ਦੇ ਬਾਅਦ ਦੱਖਣੀ ਚੀਨ ਦੇ ਕਵਾਂਗਤੁੰਗ ਅਤੇ ਦੱਖਣੀ-ਪੂਰਬੀ ਚੀਨ ਦੇ ਚਿਆਂਗਸੀ ਸੂਬਿਆਂ ’ਚ ਦੋ ਧਮਾਕੇ ਹੋਰ ਹੋਏ। 27 ਅਕਤੂਬਰ ਨੂੰ ਇਕ ਵਾਰ ਫਿਰ ਇਹ ਧਮਾਕੇ ਚੀਨੀ ਮੀਡੀਆ ਦੀਆਂ ਸੁਰਖੀਆਂ ਬਣੇ, ਜਿਸ ’ਚ ਇਕ ਧਮਾਕਾ ਕਵਾਂਗਤੁੰਗ ਸੂਬੇ ਅਤੇ ਦੂਸਰਾ ਉੱਤਰ-ਪੂਰਬੀ ਚੀਨ ਦੇ ਥਿਏਨਚਿਨ ਸ਼ਹਿਰ ’ਚ ਹੋਇਆ। ਜਾਣਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸਾਰੇ ਧਮਾਕਿਆਂ ’ਚ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਜੋ ਗਿਣਤੀ ਚੀਨੀ ਮੀਡੀਆ ਨੇ ਜਾਰੀ ਕੀਤੀ ਹੈ, ਉਨ੍ਹਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਦੁਨੀਆ ਜਾਣਦੀ ਹੈ ਕਿ ਚੀਨ ਅਸਲ ਖਬਰ ਨੂੰ ਲੁਕਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤਦਾ ਹੈ। ਜਿਸ ਤੇਜ਼ੀ ਨਾਲ ਸੁਰੱਖਿਆ ਦੇ ਮਾਮਲੇ ’ਚ ਸਖਤ ਚੀਨ ’ਚ ਇਹ ਧਮਾਕੇ ਹੋਏ ਹਨ ਉਸੇ ਤੇਜ਼ੀ ਨਾਲ ਕਿਆਸਅਰਾਈਆਂ ਅਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ । ਜਿਥੇ ਚੀਨੀ ਮੀਡੀਆ ਇਸ ਸਮੇਂ ਇਸ ਘਟਨਾ ਤੋਂ ਦੁਨੀਆ ਦਾ ਧਿਆਨ ਹਟਾਉਣ ’ਚ ਲੱਗਾ ਹੋਇਆ ਹੈ ਤਾਂ ਓਧਰ ਖੁਫੀਆ ਏਜੰਸੀਆਂ ਇਹ ਪਤਾ ਲਗਾ ਰਹੀਆਂ ਹਨ ਕਿ ਕਿਹੜਾ ਸਮੂਹ ਜਾਂ ਲੋਕ ਇਨ੍ਹਾਂ ਸਿਲਸਿਲੇਵਾਰ ਧਮਾਕਿਆਂ ਦੇ ਪਿੱਛੇ ਹੋ ਸਕਦੇ ਹਨ। ਚੀਨੀ ਪ੍ਰਸ਼ਾਸਨ ਮ੍ਰਿਤਕਾਂ ਦੀ ਅਸਲ ਗਿਣਤੀ ਲੁਕਾਉਣ ’ਚ ਲੱਗਾ ਹੋਇਆ ਹੈ ਤਾਂ ਓਧਰ ਇਨ੍ਹਾਂ ਸਾਰੇ ਧਮਾਕਿਆਂ ਨੂੰ ਗੈਸ ਪਾਈਪਲਾਈਨ ਜਾਂ ਗੈਸ ਟੈਂਕਰਾਂ ’ਚ ਲੀਕੇਜ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਧਮਾਕੇ ਚੀਨ ਦੀ 19ਵੀਂ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ 8ਵੀਂ ਪਲੈਨੇਰੀ ਸੈਸ਼ਨ ਬੈਠਕ ਤੋਂ ਪਹਿਲਾਂ ਹੋਏ ਹਨ, ਇਨ੍ਹਾਂ ਨੂੰ ਦੇਖਦੇ ਹੋਏ ਕੁਝ ਰਣਨੀਤੀਕਾਰ ਅਤੇ ਚੀਨ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਸੀ. ਸੀ. ਪੀ. ਦਾ ਵਿਰੋਧੀ ਧੜਾ ਇਨ੍ਹਾਂ ਧਮਾਕਿਆਂ ਦੇ ਿਪੱਛੇ ਕੰਮ ਕਰ ਰਿਹਾ ਹੈ। ਜਿਸ ਤਰ੍ਹਾਂ ਇਨ੍ਹਾਂ ਸਾਰੇ ਧਮਾਕਿਆਂ ਦਾ ਕੇਂਦਰ ਫੈਕਟਰੀ, ਸਕੂਲ, ਕਾਲਜ ਰਹੇ ਹਨ, ਇਸ ਗੱਲ ਦਾ ਵੀ ਖਦਸ਼ਾ ਹੈ ਕਿ ਚੀਨ ’ਚ ਵਿਦਿਆਰਥੀਆਂ, ਮਜ਼ਦੂਰਾਂ ਦਰਮਿਆਨ ਚੀਨੀ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਵਿਰੁੱਧ ਵਧਦਾ ਅਸੰਤੋਸ਼ ਵੀ ਇਨ੍ਹਾਂ ਧਮਾਕਿਆਂ ਦਾ ਕਾਰਨ ਰਿਹਾ ਹੋਵੇ। ਇਸ ਦੇ ਇਲਾਵਾ ਸ਼ੀ ਜਿਨਪਿੰਗ ਦੀਆਂ ਘਾਣਕਾਰੀ ਨੀਤੀਆਂ ਵੀ ਇਨ੍ਹਾਂ ਧਮਾਕਿਆਂ ਦੇ ਿਪੱਛੇ ਇਕ ਕਾਰਨ ਹੋ ਸਕਦੀਆਂ ਹਨ। ਸ਼ੀ ਇਸ ਵਾਰ ਦੀ ਸੀ. ਪੀ. ਪੀ. ਸੀ. ਸੀ. ਦੀ ਹੋਣ ਵਾਲੀ ਬੈਠਕ ’ਚ ਖੁਦ ਨੂੰ ਅਗਲੇ ਪੰਜ ਸਾਲਾਂ ਲਈ ਨਾਮਜ਼ਦ ਕਰ ਲੈਣ ਜਾਂ ਫਿਰ ਚੀਨ ਦੇ ਕਾਨੂੰਨ ’ਚ ਬਦਲਾਅ ਕਰ ਕੇ ਪੂਰੀ ਜ਼ਿੰਦਗੀ ਲਈ ਚੀਨ ਦੇ ਕਰਤਾ-ਧਰਤਾ ਬਣ ਬੈਠਣ, ਇਨ੍ਹਾਂ ਸਾਰੇ ਖਦਸ਼ਿਆਂ ਨੂੰ ਦੂਰ ਕਰਨ ਲਈ ਹੋ ਸਕਦਾ ਹੈ ਕਿ ਸ਼ੀ ਜਿਨਪਿੰਗ ਦਾ ਵਿਰੋਧੀ ਧੜਾ ਬਹੁਤ ਜ਼ਿਆਦਾ ਸਰਗਰਮ ਹੋ ਉੱਠਿਆ ਹੈ ਜੋ ਸ਼ੀ ਜਿਨਪਿੰਗ ਨੂੰ ਚੀਨ ਦੀ ਸੱਤਾ ਤੋਂ ਉਖਾੜ ਕੇ ਸੁੱਟਣ ਲਈ ਕੰਮ ਕਰ ਰਿਹਾ ਹੈ। ਇਸ ਲਈ ਖਦਸ਼ਾ ਇਸ ਗੱਲ ਦਾ ਹੈ ਕਿ ਚੀਨ ਦੇ ਕਮਿਊਨਿਸਟ ਵਿਰੋਧੀ ਧੜੇ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਸ਼ੀ ਨੂੰ ਸੱਤਾ ਤੋਂ ਬਾਹਰ ਕਰਨ ਦੀ ਜੁਗਤ ’ਚ ਲੱਗਾ ਹੋਵੇ। ਜਾਣਕਾਰਾਂ ਦਾ ਇਕ ਵਰਗ ਇਸ ਵਿਚਾਰ ਦਾ ਹੈ ਕਿ ਸ਼ੀ ਜਿਨਪਿੰਗ ਆਪਣੇ ਵਿਰੋਧੀਆਂ ਨੂੰ ਇਸ ਸਮੇਂ ਟਿਕਾਣੇ ਲਗਾਉਣ ਲਈ ਖੁਫੀਆ ਢੰਗ ਨਾਲ ਕੰਮ ਕਰ ਰਹੇ ਹਨ, ਭਾਵੇਂ ਇਸ ’ਚ ਚੀਨੀ ਕੂਟਨੀਤਕ ਹੋਣ ਜਾਂ ਫਿਰ ਵੱਡੇ ਵਪਾਰੀ, ਲੋਕ ਇੱਥੋਂ ਤੱਕ ਬੋਲਣ ਲੱਗੇ ਹਨ ਕਿ ਚੀਨ ’ਚ ਇਸ ਸਮੇਂ ਕੋਈ ਵੀ ਸੁਰੱਖਿਅਤ ਨਹੀਂ ਹੈ, ਉਪ-ਰਾਸ਼ਟਰਪਤੀ ਵਾਂਗ ਛੀਸ਼ਾਨ ਵੀ ਨਹੀਂ। ਸ਼ੀ ਨੂੰ ਡਰ ਹੈ ਕਿ ਉਹ ਵੀ ਸ਼ੀ ਦੀ ਸੱਤਾ ਨੂੰ ਆਪਣੇ ਕਬਜ਼ੇ ’ਚ ਲੈ ਸਕਦੇ ਹਨ, ਇਸ ਲਈ ਸ਼ੀ ਜਿਨਪਿੰਗ ਆਪਣੇ ਲਈ ਕਿਸੇ ਵੀ ਸੰਭਾਵਤ ਖਤਰੇ ਨੂੰ ਪੁੱਟ ਸੁੱਟਣ ਦਾ ਕੰਮ ਕਰ ਰਹੇ ਹਨ। ਚੀਨ ’ਚ ਇਸ ਸਮੇਂ ਊਰਜਾ, ਖੁਰਾਕੀ ਪਦਾਰਥ, ਆਰਥਿਕ ਸੰਕਟ ਦਾ ਸਮਾਂ ਚੱਲ ਰਿਹਾ ਹੈ, ਕਿਤੇ ਇਹ ਸਭ ਰਲ ਕੇ ਚੀਨ ਨੂੰ ਸਿਆਸੀ ਇਨਫੈਕਸ਼ਨ ਵਰਗੀ ਮੁਸੀਬਤ ’ਚ ਨਾ ਲੈ ਜਾਣ ਅਤੇ ਇਸ ਦਾ ਲਾਭ ਕਮਿਊਨਿਸਟ ਵਿਰੋਧੀ ਖੇਮਾ ਅਤੇ ਕਮਿਊਨਿਸਟ ਪਾਰਟੀ ’ਚ ਸ਼ੀ ਵਿਰੋਧੀ ਧੜਾ ਨਾ ਉਠਾ ਸਕੇ, ਕਿਉਂਕਿ ਇਸ ਸਮੇਂ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਅਤੇ ਸ਼ੀ ਜਿਨਪਿੰਗ ਦੀਆਂ ਘਾਣਕਾਰੀ ਨੀਤੀਆਂ ਦੇ ਵਿਰੋਧ ’ਚ ਚੀਨ ’ਚ ਅੰਦਰਖਾਤੇ ਵੱਡੀ ਚੁੱਕ-ਥਲ ਹੋ ਰਹੀ ਹੈ।

Comment here