ਅਪਰਾਧਸਿਆਸਤਖਬਰਾਂਦੁਨੀਆ

ਸਿਰਫ ਵਿਦੇਸ਼ੀਆਂ ਨੂੰ ਜਾਣ ਦੀ ਇਜਾਜ਼ਤ, ਅਫਗਾਨੀਆਂ ਤੇ ਤਾਲਿਬਾਨਾਂ ਤੇ ਲਾਈ ਪਾਬੰਦੀ

ਕਾਬੁਲ – ਤਾਲਿਬਾਨਾਂ ਨੇ ਵੀਹ ਸਾਲਾਂ ਬਾਅਦ ਅਫਗਾਨਿਸਤਾਨ ਵਿਚ ਇਕ ਵਾਰ ਫੇਰ ਆਪਣਾ ਰਾਜ ਸਥਾਪਤ ਕਰ ਲਿਆ ਹੈ। ਹਫੜਾ ਦਫੜੀ ਵਾਲੇ ਮਹੌਲ ਕਰਕੇ ਬਹੁਤ ਸਾਰੇ ਆਮ ਲੋਕ ਕਿਸੇ ਵੀ ਕੀਮਤ ‘ਤੇ ਅਫਗਾਨਿਸਤਾਨ ਛੱਡ ਕੇ ਜਾਣਾ ਚਾਹੁੰਦੇ ਹਨ। ਹਜ਼ਾਰਾਂ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ ਪਰ ਹੁਣ ਤਾਲਿਬਾਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਹੁਣ ਉਹ ਕਿਸੇ ਅਫਗਾਨੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦੇਵੇਗਾ। ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਅਮਰੀਕੀ ਨਿਊਜ਼ ਚੈਨਲ ਸੀ.ਐੱਨ.ਐੱਨ. ਨੂੰ ਕਿਹਾ ਕਿ ਹੁਣ ਕਿਸੇ ਵੀ ਅਫਗਾਨੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਵਿਦੇਸ਼ੀ ਨਾਗਰਿਕ ਆਪਣੇ ਦੇਸ਼ ਪਰਤ ਸਕਦੇ ਹਨ। ਮੁਜਾਹਿਦ ਨੇ ਦੱਸਿਆ,”ਹਵਾਈ ਅੱਡੇ ਜਾਣ ਵਾਲੀ ਸੜਕ ਨੂੰ ਬਲਾਕ ਕਰ ਦਿੱਤਾ ਗਿਆ ਹੈ। ਅਫਗਾਨੀ ਉਸ ਸੜਕ ਤੋਂ ਹਵਾਈ ਅੱਡੇ ਵੱਲ ਨਹੀਂ ਜਾ ਸਕਦੇ ਪਰ ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅੱਡੇ ਜਾਣ ਦੀ ਇਜਾਜ਼ਤ ਹੋਵੇਗੀ।” ਜਬੀਉੱਲਾਹ ਨੇ ਕਿਹਾ ਕਿ ਬੀਤੇ ਦਿਨਾਂ ਵਿਚ ਜਿੰਨੇ ਵੀ ਅਫਗਾਨੀ ਨਾਗਰਿਕਾਂ ਨੇ ਦੇਸ਼ ਛੱਡਿਆ ਹੈ ਉਹਨਾਂ ਨੂੰ ਵਾਪਸ ਆਪਣੇ ਦੇਸ਼ ਪਰਤ ਆਉਣਾ ਚਾਹੀਦਾ ਹੈ। ਤਾਲਿਬਾਨ ਨੇ ਕਿਹਾ,”ਅਸੀਂ ਹੁਣ ਅਫਗਾਨਾਂ ਨੂੰ ਦੇਸ਼ ਨਹੀਂ ਛੱਡਣ ਦੇਵਾਂਗੇ। ਅਸੀਂ ਇਸ ਗੱਲ ਤੋਂ ਖੁਸ਼ ਨਹੀਂ ਹਾਂ। ਅਫਗਾਨਿਤਾਨ ਦੇ ਡਾਕਟਰਾਂ ਅਤੇ ਅਕਾਦਮਿਕਾਂ ਨੂੰ ਦੇਸ਼ ਨਹੀਂ ਛੱਡਣਾ ਚਾਹੀਦਾ ਅਤੇ ਉਹਨਾਂ ਨੂੰ ਆਪਣੇ ਦੇਸ਼ ਵਿਚ ਹੀ ਕੰਮ ਕਰਨਾ ਚਾਹੀਦਾ ਹੈ।” ਤਾਲਿਬਾਨ ਨੇਤਾ ਦਾ ਇਹ ਬਿਆਨ ਧਰਵਾਸ ਨਹੀਂ ਬੰਨਾ ਸਕਿਆ ਤੇ ਲੋਕ ਕਿਸੇ ਵੀ ਹਾਲ ਨਿਕਲਣ ਲਈ ਕਾਹਲੇ ਹਨ।

Comment here