ਅਪਰਾਧਸਿਆਸਤਖਬਰਾਂ

ਸਿਪਾਹੀ ਦੇ ਲਸੰਸੀ ਰਿਵਾਲਵਰ ਨਾਲ ਪੀਜੀ ‘ਚ ਰਹਿੰਦੀ ਪ੍ਰੇਮਿਕਾ ਦੀ ਮੌਤ

ਲੁਧਿਆਣਾ : ਨਿਊ ਪ੍ਰੇਮ ਨਗਰ ਏਰੀਆ ਵਿਚ ਕਿਰਾਏ ’ਤੇ ਰਹਿੰਦੀ ਲੜਕੀ ਦੀ ਸ਼ੱਕੀ ਹਾਲਾਤ ਵਿਚ ਸਿਰ ’ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ’ਤੇ ਉਸ ਦੇ ਪ੍ਰੇਮੀ ਕਾਂਸਟੇਬਲ ਸੁਖਵਿੰਦਰ ਸਿੰਘ ਸਮੇਤ ਦੋ ਹੋਰਨਾਂ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰ ਕੀਤਾ ਹੈ। ਮਿ੍ਤਕਾ ਦੀ ਸ਼ਨਾਖਤ ਮਨਦੀਪ ਕੌਰ ਵਾਸੀ ਪਿੰਡ ਝੰਡੂ ਜੀਰਾ ਵਜੋਂ ਹੋਈ ਹੈ। ਉਹ ਨਿਊ ਪ੍ਰੇਮ ਨਗਰ ’ਵਿਚ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ ਅਤੇ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਉਸ ਕੋਲ ਆਉਣਾ-ਜਾਣਾ ਸੀ। ਬੀਤੇ ਦਿਨੀਂ ਸੁਖਵਿੰਦਰ ਸਿੰਘ ਦੀ ਜਨਮ ਦਿਨ ਪਾਰਟੀ ਦੌਰੇ ਦੋਵਾਂ ’ਵਿਚ ਝਗੜਾ ਹੋਇਆ ਸੀ। ਮਨਦੀਪ ਕੌਰ ਨੇ ਸੁਖਵਿੰਦਰ ਸਿੰਘ ਨੂੰ ਤੋਹਫੇ ਵਜੋਂ ਮੋਬਾਈਲ ਫੋਨ ਦਿੱਤਾ ਸੀ ਅਤੇ ਦੋਵਾਂ ਵਿਚ ਇਸ ਨੂੰ ਲੈ ਕੇ ਝਗੜਾ ਵੀ ਹੋਇਆ ਸੀ। ਪੁਲਿਸ ਮੁਲਾਜ਼ਮ ਇਸ ਗੱਲ ਨੂੰ ਲੈ ਕੇ ਖਫਾ ਸੀ ਕਿ ਉਸ ਨੇ ਮੋਬਾਈਲ ’ਤੇ ਪੈਸੇ ਕਿਉਂ ਖਰਚ ਕੀਤੇ ਅਤੇ ਇਸ ਨੂੰ ਲੈ ਕੇ ਪਾਰਟੀ ਦੌਰਾਨ ਵੀ ਝਗੜਾ ਹੋਇਆ ਸੀ।
ਜਾਣਕਾਰੀ ਅਨੁਸਾਰ ਮਨਦੀਪ ਕੌਰ ਨੇ ਬੀਐੱਸਸੀ ਕੀਤੀ ਹੋਈ ਸੀ ਅਤੇ ਉਹ ਲੁਧਿਆਣਾ ’ਵਿਚ ਬਜ਼ੁਰਗਾਂ ਲਈ ਘਰਾਂ ਵਿਚ ਹੈਲਥ ਕੇਅਰ ਦਾ ਕੰਮ ਕਰਦੀ ਸੀ। ਉਸ ਨੇ ਨਿਊ ਪ੍ਰੇਮ ਨਗਰ ਵਿਚ ਇਕ ਘਰ ਕਿਰਾਏ ’ਤੇ ਲਿਆ ਹੋਇਆ ਸੀ।
ਪੁਲਿਸ ਸੂਤਰਾਂ ਅਨੁਸਾਰ ਉਹ ਸੁਖਵਿੰਦਰ ਸਿੰਘ ਨਾਲ ਰਿਲੇਸ਼ਨਸ਼ਿਪ ਵਿਚ ਸੀ ਅਤੇ ਦੋਵੇਂ ਅਕਸਰ ਇੱਥੇ ਰਹਿੰਦੇ ਸਨ। ਇਸ ਦੋ ਕਮਰੇ ਦੇ ਮਕਾਨ ਵਿਚ ਉਸ ਦੇ ਨਾਲ ਤਨੂੰ ਨਾਮਕ ਵਿਦਿਆਰਥੀ ਵੀ ਰਹਿਣ ਆਈ ਹੋਈ ਸੀ।  ਸੁਖਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ਇੱਥੇ ਕੀਤੀ ਗਈ ਸੀ ਜਿਸ ਵਿਚ ਸੁਖਵਿੰਦਰ ਦੇ ਕੁਝ ਹੋਰ ਪੁਲਿਸ ਮੁਲਾਜ਼ਮ ਦੋਸਤ ਵੀ ਆਏ ਸਨ। ਪਾਰਟੀ ਤੋਂ ਬਾਅਦ ਜ਼ਿਆਦਾਤਰ ਲੋਕ ਉਥੋਂ ਚਲੇ ਗਏ ਜਦਕਿ ਉਸ ਦਾ ਸਾਥੀ ਨੋਨੀ ਨਾਮਕ ਪੁਲਿਸ ਮੁਲਾਜ਼ਮ ਉਥੇ ਤਨੂੰ ਕੋਲ ਰੁਕ ਗਿਆ ਸੀ। ਇਕ ਕਮਰੇ ਵਿਚ ਤਨੂੰ ਅਤੇ ਨੋਨੀ ਰੁਕੇ ਹੋਏ ਸਨ ਅਤੇ ਦੂਸਰੇ ’ਵਿਚ ਸੁਖਵਿੰਦਰ ਸਿੰਘ ਮਨਦੀਪ ਕੌਰ ਨਾਲ ਮੌਜੂਦ ਸੀ।
ਅਧੀ ਰਾਤ ਦੌਰਾਨ ਗੋਲੀ ਚੱਲਣ ਕਾਰਨ ਸਾਰੇ ਉਠ ਗਏ ਸਨ। ਜਿਵੇਂ ਹੀ ਸੁਖਵਿੰਦਰ ਦੇ ਕਮਰੇ ਵਿਚ ਪਹੁੰਚੇ ਤਾਂ ਉਹ ਰੌਲਾ ਪਾ ਰਿਹਾ ਸੀ ਕਿ ਦੇਖੋ ਲੜਕੀ ਨੇ ਕੀ ਕਰ ਲਿਆ। ਉਹ ਸਾਰੇ ਲੜਕੀ ਨੂੰ ਡੀਐੱਮਸੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।
ਘਟਨਾ ਦਾ ਪਤਾ ਲੱਗਣ ਤੋਂ ਬਾਅਦ ਲੜਕੀ ਦੇ ਪਿਤਾ ਰਛਪਾਲ ਸਿੰਘ ਨੇ ਪੁਲਿਸ ਅੱਗੇ ਖਦਸ਼ਾ ਜ਼ਾਹਰ ਕੀਤਾ ਕਿ ਸੁਖਵਿੰਦਰ ਸਿੰਘ ਨੇ ਉਸ ਦੀ ਧੀ ਨਾਲ ਸਰੀਰਕ ਸਬੰਧ ਬਣਾਏ ਹੋਣਗੇ, ਜਦਕਿ ਉਸ ਦੀ ਧੀ ਨੇ ਵਿਰੋਧ ਕੀਤਾ ਤਾਂ ਉਸ ਦੇ ਸਿਰ ’ਵਿਚ ਗੋਲੀ ਮਾਰ ਦਿੱਤੀ ਗਈ।
ਇਸ ਵਾਰਦਾਤ ਵਿਚ ਨੋਨੀ ਅਤੇ ਤਨੂੰ ਵੀ ਸ਼ਾਮਲ ਹਨ। ਪੁਲਿਸ ਨੇ ਰਛਪਾਲ ਸਿੰਘ ਦੇ ਬਿਆਨ ’ਤੇ ਸੁਖਵਿੰਦਰ ਸਿੰਘ, ਨੋਨੀ ਤੇ ਤਨੂੰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਪਰ ਫੋਰੈਂਸਿਕ ਟੀਮਾਂ ਵੱਲੋਂ ਇਕੱਠੇ ਕੀਤੇ ਗਏ ਸਬੂਤ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਇਸ ਦੀ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।
ਪਰਿਵਾਰ ਨੂੰ ਮਨਾਉਣ ’ਵਿਚ ਲੱਗੇ ਰਹੇ ਅਧਿਕਾਰੀ
ਮਨਦੀਪ ਕੌਰ ਦਾ ਪਰਿਵਾਰ ਬਾਅਦ ਦੁਪਹਿਰ ਲੁਧਿਆਣੇ ਪਹੁੰਚਿਆ ਸੀ ਅਤੇ ਉਨ੍ਹਾਂ ਵੱਲੋਂ ਸ਼ੁਰੂ ਤੋਂ ਹੀ ਹੱਤਿਆ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਪਰ ਜਨਮ ਦਿਨ ਦੀ ਪਾਰਟੀ ਵਿਚ ਦਰਜਨ ਦੇ ਲਗਪਗ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਸਾਰਿਆਂ ’ਤੇ ਵਿਭਾਗੀ ਕਾਰਵਾਈ ਹੋ ਸਕਦੀ ਹੈ, ਇਸ ਦੇ ਡਰ ਕਾਰਨ ਪੁਲਿਸ ਉਨ੍ਹਾਂ ਨੂੰ ਮਨਾਉਣ ਵਿਚ ਲੱਗੀ ਹੋਈ ਸੀ। ਪੁਲਿਸ ਨੇ ਪਰਿਵਾਰ ਨੂੰ ਮਨਾਉਣ ਦਾ ਯਤਨ ਕੀਤਾ ਕਿ ਉਹ 174 ਸੀਆਰਪੀਸੀ ਤਹਿਤ ਕਾਰਵਾਈ ਹੋਣ ਦੇਣ ਅਤੇ ਬਾਅਦ ਵਿਚ ਪੋਸਟਮਾਰਟਮ ਰਿਪੋਰਟ ਅਤੇ ਹੋਰਨਾਂ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਵਧਾ ਦਿੱਤੀ ਜਾਵੇਗੀ ਪਰ ਲੜਕੀ ਦੇ ਪਿਤਾ ਇਸ ’ਤੇ ਨਹੀਂ ਮੰਨੇ ਅਤੇ ਆਖ਼ਰ ਦੇਰ ਰਾਤ ਪੁਲਿਸ ਨੂੰ ਹੱਤਿਆ ਦਾ ਮਾਮਲਾ ਦਰਜ ਕਰਨਾ ਪਿਆ।
ਪੁਲਿਸ ਸਵੇਰ ਤੋਂ ਇਸ ਥਿਊਰੀ ’ਤੇ ਕੰਮ ਕਰ ਰਹੀ ਸੀ ਕਿ ਦੋਵਾਂ ਵਿਚ ਤੋਹਫੇ ਵਜੋਂ ਦਿੱਤੇ ਮੋਬਾਈਲ ਕਾਰਨ ਝਗੜਾ ਹੋਇਆ ਸੀ ਅਤੇ ਇਸੇ ਕਾਰਨ ਮਨਦੀਪ ਕੌਰ ਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਇਸ ’ਤੇ ਕਾਰਵਾਈ ਅਮਲ ਵਿਚ ਲਿਆਉਣੀ ਵੀ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦਾ ਆਪਣੇ ਪਰਿਵਾਰ ਨਾਲ ਝਗੜਾ ਸੀ ਅਤੇ ਇਸੇ ਲਈ ਉਹ ਪਰੇਸ਼ਾਨ ਸੀ ਅਤੇ ਪ੍ਰੇਮੀ ਨਾਲ ਝਗੜੇ ਤੋਂ ਬਾਅਦ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਸੀ

Comment here