ਸਿਡਨੀ-ਇਥੋਂ ਦੇ ਸਥਾਨਕ ਮੀਡੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਸਟ੍ਰੇਲੀਆ ਦੇ ਮੱਧ ਸਿਡਨੀ ਦੇ ਉਪਨਗਰ ਸਰੀ ਹਿੱਲ ‘ਚ ਇਕ ਇਮਾਰਤ ‘ਚ ਭਿਆਨਕ ਅੱਗ ਲੱਗਣ ਨਾਲ ਸੱਤ ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ। ਨਾਲ ਹੀ ਅੱਗ ਆਲੇ-ਦੁਆਲੇ ਦੀਆਂ ਇਮਾਰਤਾਂ ਤੱਕ ਫੈਲਣ ਦਾ ਖਦਸ਼ਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਨੇ ਆਸਪਾਸ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਹੈ ਅਤੇ ਸੜਕਾਂ ‘ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ | ਵੱਡੀ ਗਿਣਤੀ ਵਿਚ ਅੱਗ ਬੁਝਾਊ ਕਰਮਚਾਰੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਹਨ। ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਸੈਂਟਰਲ ਸਟੇਸ਼ਨ ਨੇੜੇ ਰੈਂਡਲ ਸਟਰੀਟ ‘ਤੇ ਘੱਟੋ-ਘੱਟ 50 ਲੋਕਾਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਗਿਆ ਹੈ। ਮੌਕੇ ‘ਤੇ 100 ਤੋਂ ਵੱਧ ਫਾਇਰ ਫਾਈਟਰਜ਼ ਅਤੇ 20 ਫਾਇਰ ਇੰਜਣ ਮੌਜੂਦ ਹਨ। ਘਟਨਾ ਸਿਡਨੀ ਦੇ ਸਰੀ ਹਿਲਸ ਇਲਾਕੇ ਦੀ ਰੈਂਡਲ ਸਟਰੀਟ ਦੀ ਹੈ। ਜਿਸ ਇਮਾਰਤ ਵਿੱਚ ਅੱਗ ਲੱਗੀ, ਉਹ ਸਿਡਨੀ ਦੇ ਸੈਂਟਰਲ ਸਟੇਸ਼ਨ ਦੇ ਕੋਲ ਹੈ। ਅੱਗ ਕਾਰਨ ਇਮਾਰਤ ਦੇ ਸੜਦੇ ਹਿੱਸੇ ਸੜਕ ‘ਤੇ ਡਿੱਗ ਰਹੇ ਹਨ। ਇਸ ਕਾਰਨ ਰੈਂਡਲ ਸਟਰੀਟ ‘ਤੇ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਇਮਾਰਤ ‘ਚ ਅੱਗ ਲੱਗੀ ਉਸ ਦੇ ਆਲੇ-ਦੁਆਲੇ ਕਈ ਰਿਹਾਇਸ਼ੀ ਇਮਾਰਤਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅੱਗ ਹੋਰ ਇਮਾਰਤਾਂ ਤੱਕ ਵੀ ਫੈਲਣ ਦਾ ਖਦਸ਼ਾ ਹੈ।
Comment here