ਸਿਆਸਤਖਬਰਾਂਦੁਨੀਆ

ਸਿਡਨੀ ‘ਚ ਪੀਐਮ ਮੋਦੀ ਗਾਰਡ ਆਫ਼ ਆਨਰ ਨਾਲ ਸਨਮਾਨਿਤ

ਸਿਡਨੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਿਡਨੀ ਫੇਰੀ ਦੌਰਾਨ ਇੱਕ ਭਾਈਚਾਰਕ ਸਮਾਗਮ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਆਪਣੇ ਮੁੱਖ ਸੰਬੋਧਨ ਵਿੱਚ, “ਆਪਸੀ ਵਿਸ਼ਵਾਸ ਅਤੇ ਆਪਸੀ ਸਤਿਕਾਰ” ਨੂੰ ਉਜਾਗਰ ਕੀਤਾ, ਜੋ ਭਾਰਤ ਅਤੇ ਆਸਟਰੇਲੀਆ ਦਰਮਿਆਨ ਨੇੜਲੇ ਇਤਿਹਾਸਕ ਸਬੰਧਾਂ ਦੀ ਨੀਂਹ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁੱਧਵਾਰ ਨੂੰ ਸਿਡਨੀ, ਆਸਟ੍ਰੇਲੀਆ ਦੇ ਐਡਮਿਰਲਟੀ ਹਾਊਸ ਵਿਖੇ ਰਸਮੀ ਗਾਰਡ ਆਫ਼ ਆਨਰ ਦਿੱਤਾ ਗਿਆ। ਪੀ.ਐੱਮ. ਮੋਦੀ ਨੇ ਸਿਡਨੀ ਦੇ ਐਡਮਿਰਲਟੀ ਹਾਊਸ ਵਿੱਚ ਵਿਜ਼ਟਰ ਬੁੱਕ ‘ਤੇ ਦਸਤਖ਼ਤ ਵੀ ਕੀਤੇ।
‘ਨਮਸਤੇ ਆਸਟ੍ਰੇਲੀਆ’ ਨਾਲ ਆਪਣਾ ਸੰਬੋਧਨ ਸ਼ੁਰੂ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਭਾਰਤ-ਆਸਟ੍ਰੇਲੀਆ ਸਬੰਧਾਂ ਦੀ ਵਿਆਖਿਆ ‘ਟ੍ਰਿਪਲ ਸੀ’ ਯਾਨੀ ਕਾਮਨਵੈਲਥ (ਰਾਸ਼ਟਰਮੰਡਲ), ਕ੍ਰਿਕਟ ਅਤੇ ਕੜ੍ਹੀ ਨਾਲ ਹੁੰਦੀ ਸੀ ਅਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਦੇ ਸਬੰਧ ‘ਥ੍ਰੀ ਡੀ’ ’ਤੇ ਆਧਾਰਿਤ ਹਨ ਯਾਨੀ ਡੈਮੋਕ੍ਰੇਸੀ (ਲੋਕਤੰਤਰ), ਡਾਇਸਪੋਰਾ (ਪ੍ਰਵਾਸੀ) ਅਤੇ ਦੋਸਤੀ। ਮੋਦੀ ਨੇ ਕਿਹਾ ਕਿ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਭਾਰਤ-ਆਸਟ੍ਰੇਲੀਆ ਸਬੰਧ ‘ਥ੍ਰੀ ਈ’ ਭਾਵ ਐਨਰਜੀ (ਊਰਜਾ), ਇਕਾਨਮੀ (ਅਰਥਵਿਵਸਥਾ) ਅਤੇ ਐਜੂਕੇਸ਼ਨ (ਸਿੱਖਿਆ) ’ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਕਦੇ ‘ਸੀ’ ਕਦੇ ‘ਡੀ’ ਅਤੇ ਕਦੇ ‘ਈ’। ਭਾਰਤ ਅਤੇ ਆਸਟ੍ਰੇਲੀਆ ਦੇ ਇਤਿਹਾਸਕ ਸਬੰਧਾਂ ਦਾ ਵਿਸਤਾਰ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ। ਸੱਚਾਈ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਅਸਲ ਡੂੰਘਾਈ ‘ਸੀ’, ‘ਡੀ’ ਅਤੇ ‘ਈ’ ਤੋਂ ਪਰੇ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਬੰਧ ਦੀ ਸਭ ਤੋਂ ਮਜ਼ਬੂਤ ​​ਅਤੇ ਸਭ ਤੋਂ ਵੱਡੀ ਬੁਨਿਆਦ ਅਸਲ ਵਿੱਚ ਆਪਸੀ ਵਿਸ਼ਵਾਸ ਅਤੇ ਆਪਸੀ ਸਨਮਾਨ ਹੈ ਅਤੇ ਇਹ ਸਿਰਫ਼ ਭਾਰਤ-ਆਸਟ੍ਰੇਲੀਆ ਦੇ ਕੂਟਨੀਤਕ ਸਬੰਧਾਂ ਤੋਂ ਵਿਕਸਿਤ ਨਹੀਂ ਹੋਇਆ ਹੈ। ਇਸ ਦਾ ਅਸਲ ਕਾਰਨ ਹੈ ਆਸਟ੍ਰੇਲੀਆ ਵਿਚ ਰਹਿਣ ਵਾਲਾ ਹਰ ਇਕ ਭਾਰਤੀ…ਇਸ ਦਾ ਅਸਲੀ ਕਾਰਨ ਹੈ ਆਸਟ੍ਰੇਲੀਆ ਦੇ ਢਾਈ ਕਰੋੜ ਤੋਂ ਜ਼ਿਆਦਾ ਨਾਗਰਿਕ।’ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਭੂਗੋਲਿਕ ਦੂਰੀ ਹੈ, ਪਰ ਹਿੰਦ ਮਹਾਸਾਗਰ ਇਨ੍ਹਾਂ ਨੂੰ ਜੋੜਦਾ ਹੈ, ਜੀਵਨ ਸ਼ੈਲੀ ਭਾਵੇਂ ਵੱਖ-ਵੱਖ ਹੋ ਸਕਦੀ ਹੈ, ਪਰ ਹੁਣ ਯੋਗਾ ਵੀ ਇਨ੍ਹਾਂ ਨੂੰ ਜੋੜਦਾ ਹੈ। ਮੋਦੀ ਨੇ ਕਿਹਾ ਕਿ ਕ੍ਰਿਕਟ ਨਾਲ ਤਾਂ ਭਾਰਤ ਅਤੇ ਆਸਟ੍ਰੇਲੀਆ ਪਤਾ ਨਹੀਂ ਕਦੋਂ ਤੋਂ ਜੁੜੇ ਹੋਏ ਹਨ ਪਰ ਹੁਣ ਟੈਨਿਸ ਅਤੇ ਫਿਲਮਾਂ ਵੀ ਇਨ੍ਹਾਂ ਨੂੰ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਆਸਟ੍ਰੇਲੀਆਈ ਸਪਿਨ ਗੇਂਦਬਾਜ਼ ਸ਼ੇਨ ਵਾਰਨ ਦਾ ਦਿਹਾਂਤ ਹੋਇਆ ਤਾਂ ਲੱਖਾਂ ਭਾਰਤੀ ਵੀ ਦੁਖੀ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਨੀਜ਼ ਨੇ ਮੋਦੀ ਦਾ ਸਵਾਗਤ ਕਰਦੇ ਹੋਏ ਹੈਰਿਸ ਪਾਰਕ ਦਾ ਨਾਮਕਰਨ ‘ਲਿਟਿਲ ਇੰਡੀਆ’ ਕਰਨ ਦਾ ਐਲਾਨ ਕੀਤਾ।

Comment here