ਅਪਰਾਧਸਿਆਸਤਖਬਰਾਂ

ਸਿਆਸੀ ਰੰਜ਼ਿਸ਼ ਕਾਰਨ ਕਾਂਗਰਸੀ ਸਰਪੰਚਣੀ ਦੇ ਪਤੀ ਤੇ ਹਮਲਾ, ਅਕਾਲੀ ਨਾਮਜ਼ਦ

ਗੁਰਦਾਸਪੁਰ-ਚੱਲ ਰਹੇ ਚੋਣ ਵਰੇ ਚ ਪੰਜਾਬ ਦਾ ਮਹੌਲ ਠੀਕ ਠਾਕ ਨਹੀਂ ਰਿਹਾ। ਆਏ ਦਿਨ ਵਾਪਰ ਰਹੀਆਂ ਹਿੰਸਕ ਵਾਰਦਾਤਾਂ ਸਾਰੀ ਹਕੀਕਤ ਬਿਆਨਦੀਆਂ ਹੀ ਨੇ। ਗੁਰਦਾਸਪੁਰ ਜ਼ਿਲੇ ਪਿੰਡ ਫੁੱਲੜੇ ਦੀ ਸਰਪੰਚਣੀ ਦੇ ਪਤੀ ਉੱਤੇ ਕੱਲ ਦਿਨ ਦਿਹਾੜੇ ਦੋ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੂੰ ਦਿੱਤੇ ਹੋਏ ਬਿਆਨਾਂ ਅਤੇ ਹਮਲੇ ਵਿੱਚੋਂ ਵਾਲ-ਵਾਲ ਬਚੇ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਅੱਜ ਆਪਣੇ ਪਿੰਡ ਨੇੜੇ ਹੀ ਨਾਈ ਦੀ ਦੁਕਾਨ ਤੋਂ ਵਾਲ ਕਟਵਾ ਕੇ ਘਰ ਪਰਤ ਰਿਹਾ ਸੀ ਤਾਂ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਉੱਪਰ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਖੁਸ਼ਕਿਸਮਤੀ ਨਾਲ ਬਚ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਕਥਿਤ ਗੋਲੀਆਂ ਚਲਾਉਣ ਵਾਲੇ ਨੇੜਲੇ ਹੀ ਪਿੰਡ ਫੱਤੂ ਬਰਕਤ ਦੇ ਇੱਕ ਅਕਾਲੀ ਆਗੂ ਦਾ ਭਰਾ ਹੈ। ਸੁਖਰਾਜ ਸਿੰਘ ਨੇ ਦੱਸਿਆ ਕਿ ਇਸ ਦੀ ਸੂਚਨਾ ਉਸ ਨੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਲਿਖਤੀ ਤੌਰ ‘ਤੇ ਦਿੱਤੀ ਹੈ। ਸੁਖਰਾਜ ਸਿੰਘ ਨੇ ਕਿਹਾ ਕਿ ਗੋਲੀਆਂ ਚਲਾਉਣ ਵਾਲਾ ਮੇਹਰ ਸਿੰਘ ਪੁੱਤਰ ਸੁਲੱਖਣ ਸਿੰਘ ਅਕਾਲੀ ਆਗੂ ਬਘੇਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਇਕਬਾਲ ਸਿੰਘ ਬਿੱਲਾ ਮਾਹਲ ਦਾ ਨੇੜਲਾ ਸਾਥੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਅਤੇ ਕਿਸਾਨ ਜਥੇਬੰਦੀਆਂ ਨਾਲ ਸਬੰਧ ਰੱਖਦੇ ਹਨ ਪਰ ਮੇਹਰ ਸਿੰਘ ਅਤੇ ਬਘੇਲ ਸਿੰਘ ਉਸ ਨਾਲ ਨਿੱਜੀ ਰੰਜਿਸ਼ ਰੱਖਦੇ ਸਨ। ਜਿਸ ਦੇ ਚਲਦਿਆਂ ਉਨ੍ਹਾਂ ਨੇ ਉਸ ਤੇ ਕਥਿਤ ਜਾਨਲੇਵਾ ਹਮਲਾ ਕੀਤਾ ਹੈ। ਇਸ ਸੰਬੰਧੀ ਜਦੋਂ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਐੱਸਐੱਚਓ ਸੁਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਸੂਚਨਾ ਮਿਲਣ ਤੇ ਪਿੰਡ ਫੁੱਲੜਾ ਵਿਖੇ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਸੁਖਰਾਜ ਸਿੰਘ ਅਤੇ ਹੋਰ ਪਿੰਡ ਵਾਸੀਆਂ ਦੇ ਬਿਆਨ ਕਲਮਬੰਦ ਕੀਤੇ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੀ ਤਫਤੀਸ਼ ਕਰੇਗੀ ਕਿ ਹਮਲਾਵਰਾਂ ਕੋਲ ਹਥਿਆਰ ਲਾਇਸੈਂਸੀ ਸਨ ਜਾਂ ਨਜਾਇਜ ਅਸਲਾ ਸੀ ਅਤੇ ਪੁਲਸ ਵਲੋਂ ਤਫਤੀਸ਼ ਬਾਅਦ ਹੋਰ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਜਦੋਂ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਿਆਸੀ ਰੰਜਿਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਇਸਦੀ ਸੂਚਨਾ ਪੱਤਰਕਾਰਾਂ ਵੱਲੋਂ ਆਏ ਫੋਨ ਕਾਲ ਤੋਂ ਹੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾਵੇਗੀ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸਿਆਸਤ ਤਹਿਤ ਫਸਾਉਣ ਦੀ ਕੋਝੀ ਸਾਜਿਸ਼ ਰਚੀ ਗਈ ਹੈ।

Comment here