ਅਪਰਾਧਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਸਿਆਸੀ ਮੁਫਾਦਾਂ ਲਈ ਫਿਰਕੂਪੁਣੇ ਨੂੰ ਹਵਾ ਦੇਣਾ ਭਾਰਤੀ ਸਮਾਜ ਲਈ ਖਤਰਨਾਕ

ਅੱਜ ਬਚਪਨ ਸਮੇਂ ਬੀਤੀਆਂ ਘਟਨਾਵਾਂ ਮੁੜ ਚੇਤਿਆਂ ਵਿੱਚ ਆ ਦਾਖਲ ਹੋਈਆਂ ਹਨ। ਸਾਡੇ ਬਚਪਨ ਸਮੇਂ ਹਰ ਪਿੰਡ ਵਿੱਚ ਦੋ ਚਾਰਾਂ ਨੂੰ ਛੱਡ ਕੇ ਸਾਰੇ ਘਰ ਕੱਚੇ ਹੁੰਦੇ ਸਨ। ਘਰਾਂ ਦੀਆਂ ਛੱਤਾਂ ਵੀ ਸ਼ਤੀਰ, ਬਾਲੇ ਕੜੀਆਂ ਪਾ ਕੇ ਉੱਤੇ ਸਰਕੜਾ ਵਿਛਾ ਕੇ ਉੱਪਰ ਮਿੱਟੀ ਪਾਈ ਹੁੰਦੀ ਸੀ; ਜਿਸ ਨੂੰ ਸਵਾਣੀਆਂ ਚੀਕਣੀ ਮਿੱਟੀ ਵਿੱਚ ਪਲੋਂ ਰਲਾ ਕੇ ਬਣਾਈ ਮਿੱਟੀ ਨਾਲ ਲਿੱਪ ਦਿੰਦੀਆਂ ਸਨ। ਕੱਚੀਆਂ ਕੰਧਾਂ ਨੂੰ ਵੀ ਲਿੱਪ ਸਵਾਰ ਕੇ ਉੱਪਰ ਚੀਕਣੀ ਕਾਲੀ ਮਿੱਟੀ ਨੂੰ ਪਾਣੀ ਵਿੱਚ ਘੋਲ ਕੇ ਪੁਰਾਣੇ ਕੱਪੜੇ ਨਾਲ ਪਰੋਲਾ ਮਾਰ ਦਿੰਦੀਆਂ ਸਨ। ਇੱਕ ਵਾਰ ਝੜੀ ਲੱਗ ਗਈ। ਕਈ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ। ਹੜ੍ਹ ਆਉਣ ਦੀ ਸਥਿਤੀ ਬਣ ਗਈ। ਫਸਲਾਂ ਮਰ ਗਈਆਂ। ਘਰਾਂ ਦੀਆਂ ਸ਼ਤੀਰੀਆਂ ਤਿੜਕ ਗਈਆਂ। ਕਈ ਕੜੀਆਂ ਟੁੱਟ ਗਈਆਂ। ਕੰਧਾਂ ਦੇ ਲਿਓੜ ਡਿਗ ਪਏ ਅਤੇ ਉਹ ਖੁਰਨੀਆਂ ਸ਼ੁਰੂ ਹੋ ਗਈਆਂ। ਛੱਤਾਂ ਵਿੱਚ ਮਘੋਰੇ ਹੋ ਗਏ। ਮੁੱਕਦੀ ਗੱਲ, ਕਿਤੇ ਸਿਰ ਲੁਕਾਉਣ ਜੋਗੀ ਥਾਂ ਨਾ ਰਹੀ।ਸਾਨੂੰ ਸਾਰੇ ਬੱਚਿਆਂ ਨੂੰ ਗੱਡਿਆਂ ਉੱਤੇ ਪੱਟੀਆਂ ਵਿਛਾ ਕੇ ਬਿਠਾ ਦਿੱਤਾ ਗਿਆ। ਗੱਡੇ ਉੱਪਰ ਵਿੱਡ ਲਾ ਕੇ ਉੱਪਰ ਵੀ ਇਸੇ ਤਰ੍ਹਾਂ ਛੱਤ ਜਿਹੀ ਪਾ ਦਿੱਤੀ। ਜਦੋਂ ਨੀਂਦ ਆਉਂਦੀ ਅਸੀਂ ਜਿੱਧਰ ਨੂੰ ਮਾੜਾ ਮੋਟਾ ਥਾਂ ਮਿਲਦਾ ਇੱਕ ਦੂਜੇ ਉੱਪਰ ਲੁੜ੍ਹਕ ਕੇ ਸੌਂ ਜਾਂਦੇ। ਮੇਰੀ ਦਾਦੀ, ਜਿਸਦਾ ਵਿਚਾਰ ਸੀ ਕਿ ਲਗਾਤਾਰ ਮੀਂਹ ਰੱਬ ਦੀ ਮਰਜ਼ੀ ਨਾਲ ਪੈ ਰਿਹਾ ਹੈ, ਉਹ ਰੱਬ ਅੱਗੇ ਫ਼ਰਿਆਦ ਕਰਦੀ ਕਹਿੰਦੀ, “ਹੁਣ ਤਾਂ ਬੱਸ ਕਰ ਜਾ, ਨਾ ਖੇਤ ਵਿੱਚ ਕੋਈ ਫ਼ਸਲ ਰਹੀ ਹੈ, ਨਾ ਘਰ ਸਬੂਤੇ ਰਹੇ ਹਨ। ਹੋਰ ਨਹੀਂ ਤਾਂ ਇਹਨਾਂ ਜੁਆਕਾਂ ’ਤੇ ਹੀ ਤਰਸ ਕਰ, ਕਿਵੇਂ ਇੱਕ ਦੂਜੇ ਉੱਪਰ ਲੁਟਕੇ ਪਏ ਹਨ।”ਮੱਧ ਪ੍ਰਦੇਸ਼ ਦੇ ਖਰਗੋਨ ਕਸਬੇ ਵਿੱਚ ਰਾਮ ਨੌਮੀ ਦੇ ਤਿਉਹਾਰ ਸਮੇਂ ਕੱਢੇ ਗਏ ਜਲੂਸ ਦੌਰਾਨ ਹੋਈ ਪੱਥਰ ਬਾਜ਼ੀ ਨੇ ਇੱਕ ਅਜਿਹੇ ਹੀ ਅੰਜਾਮ ਨੂੰ ਜਨਮ ਦਿੱਤਾ ਹੈ, ਜਿਸ ਨੇ ਮੁੜ ਕੁਦਰਤੀ ਆਫ਼ਤ ਨਾਲ ਜਦੋਂ ਸਾਡੇ ਘਰ ਢਹਿ ਜਾਂਦੇ ਸਨ, ਉਸ ਸਮੇਂ ਕਿਸ ਤਰ੍ਹਾਂ ਦੇ ਦਰਦ ਹਢਾਉਣੇ ਪੈਂਦੇ ਸਨ, ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਵਿੱਚ ਰਾਮ ਨੌਮੀ ਦੇ ਸਬੰਧ ਵਿੱਚ ਕੱਢੇ ਗਏ ਜਲੂਸ ਦੌਰਾਨ ਚੱਲੇ ਪੱਥਰਾਂ ਕਾਰਨ ਜਦੋਂ ਚਾਲੀ ਤੋਂ ਵੱਧ ਘਰਾਂ ਅਤੇ ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਖੰਡਰਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ ਤਾਂ ਉਹਨਾਂ ਪਰਿਵਾਰਾਂ ਨੂੰ ਹੁਣ ਕਿਹੋ ਜਿਹੇ ਹਾਲਾਤ ਵਿੱਚ ਦੀ ਲੰਘਣਾ ਪਵੇਗਾ ਨੂੰ ਸੋਚਦਿਆਂ ਮੈਨੂੰ ਬਚਪਨ ਸਮੇਂ ਹੰਢਾਏ ਉਹ ਦਿਨ ਯਾਦ ਆ ਕੇ ਪ੍ਰੇਸ਼ਾਨੀ ਹੋ ਰਹੀ ਹੈ। ਉਹਨਾਂ ਪਰਿਵਾਰਾਂ ਵਿੱਚ ਸਾਡੇ ਵਾਂਗ ਬੱਚੇ ਵੀ, ਬਜ਼ੁਰਗ ਵੀ ਹੋਣਗੇ। ਇੱਕ ਦਮ ਘਰੋਂ ਬੇਘਰ ਹੋ ਕੇ ਮੁੜ ਸਿਰ ਲੁਕਾਉਣ ਲਈ ਛੱਤ ਦਾ ਆਸਰਾ ਲੈਣ ਲਈ ਪਤਾ ਨਹੀਂ ਉਹਨਾਂ ਨੂੰ ਹੁਣ ਕੀ ਜ਼ਫ਼ਰ ਜਾਲਣੇ ਪੈਣਗੇ। ਉਹਨਾਂ ਨਾਲ ਅਚਾਨਕ ਵਾਪਰੇ ਇਸ ਹਾਦਸੇ ਦੀ ਪੀੜ ਉਹਨਾਂ ਵਿੱਚ ਬੇਗਾਨੇਪਣ ਦੀ ਭਾਵਨਾ ਪੈਦਾ ਕਰੇਗੀ।ਪੈਸਾ ਪੈਸਾ ਜੋੜ ਕੇ ਬਣਾਏ ਆਲ੍ਹਣਿਆਂ ਨੂੰ ਸਕਤਿਆ ਵੱਲੋਂ ਢਹਿ ਢੇਰੀ ਕਰ ਦੇਣ ਦੀ ਪੀੜ ਦਹਾਕਿਆਂ ਤਕ ਉਹਨਾਂ ਨੂੰ ਬੇਆਰਾਮ ਕਰਦੀ ਰਹੇਗੀ।ਇਹ ਸਭ ਕੁਝ ਉਸ ਦੇਸ਼ ਵਿੱਚ ਹੋ ਰਿਹਾ ਹੈ, ਜਿੱਥੇ ਬਹੁਤ ਵੱਡਾ ਲੋਕਤੰਤਰ ਹੈ। ਕਿਸੇ ਤਰ੍ਹਾਂ ਦਾ ਜੁਰਮ ਕਰਨ ’ਤੇ ਸਜ਼ਾ ਦੇਣ ਲਈ, ਜੇ ਕਿਸੇ ਨਾਲ ਬੇਇਨਸਾਫ਼ੀ ਹੋਈ ਹੋਵੇ ਤਾਂ ਇਨਸਾਫ਼ ਲੈਣ ਲਈ ਕਾਨੂੰਨ ਹਨ, ਅਦਾਲਤਾਂ ਹਨ, ਕੋਰਟ ਕਚਹਿਰੀਆਂ ਹਨ, ਫੈਸਲਾ ਕਰਨ ਲਈ ਜੱਜ ਹਨ। ਪਰ ਇੱਥੇ ਆਪਣੇ ਨਾਲ ਹੋਏ ਧੱਕੇ ਦੀ ਕੋਈ ਕਿਸ ਕੋਲ ਫਰਿਆਦ ਕਰੇ ਜਦੋਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਖੁਦ ਹੀ ਜੱਜ ਬਣ ਕੇ ਅਦਾਲਤੀ ਪ੍ਰਕਿਰਿਆ ਨੂੰ ਟਿੱਚ ਸਮਝ ਰਹੇ ਹਨ। ਸੱਤਾਧਾਰੀ ਧਿਰ ਦੇ ਮੋਹਰੇ ਬਣ ਕੇ ਇੱਕ ਫਿਰਕੇ ਨੂੰ ਦਬਾਉਣ ਲਈ ਸਾਜ਼ਾਵਾਂ ਖੁਦ ਹੀ ਤੈਅ ਕਰ ਕੇ ਅਮਲ ਵਿੱਚ ਲਿਆ ਰਹੇ ਹਨ।ਇਹ ਸਭ ਕੁਝ ਇੱਕ ਸੰਪਰਦਾਇ ਵੱਲੋਂ ਆਪਣੇ ਆਪ ਨੂੰ ਸਰਬੋਤਮ ਸਾਬਤ ਕਰਨ ਲਈ, ਰਾਜਸੀ ਚੌਧਰ ਕਾਇਮ ਰੱਖਣ ਲਈ ਦੂਜੇ ਫਿਰਕੇ ਵਿਰੁੱਧ ਨਫ਼ਰਤ ਦੇ ਬੀਜ ਬੀਜ ਕੇ ਉਨ੍ਹਾਂ ਨੂੰ ਤਬਾਹ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ ਹੈ। ਲੋਕਾਂ ਦੀ ਸੋਚ ਉੱਤੇ ਧਾਰਮਿਕ ਪੁੱਠ ਚਾੜ੍ਹ ਕੇ ਘੱਟ ਗਿਣਤੀ ਫਿਰਕਿਆਂ ਖਿਲਾਫ ਉਹਨਾਂ ਅੰਦਰ ਨਫ਼ਰਤ ਭਰੀ ਜਾ ਰਹੀ ਹੈ। ਵੋਟਾਂ ਦੀ ਰਾਜਨੀਤੀ ਤਹਿਤ ਫਿਰਕੂ ਜ਼ਹਿਰ ਫੈਲਾ ਕੇ ਭਾਈਚਾਰਕ ਸਾਂਝੀਵਾਲਤਾ ਨੂੰ ਖੇਰੂੰ ਖੇਰੂੰ ਕੀਤਾ ਜਾ ਰਿਹਾ ਹੈ। ਮਨੁੱਖਤਾ ਦਾ ਭਵਿੱਖ ਧੁੰਦਲਾ ਕੀਤਾ ਜਾ ਰਿਹਾ ਹੈ। ਇਹ ਭਾਈਚਾਰੇ ਸਦੀਆਂ ਤੋਂ ਇੱਕ ਦੂਜੇ ਨਾਲ ਪਿਆਰ ਮਹੱਬਤ ਨਾਲ ਰਹਿੰਦੇ ਆ ਰਹੇ ਹਨ। ਰਾਜਸੀ ਸਾਜ਼ਿਸ਼ ਤਹਿਤ ਅਜਿਹਾ ਵਾਤਾਵਰਣ ਉਸਾਰਿਆ ਜਾ ਰਿਹਾ ਹੈ। ਬਹੁ-ਗਿਣਤੀ ਫਿਰਕੇ ਨੂੰ ਘੱਟ ਗਿਣਤੀ ਵਾਲੇ ਫਿਰਕਿਆਂ ਖਿਲਾਫ ਖੜ੍ਹੇ ਕੀਤੇ ਜਾ ਰਿਹਾ ਹੈ ਤਾਂ ਜੋ ਬਹੁ ਗਿਣਤੀ ਦੀਆਂ ਵੋਟਾਂ ਪੱਕੀਆਂ ਕਰ ਕੇ ਮੁੜ ਸਤਾ ’ਤੇ ਕਾਬਜ਼ ਹੋਇਆ ਜਾਵੇ।ਕੋਈ ਵੀ ਸੱਭਿਅਕ ਸਮਾਜ ਜੀਵਨ ਪ੍ਰਤੀ ਲੋੜੀਂਦੀਆਂ ਸਹੂਲਤ ਤਾਂ ਹੀ ਪ੍ਰਾਪਤ ਕਰ ਸਕਦਾ ਹੈ ਜੇ ਉਹ ਇੱਕ ਜੁੱਟ ਹੋ ਕੇ ਆਪਣੇ ਹਿਤਾਂ ਲਈ ਖੜ੍ਹਾ ਹੋ ਸਕਦਾ ਹੋਵੇ। ਉਹ ਇਸ ਸੋਚ ਤੋਂ ਭਲੀ ਭਾਂਤ ਜਾਣੂ ਰਹੇ ਕਿ ਸਿਆਸਤ ’ਤੇ ਕਾਬਜ਼ ਚੌਧਰੀ ਹਮੇਸ਼ਾ ਲੋਕਾਂ ਨੂੰ ਧਰਮਾਂ, ਜਾਤਾਂ ਦੇ ਨਾਂ ’ਤੇ ਲੜਾ ਕੇ ਆਪਣੀ ਕੁਰਸੀ ਕਾਇਮ ਰੱਖਣੀ ਚਾਹੁੰਦੇ ਹਨ।ਗੁਰਬਾਣੀ ਵਿੱਚ ਦਰਜ ਭਗਤ ਕਬੀਰ ਦਾ ਸਲੋਕ, “ਅਵਲਿ ਅਲਾਹ ਨੂਰ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਾਉਨ ਭਲੇ ਕੁ ਮੰਦੇ॥” ਸਾਨੂੰ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣ ਦੀ ਸਿੱਖਿਆ ਦਿੰਦਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕੱਟੜਪੰਥੀ ਸੋਚ ਨੂੰ ਨਕਾਰਦੇ ਹੋਏ ਸਮਾਜਿਕ ਬਰਾਬਰੀ ਵਾਲੀ ਸੋਚ ਨੂੰ ਅੱਗੇ ਲਿਆਈਏ। ਇਕੱਠੇ ਹੋ ਕੇ ਨਫ਼ਰਤ ਦੇ ਬੀਜੇ ਜਾ ਰਹੇ ਬੀਜਾਂ ਨੂੰ ਵਧਣ ਫੁੱਲਣ ਤੋਂ ਪਹਿਲਾਂ ਹੀ ਆਪਣੀ ਸਾਂਝੀਵਾਲਤਾ ਅਤੇ ਸਮਾਜਿਕ ਬਰਾਬਰੀ ਵਾਲੀ ਸੋਚ ਅਪਣਾ ਕੇ ਖਤਮ ਕਰ ਦੇਈਏ ਤਾਂ ਜੋ ਸਾਰੇ ਭਾਈਚਾਰੇ ਮੋਹ ਦੀਆਂ ਤੰਦਾਂ ਨਾਲ ਬੱਝੇ ਇੱਕ ਦੂਜੇ ਦੇ ਮਦਦਗਾਰ ਬਣਨ। ਸਾਡਾ ਸਮਾਜ ਨਫ਼ਰਤ ਦੀ ਸਿਆਸਤ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਜ਼ਖਮਾਂ ਤੇ ਮੱਲ੍ਹਮ ਲਗਾਉਣ ਵਾਲਾ ਬਣੇ। ਅਜੇ ਵੀ ਵੇਲਾ ਹੈ ਇਸ ਕਾਲੇ ਕਾਰੇ ਚ ਲੱਗੇ ਸਿਆਸਤਦਾਨ ਇਹ ਖੇਡ ਖੇਡਣੀ ਬੰਦ ਕਰ ਦੇਣ। ਧਰਮ ਦੇ ਨਾਂ ’ਤੇ ਕੀਤੇ ਜਾ ਰਹੇ ਇਹ ਜ਼ਖ਼ਮ ਜੇ ਨਸੂਰ ਬਣ ਗਏ ਤਾਂ ਫਿਰ ਵੇਲਾ ਸਾਂਭਣਾ ਔਖਾ ਹੋ ਜਾਵੇਗਾ। ਮੁੜ ਭਾਈਚਾਰਕ ਸਾਂਝਾਂ ਬਣਾਉਣ ਲਈ ਸਦੀਆਂ ਲੱਗ ਜਾਣਗੀਆਂ।
ਪ੍ਰਸਿੱਧ ਸ਼ਾਇਰ ਮੁਜੱਫਰ ਰਿਜਵੀ ਦਾ ਸ਼ੇਅਰ ਹੈ-
ਯੇਹ ਜਬਰ ਭੀ ਦੇਖਾ ਹੈ ਤਰੀਖ ਕੀ ਨਜ਼ਰੋਂ ਨੇ,
ਲਮਹੋਂ ਨੇ ਖ਼ਤਾ ਕੀ ਥੀ ਸਦੀਆਂ ਨੇ ਸਜ਼ਾ ਪਾਈ।
ਸਵਿੰਦਰ ਕੌਰ

Comment here