ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਸਿਆਸੀ ਧਿਰਾਂ ਸਰਕਾਰ ਤੇ ਲੋਕਾਂ ਚ ਪੁਲ ਦਾ ਕੰਮ ਕਰਦੀਆਂ ਹਨ

ਸਿਆਸੀ ਪਾਰਟੀਆਂ ਸਰਕਾਰ ਅਤੇ ਜਨਤਾ ਦੇ ਦਰਮਿਆਨ ਇਕ ਕੜੀ ਦਾ ਕੰਮ ਕਰਦੀਆਂ ਹਨ। ਲੋਕਤੰਤਰਿਕ ਪ੍ਰਣਾਲੀ ’ਚ ਸਰਕਾਰ ਸਿਆਸੀ ਪਾਰਟੀਆਂ ਦੇ ਰਾਹੀਂ ਆਪਣੀ ਨੀਤੀਆਂ ਅਤੇ ਯੋਜਨਾਵਾਂ ਦੀ ਜਾਣਕਾਰੀ ਜਨਤਾ ਤੱਕ ਪਹੁੰਚਾਉਂਦੀ ਹੈ। ਸਿਆਸੀ ਪਾਰਟੀਆਂ ਦਾ ਮੁੱਢਲਾ ਮਕਸਦ ਸਿਆਸੀ ਅਗਵਾਈ ਦੀ ਪ੍ਰਾਪਤੀ ਕਰਨਾ ਹੁੰਦਾ ਹੈ ਅਤੇ ਜਿਸ ਨੂੰ ਬਣਾਈ ਰੱਖਣ ਲਈ ਇਹ ਹਰ ਚੰਗਾ ਜਾਂ ਸ਼ਾਨ ਰਹਿਤ ਕਾਰਜ ਕਰਦੀਆਂ ਰਹਿੰਦੀਆਂ ਹਨ ਕਿਉਂਕਿ ਸ਼ਕਤੀ ਦਾ ਆਧਾਰ ‘ਵੋਟ’ ਹੀ ਹੁੰਦਾ ਹੈ। ਇਸ ਲਈ ਵੱਖ-ਵੱਖ ਪਾਰਟੀਆਂ ’ਚ ਆਪਸੀ ਮੁਕਾਬਲੇਬਾਜ਼ੀ ਬਣੀ ਰਹਿੰਦੀ ਹੈ ਅਤੇ ਇਸੇ ਤਰ੍ਹਾਂ ਸਿਆਸੀ ਸ਼ਕਤੀ ਤੇ ਸੱਤਾ ਹਥਿਆਉਣ ਲਈ ਆਪਸੀ ਹੋੜ ਬਣੀ ਰਹਿੰਦੀ ਹੈ। ਇਕੋ ਜਿਹੇ ਸੁਭਾਅ ਅਤੇ ਕਦਰਾਂ-ਕੀਮਤਾਂ ਵਾਲੇ ਵਿਅਕਤੀ ਸੰਗਠਿਤ ਹੋ ਕੇ ਕਿਸੇ ਸਿਆਸੀ ਪਾਰਟੀ ਦਾ ਨਿਰਮਾਣ ਕਰਦੇ ਹਨ ਅਤੇ ਸਿਆਸਤ ’ਚ ਧਰਮ, ਭਾਈਚਾਰਿਆਂ ਤੇ ਜਾਤੀਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਸਮਾਜ ਨੂੰ ਵੱਖ-ਵੱਖ ਜਾਤੀਆਂ ਅਤੇ ਭਾਈਚਾਰਿਆਂ ਦੇ ਆਧਾਰ ’ਤੇ ਵੰਡਦੀਆਂ ਰਹਿੰਦੀਆਂ ਹਨ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਹਨ। ਅੱਜਕਲ ਉੱਤਰ ਪ੍ਰਦੇਸ਼ ਵਰਗੇ ਸੂਬਿਆਂ, ਜਿਨ੍ਹਾਂ ’ਚ ਆਉਣ ਵਾਲੇ ਕੁਝ ਹੀ ਦਿਨਾਂ ’ਚ ਚੋਣਾਂ ਹੋਣ ਵਾਲੀਆਂ ਹਨ, ਉੱਥੇ ਸਿਆਸੀ ਚੋਣ ਰੈਲੀਆਂ ’ਚ ਵੱਖ-ਵੱਖ ਸਿਆਸੀ ਪਾਰਟੀਆਂ ਇਕ ਦੂਜੇ ’ਤੇ ਘਟੀਆ ਟਿੱਪਣੀਆਂ ਕਰਦੀਆਂ ਪਾਈਆਂ ਜਾ ਰਹੀਆਂ ਹਨ। ਹੋਛੀ ਸਿਆਸਤ ਕਰਦੇ ਹੋਏ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸਲ ’ਚ ਸਿਆਸਤ ’ਚ ਕੋਈ ਕਿਸੇ ਦਾ ਨਹੀਂ ਹੁੰਦਾ। ਭਾਰਤ ’ਚ ਅੱਲਾਦੀਨ ਇਕ ਅਜਿਹਾ ਸੁਲਤਾਨ ਸੀ, ਜਿਸ ਨੇ ਕਿਹਾ ਸੀ, ਬਾਦਸ਼ਾਹਤ ਕੋਈ ਰਿਸ਼ਤੇਦਾਰੀ ਨਹੀਂ ਜਾਣਦੀ। ਭਾਰਤ ਦੇ ਇਤਿਹਾਸ ਵੱਲ ਜੇਕਰ ਝਾਤੀ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਹਿੰਦੂ ਸਾਮਰਾਜ ਦਾ ਪਤਨ ਆਪਣੇ ਹੀ ਲੋਕਾਂ ਦੁਅਾਰਾ ਕੀਤਾ ਗਿਆ ਸੀ। ਸਾਲ 1192 ਦੀ ਜੰਗ ’ਚ ਰਾਜਾ ਜੈਚੰਦ ਨੇ ਮੁਹੰਮਦ ਗੌਰੀ ਦਾ ਸਾਥ ਦੇ ਕੇ ਹਿੰਦੂ ਰਾਜਾ ਪ੍ਰਿਥਵੀ ਰਾਜ ਨੂੰ ਹਰਾਇਆ ਸੀ, ਜਿਸ ਦੇ ਨਤੀਜੇ ਵਜੋਂ ਮੁਸਲਿਮ ਸਾਮਰਾਜ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਚਲੀਆਂ ਗਈਆਂ ਸਨ। ਜੰਗ ਅਤੇ ਪਿਆਰ ’ਚ ਸਭ ਕੁਝ ਚੰਗਾ ਹੁੰਦਾ ਹੈ, ਵਾਲੀ ਕਹਾਵਤ ਸਿਆਸੀ ਖੇਤਰ ’ਚ ਸਹੀ ਉਤਰਦੀ ਹੈ ਪਰ ਬੇਵਫਾਈ ਤਾਂ ਹਰ ਖੇਤਰ ’ਚ ਹਾਨੀਕਾਰਕ ਹੀ ਹੁੰਦੀ ਹੈ।

ਹਰੇਕ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਤੇ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੀ ਰਹਿੰਦੀ ਹੈ। ਸੱਤਾਧਾਰੀ ਪਾਰਟੀ ਵਿਰੋਧੀ ਧਿਰ ਦੇ ਪ੍ਰਭਾਵੀ ਨੇਤਾਵਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਵਾ ਕੇ ਆਪਣੀ ਸਾਖ ਵਧਾਉਣੀ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਕਿ ਉਨ੍ਹਾਂ ਨੇ ਬੜਾ ਵੱਡਾ ਪਹਾੜ ਪੁੱਟ ਿਲਆ ਹੈ ਪਰ ਸ਼ਾਇਦ ਉਹ ਭੁੱਲ ਜਾਂਦੇ ਹਨ ਕਿ ਅਜਿਹੇ ਘਟੀਆ ਕਾਰੇ ਲੰਮੇ ਵਕਫੇ ਦੇ ਬਾਅਦ ਉਨ੍ਹਾਂ ਨੂੰ ਯਕੀਨੀ ਤੌਰ ’ਤੇ ਪਤਨ ਵੱਲ ਲੈ ਜਾਂਦੇ ਹਨ। ਪਾਰਟੀ ’ਚ ਅਜਿਹੇ ਮਿਲਾਏ ਗਏ ਬੇਵਫਾ ਲੋਕ ਨਾ ਤਾਂ ਆਪਣੀ ਪਾਰਟੀ ਦਾ ਭਲਾ ਕਰਦੇ ਹਨ, ਨਾ ਹੀ ਦੂਸਰੀ ਪਾਰਟੀ ਦਾ। ਅਜਿਹੀ ਸਥਿਤੀ ਉਸ ਆਰਥਿਕ ਭ੍ਰਿਸ਼ਟਾਚਾਰ ਦੀ ਹੁੰਦੀ ਹੈ, ਜਿਸ ’ਚ ਸ਼ੁਰੂ ’ਚ ਤਾਂ ਜੀ. ਡੀ. ਪੀ. ਜ਼ਰੂਰੀ ਤੌਰ ’ਤੇ ਵਧਣ ਲੱਗਦੀ ਹੈ ਪਰ ਇਕ ਲੰਮੇ ਸਮੇਂ ਦੇ ਬਾਅਦ ਪੂਰੀ ਅਰਥ-ਵਿਵਸਥਾ ਲੜਖੜਾ ਜਾਂਦੀ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਵਿਰੋਧੀ ਧਿਰ ਦੇ ਬਹੁਤ ਸਾਰੇ ਛੋਟੇ-ਮੋਟੇ ਆਗੂ ਸੱਤਾਧਾਰੀ ਪਾਰਟੀ ਦੇ ਨਾਲ ਚਿੰਬੜ ਜਾਂਦੇ ਹਨ ਅਤੇ ਕਈ ਕਿਸਮ ਦੇ ਅਣਉਚਿਤ ਫਾਇਦੇ ਉਠਾਉਣੇ ਸ਼ੁਰੂ ਕਰ ਿਦੰਦੇ ਹਨ। ਅਜਿਹਾ ਕਰਨ ਨਾਲ ਸੱਤਾਧਾਰੀ ਪਾਰਟੀ ਨੂੰ ਗੰਭੀਰ ਨੁਕਸਾਨ ਉਠਾਉਣਾ ਪੈਂਦਾ ਹੈ ਅਤੇ ਵਫਾਦਾਰ ਲੋਕ ਚੋਣਾਂ ਦੇ ਦਿਨਾਂ ’ਚ ਸਰਕਾਰ ਪ੍ਰਤੀ ਉਦਾਸੀਨਤਾ ਵਾਲੀ ਭੂਮਿਕਾ ਨਿਭਾਉਂਦੇ ਹਨ। ਹਰੇਕ ਪਾਰਟੀ ਦੀਆਂ ਮਹਾਪ੍ਰਬੰਧਨ ਕਮੇਟੀਆਂ ਆਪਣੇ ਕੁਝ ਪ੍ਰਭਾਵੀ ਨੇਤਾਵਾਂ ਨੂੰ ਕਈ ਕਾਰਨਾਂ ਦਾ ਹਵਾਲਾ ਦੇ ਕੇ ਜਿਵੇਂ ਕਿ ਬਿਰਧ ਉਮਰ ਦਾ ਹੋਣਾ ਤੇ ਪਰਿਵਾਰਵਾਦ ਦਾ ਨਾਂ ਦੇ ਕੇ ਬਾਹਰ ਦਾ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਅਜਿਹਾ ਕਰਨਾ ਵੀ ਕਈ ਵਾਰ ਨੁਕਸਾਨਦੇਹ ਹੁੰਦਾ ਹੈ ਕਿਉਂਕਿ ਬਾਹਰ ਕੀਤੇ ਗਏ ਨੇਤਾ ਅੰਦਰ ਘਾਤ ਲਗਾਉਣ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਹਨ। ਚੋਣਾਂ ਦੇ ਦਿਨਾਂ ’ਚ ਉਹ ਆਪਣਾ ਹਾਂਪੱਖੀ ਯੋਗਦਾਨ ਨਹੀਂ ਦਿੰਦੇ ਅਤੇ ਕਈ ਵਾਰ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਦੇ ਵਿਰੁੱਧ ਲੋਕਾਂ ਨੂੰ ਆਜ਼ਾਦ ਉਮੀਦਵਾਰ ਦੇ ਰੂਪ ’ਚ ਚੋਣਾਂ ’ਚ ਉਤਾਰ ਦਿੰਦੇ ਹਨ ਅਤੇ ਸੱਤਾਧਾਰੀ ਪਾਰਟੀ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਤਰ੍ਹਾਂ ਤਜਰਬੇਕਾਰ ਤੇ ਸੀਨੀਅਰ ਨੇਤਾਵਾਂ ਦੀ ਅਣਦੇਖੀ ਕਰਨਾ ਪਾਰਟੀ ਲਈ ਖਤਰਨਾਕ ਸਿੱਧ ਹੁੰਦਾ ਹੈ। ਹੁਨਰਮੰਦ ਤੇ ਦ੍ਰਿੜ੍ਹ ਲੀਡਰਸ਼ਿਪ ਦੀ ਘਾਟ ਦੇ ਕਾਰਨ ਕੁਝ ਅਧੀਨ ਮੰਤਰੀ ਤੇ ਅਫਸਰ ਆਪਣੇ ਆਪੇ ਤੋਂ ਬਾਹਰ ਹੋ ਕੇ ਤਾਨਾਸ਼ਾਹ ਵਤੀਰਾ ਧਾਰਨ ਕਰ ਲੈਂਦੇ ਹਨ ਅਤੇ ਦੂਸਰਿਆਂ ਨੂੰ ਡਰਾਉਂਦੇ ਰਹਿੰਦੇ ਹਨ। ਕਮਜ਼ੋਰ ਲੀਡਰਸ਼ਿਪ ਦਾ ਫਾਇਦਾ ਉਠਾਉਂਦੇ ਹੋਏ ਅਜਿਹੇ ਲੋਕ ਕਈ ਕਿਸਮ ਦੇ ਭ੍ਰਿਸ਼ਟ ਤੇ ਅਨੈਤਿਕ ਕਾਰਿਆਂ ’ਚ ਸ਼ਾਮਲ ਹੋ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਸਰਕਾਰ ਦੀ ਨੀਂਹ ਹਿੱਲਣ ਲੱਗ ਜਾਂਦੀ ਹੈ। ਜਦੋਂ ਰਾਜਾ ਕਮਜ਼ੋਰ ਹੋਵੇ ਤਾਂ ਸਾਰੇ ਛੋਟੇ-ਮੋਟੇ ਆਗੂ ਨੰਬਰਦਾਰ ਤੇ ਜ਼ੈਲਦਾਰ ਬਣ ਜਾਂਦੇ ਹਨ।

ਇਸ ਦੇ ਇਲਾਵਾ ਗੈਰ-ਹੁਨਰਮੰਦ ਤੇ ਸਵਾਰਥੀ ਸਲਾਹਕਾਰ ਸਮਾਂ ਰਹਿੰਦੇ ਸਰਕਾਰ ਦੀਆਂ ਕਮੀਆਂ ਬਾਰੇ ਉੱਚ ਲੀਡਰਸ਼ਿਪ ਨੂੰ ਸੁਚੇਤ ਨਹੀਂ ਕਰਦੇ ਅਤੇ ਆਪਣੀਆਂ ਸੁੱਖ-ਸਹੂਲਤਾਂ ਦਾ ਆਨੰਦ ਮਾਣਨ ’ਚ ਹੀ ਮਸਰੂਫ ਰਹਿੰਦੇ ਹਨ। ਅਫਸਰਸ਼ਾਹਾਂ ਵੱਲੋਂ ਤਿਆਰ ਕੀਤੇ ਗਏ ਵਿਧੀ-ਵਿਧਾਨਾਂ ਨੂੰ ਜਿਉਂ ਦਾ ਤਿਉਂ ਲਾਗੂ ਕਰ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਉਨ੍ਹਾਂ ਦੀ ਵਿਹਾਰਿਕਤਾ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ। ਅਜਿਹਾ ਕਰਨ ਨਾਲ ਲੋਕਾਂ ਨੂੰ ਮੁਕੰਮਲ ਨਿਆਂ ਨਹੀਂ ਮਿਲਦਾ ਅਤੇ ਉਹ ਚੋਣਾਂ ਦੇ ਦਿਨਾਂ ’ਚ ਸਰਕਾਰ ਨੂੰ ਡੇਗ ਕੇ ਆਪਣਾ ਕਰਜ਼ਾ ਚੁਕਤਾ ਕਰ ਦਿੰਦੇ ਹਨ। ਕਮਜ਼ੋਰ ਚੋਟੀ ਦੀ ਲੀਡਰਸ਼ਿਪ ਆਪਣੀਆਂ ਕਮਜ਼ੋਰੀਆਂ ਪ੍ਰਤੀ ਇਸ ਲਈ ਵੀ ਅਣਜਾਣ ਰਹਿੰਦੀ ਹੈ ਕਿਉਂਕਿ ਚਾਪਲੂਸ ਅਹੁਦੇਦਾਰ ਅਤੇ ਖੁਫੀਆ ਤੰਤਰ ਸਰਕਾਰ ਨੂੰ ਸਭ ਹਰਾ-ਹਰਾ ਹੀ ਦਿਖਾਉਂਦੇ ਹਨ ਅਤੇ ਕਮਜ਼ੋਰੀਆਂ ਪ੍ਰਤੀ ਸਮਾਂ ਰਹਿੰਦੇ ਜਾਣੂ ਨਹੀਂ ਕਰਵਾਉਂਦੇ। ਇਸੇ ਤਰ੍ਹਾਂ ਕੁਝ ਅਨਾੜੀ ਜੋਤਿਸ਼ੀ ਆਪਣੇ ਸਵਾਰਥ ਤੇ ਅਗਿਆਨਤਾ ਕਾਰਨ ਨੇਤਾਵਾਂ ਨੂੰ ਆਸਮਾਨ ’ਤੇ ਬਿਠਾ ਦਿੰਦੇ ਹਨ, ਜਿਸ ਦੇ ਫਲਸਰੂਪ ਉਨ੍ਹਾਂ ਦੇ ਪੈਰ ਜ਼ਮੀਨ ’ਤੇ ਨਹੀਂ ਲੱਗਦੇ ਅਤੇ ਅਤਿ ਆਤਮਵਿਸ਼ਵਾਸ ਕਾਰਨ ਇਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਉਪਰੋਕਤ ਤੱਥਾਂ ਨੂੰ ਧਿਆਨ ’ਚ ਰੱਖਦੇ ਹੋਏ ਸਿਆਸੀ ਪਾਰਟੀਆਂ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਹਿਲਾ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਅਤੇ ਸਮਾਜ ਨੂੰ ਤੋੜਨ ਦੀ ਥਾਂ ਉਸ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੱਤਾ ’ਤੇ ਕਾਬਜ਼ ਰਹਿਣ ਦੇ ਲਈ ਅਨੈਤਿਕ ਤੇ ਭ੍ਰਿਸ਼ਟ ਹੱਥਕੰਡੇ ਨਾ ਅਪਣਾ ਕੇ ਸਮਾਜ ਦੀ ਭਲਾਈ ਵਾਲੇ ਲੋਕ ਹਿੱਤਕਾਰੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਜਨਤਾ ਜਨਾਰਦਨ ਦੀ ਸੂਰਤ ਤੇ ਸੀਰਤ ਨੂੰ ਬਦਲਿਆ ਜਾ ਸਕੇ ਅਤੇ ਦੇਸ਼ ’ਚ ਸਦਭਾਵਨਾ ਤੇ ਰਾਸ਼ਟਰੀਅਤਾ ਦੀ ਵਿਚਾਰਧਾਰਾ ਨੂੰ ਮਜ਼ਬੂਤ ਕੀਤਾ ਜਾ ਸਕੇ।

ਰਾਜਿੰਦਰ ਮੋਹਨ ਸ਼ਰਮਾ ਡੀ. ਆਈ. ਜੀ. (ਰਿਟਾ.)

 

Comment here