ਸਿਆਸਤਗੁਸਤਾਖੀਆਂ

ਸਿਆਸੀ ਚਪੇੜ….

ਇੱਕ ਬੀਬੀ ਇੱਕ ਬੰਦੇ ਨੂੰ ਫੜ ਕੇ ਠਾਣੇ ਲਿਆਈ ਤੇ ਸ਼ਿਕਾਇਤ ਕੀਤੀ ਕਿ ਬੰਦੇ ਨੇ ਬੱਸ ਵਿੱਚ ਨਾਲ ਸਫ਼ਰ ਕਰਦਿਆਂ ਬੇਵਜ੍ਹਾ ਉਸ ਦੇ ਥੱਪੜ ਮਾਰਿਆ। ਰਿਵਾਜ਼ ਮੁਤਾਬਿਕ ਠਾਣੇਦਾਰ ਨੇ ਪਹਿਲਾਂ ਬੰਦੇ ਦੀ ਤੌਣੀ ਲਾਈ ਤੇ ਫਿਰ ਮਾਮਲਾ ਪੁੱਛਿਆ। ਬੰਦੇ ਨੇ ਕਿਹਾ, “ਜੀ ਮੈਂ ਮੋਗਿਓਂ ਬੱਸ ਚੜ੍ਹਿਆ, ਇਹ ਬੀਬੀ ਅਜੀਤਵਾਲ ਤੋਂ। ਜਿਵੇਂ ਹੀ ਕੰਡਕਟਰ ਆਇਆ, ਬੀਬੀ ਨੇ ਆਪਣਾ ਵੱਡਾ ਪਰਸ ਖੋਲ੍ਹਿਆ। ਵਿੱਚੋਂ ਇੱਕ ਛੋਟਾ ਪਰਸ ਕੱਢ ਕੇ ਵੱਡੇ ਪਰਸ ਦੀ ਜਿੱਪ ਬੰਦ ਕੀਤੀ। ਛੋਟੇ ਪਰਸ ਦੀ ਜਿੱਪ ਖੋਲ੍ਹੀ ਤੇ ਵਿੱਚੋਂ ਪੈਸੇ ਕੱਢੇ। ਫੇਰ ਛੋਟੇ ਪਰਸ ਦੀ ਜਿੱਪ ਬੰਦ ਕਰ ਕੇ ਵੱਡੇ ਪਰਸ ਦੀ ਜਿੱਪ ਖੋਲ੍ਹੀ। ਛੋਟਾ ਪਰਸ ਵੱਡੇ ਪਰਸ ਵਿੱਚ ਰੱਖਿਆ ਤੇ ਵੱਡੇ ਪਰਸ ਦੀ ਜਿੱਪ ਬੰਦ ਕਰ ਦਿੱਤੀ। ਇੰਨੇ ਵਿੱਚ ਕੰਡਕਟਰ ਅਗਾਂਹ ਲੰਘ ਗਿਆ। ਇਹ ਵੇਖ ਕੇ ਬੀਬੀ ਨੇ ਛੋਟੇ ਪਰਸ ਦੀ ਜਿੱਪ ਖੋਲ੍ਹੀ ਤੇ ਪੈਸੇ ਵਿੱਚ ਪਾ ਲਏ। ਛੋਟੇ ਪਰਸ ਦੀ ਜਿੱਪ ਬੰਦ ਕੀਤੀ ਤੇ ਵੱਡੇ ਪਰਸ ਦੀ ਜਿੱਪ ਖੋਲ੍ਹੀ। ਛੋਟਾ ਪਰਸ ਵੱਡੇ ਪਰਸ ਵਿੱਚ ਰੱਖਿਆ ਤੇ ਵੱਡੇ ਪਰਸ ਦੀ ਜਿੱਪ ਬੰਦ ਕਰ ਲਈ।”
“ਫੇਰ!” ਠਾਣੇਦਾਰ ਨੇ ਕੁੱਝ ਪ੍ਰੇਸ਼ਾਨੀ ਨਾਲ ਪੁੱਛਿਆ।
“ਫੇਰ ਕੀ ਜੀ! ਜਗਰਾਵਾਂ ਲੰਘ ਕੇ ਕੰਡਕਟਰ ਫੇਰ ਆਇਆ। ਬੀਬੀ ਨੇ ਫੇਰ ਵੱਡਾ ਪਰਸ ਖੋਲ੍ਹਿਆ। ਵਿੱਚੋਂ ਛੋਟਾ ਪਰਸ ਕੱਢ ਕੇ ਵੱਡੇ ਪਰਸ ਦੀ ਜਿੱਪ ਬੰਦ ਕੀਤੀ। ਛੋਟੇ ਪਰਸ ਦੀ ਜਿੱਪ ਖੋਲ੍ਹੀ ਤੇ ਵਿੱਚੋਂ ਪੈਸੇ ਕੱਢੇ। ਫੇਰ ਛੋਟੇ ਪਰਸ ਦੀ ਜਿੱਪ ਬੰਦ ਕਰ ਕੇ ਵੱਡੇ ਪਰਸ ਦੀ ਜਿੱਪ ਖੋਲ੍ਹੀ। ਛੋਟਾ ਪਰਸ ਵੱਡੇ ਪਰਸ ਵਿੱਚ ਰੱਖਿਆ ਤੇ ਵੱਡੇ ਪਰਸ ਦੀ ਜਿੱਪ ਬੰਦ ਕਰ ਦਿੱਤੀ। ਇੰਨੇ ਵਿੱਚ ਕੰਡਕਟਰ ਫੇਰ ਅਗਾਂਹ ਲੰਘ ਗਿਆ। ਇਹ ਵੇਖ ਕੇ ਬੀਬੀ ਨੇ ਛੋਟੇ ਪਰਸ ਦੀ ਜਿੱਪ ਖੋਲ੍ਹੀ ਤੇ ਪੈਸੇ ਵਿੱਚ ਪਾ ਲਏ। ਛੋਟੇ ਪਰਸ ਦੀ ਜਿੱਪ ਬੰਦ ਕੀਤੀ ਤੇ ਵੱਡੇ ਪਰਸ ਦੀ ਜਿੱਪ ਖੋਲ੍ਹੀ। ਛੋਟਾ ਪਰਸ ਵੱਡੇ ਪਰਸ ਵਿੱਚ ਰੱਖਿਆ ਤੇ ਵੱਡੇ ਪਰਸ ਦੀ ਜਿੱਪ ਬੰਦ ਕਰ ਲਈ।”
“ਫੇਰ!” ਹੁਣ ਠਾਣੇਦਾਰ ਦੀ ਹੈਰਾਨੀ ਪ੍ਰੇਸ਼ਾਨੀ ਵਿੱਚ ਬਦਲ ਗਈ ਸੀ।
“ਫੇਰ ਕੀ ਜੀ! ਮੁੱਲਾਂਪੁਰ ਲੰਘ ਕੇ ਕੰਡਕਟਰ ਫੇਰ ਆਇਆ। ਬੀਬੀ ਨੇ ਫੇਰ ਆਪਣਾ ਵੱਡਾ ਪਰਸ ਖੋਲ੍ਹਿਆ। ਵਿੱਚੋਂ ਛੋਟਾ ਪਰਸ ਕੱਢ ਕੇ ਵੱਡੇ ਪਰਸ ਦੀ ਜਿੱਪ ਬੰਦ ਕੀਤੀ। ਛੋਟੇ ਪਰਸ ਦੀ ਜਿੱਪ ਖੋਲ੍ਹੀ ਤੇ ਵਿੱਚੋਂ ਪੈਸੇ ਕੱਢੇ। ਫੇਰ ਛੋਟੇ ਪਰਸ ਦੀ ਜਿੱਪ ਬੰਦ ਕਰ ਕੇ ਵੱਡੇ ਪਰਸ ਦੀ ਜਿੱਪ ਖੋਲ੍ਹੀ। ਛੋਟਾ ਪਰਸ ਵੱਡੇ ਪਰਸ ਵਿੱਚ ਰੱਖਿਆ ਤੇ ਵੱਡੇ ਪਰਸ ਦੀ ਜਿੱਪ ਬੰਦ ਕਰ ਦਿੱਤੀ। ਇੰਨੇ ਵਿੱਚ ਕੰਡਕਟਰ ਫੇਰ ਅਗਾਂਹ ਲੰਘ ਗਿਆ। ਇਹ ਵੇਖ ਕੇ ਬੀਬੀ ਨੇ ਛੋਟੇ ਪਰਸ ਦੀ ਜਿੱਪ ਖੋਲ੍ਹੀ ਤੇ ਪੈਸੇ ਵਿੱਚ ਪਾ ਲਏ। ਛੋਟੇ ਪਰਸ ਦੀ ਜਿੱਪ ਬੰਦ ਕੀਤੀ ਤੇ ਵੱਡੇ ਪਰਸ ਦੀ ਜਿੱਪ ਖੋਲ੍ਹੀ। ਛੋਟਾ ਪਰਸ ਵੱਡੇ ਪਰਸ ਵਿੱਚ ਰੱਖਿਆ ਤੇ ਵੱਡੇ ਪਰਸ ਦੀ ਜਿੱਪ ਬੰਦ ਕਰ ਲਈ।”
“ਫੇਰ!” ਠਾਣੇਦਾਰ ਅੱਕ ਚੱਲਿਆ ਸੀ ਪਰ ਸਫ਼ਰ ਲੰਬਾ ਸੀ। ਬੰਦੇ ਨੇ ਵੀ ਚੰਡੀਗੜ੍ਹ ਪਹੁੰਚਣਾ ਸੀ ਤੇ ਬੀਬੀ ਨੇ ਵੀ। ਜਿਵੇਂ ਹੀ ਬੱਸ ਖੰਨਾ ਲੰਘੀ, ਠਾਣੇਦਾਰ ਦਾ ਸਫ਼ਰ ਜਵਾਬ ਦੇ ਗਿਆ। “ਓਏ ਅਗਾਂਹ ਵੀ ਬਕ ਕੁੱਝ…”
“ਅਗਾਂਹ ਗੋਬਿੰਦਗੜ੍ਹ ਆ ਗਿਆ ਜੀ। ਕੰਡਕਟਰ ਫੇਰ ਆਇਆ। ਬੀਬੀ ਨੇ ਫੇਰ ਆਪਣਾ ਵੱਡਾ ਪਰਸ ਖੋਲ੍ਹਿਆ…” ਹਾਲੇ ਵੱਡੇ ਪਰਸ ਦੀ ਜਿੱਪ ਖੁੱਲ੍ਹੀ ਹੀ ਸੀ ਕਿ ਅੱਕੇ ਹੋਏ ਠਾਣੇਦਾਰ ਨੇ ਵੱਟ ਕੇ ਬੰਦੇ ਦੇ ਚਪੇੜ ਮਾਰੀ।
“ਹੁਣ ਤੁਸੀਂ ਦੱਸੋ ਜਨਾਬ!” ਬੰਦੇ ਨੇ ਫ਼ਰਿਆਦ ਕੀਤੀ, “ਤੁਸੀਂ ਸਿਰਫ਼ ਮਾਮਲਾ ਸੁਣ ਕੇ ਮੇਰੇ ਥੱਪੜ ਕੱਢ ਮਾਰਿਆ। ਮੈਂ ਜਿਸ ਨੇ ਇਹ ਤਮਾਸ਼ਾ ਚੰਡੀਗੜ੍ਹ ਤੱਕ ਆਪਣੀਆਂ ਅੱਖਾਂ ਨਾਲ ਵਾਪਰਦਾ ਵੇਖਿਐ, ਜੇ ਇਸ ਦੇ ਥੱਪੜ ਨਾ ਮਾਰਦਾ ਤਾਂ ਕੀ ਕਰਦਾ?”

ਲੱਗਦੈ ਕਾਂਗਰਸ ਨੇ ਵੀ ਵੱਡਾ ਪਰਸ ਖੋਲ੍ਹ ਕੇ ਵਿੱਚੋਂ ਛੋਟਾ ਪਰਸ ਕੱਢਿਐ। ਵੱਡੇ ਪਰਸ ਦੀ ਜਿੱਪ ਬੰਦ ਕਰ ਕੇ ਛੋਟੇ ਪਰਸ ਦੀ ਜਿੱਪ ਖੋਲ੍ਹ ਲਈ ਹੈ ਤੇ ਵਿੱਚੋਂ ‘ਐਲਾਨ’ ਕੱਢ ਲਏ ਹਨ। ਇੰਨੇ ਵਿੱਚ ਇਲੈਕਸ਼ਨ ਅਗਾਂਹ ਲੰਘ ਜਾਣਗੇ। ਤੁਸੀਂ ਤਮਾਸ਼ਾ ਵੇਖੋਗੇ ਤੇ ਅੱਕ ਕੇ ਆਪਣੇ ਹੀ ਥੱਪੜ ਮਾਰੋਗੇ।

ਇਧਰੋਂ ਓਧਰੋਂ…

Comment here