ਸਿਆਸਤਖਬਰਾਂਚਲੰਤ ਮਾਮਲੇ

ਸਿਆਸਤ ਚ ਦਲਬਦਲੂਆਂ ਨੇ ਵੀ ਮਾਰੀ ਬਾਜ਼ੀ

ਦੋ ਦਹਾਕਿਆਂ ਚ ਪੰਜਾਬ ਚ ਕਈ ਦਲਬਦਲੂ ਹੋਏ ਕਾਮਯਾਬ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਸ਼ੁਰੂ ਹੁੰਦਿਆਂ ਹੀ ਕਈ ਆਗੂ ਟਿਕਟ ਨਾ ਮਿਲਣ ਕਰਕੇ ਕਈ ਕਿਸੇ ਹੋਰ ਕਾਰਨ ਕਰਕੇ ਪਾਰਟੀ ਬਦਲ ਗਏ ਜਾਂ ਬਦਲਦੇ ਜਾ ਰਹੇ ਹਨ, ਆਮ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਦਲਬਦਲੂਆਂ ਦੀ ਬਹੁਤੀ ਵੁੱਕਤ ਨਹੀਂ ਹੁੰਦੀ, ਪਰ ਪੰਜਾਬ ਦੀ ਸਿਆਸਤ ਦਾ ਇਤਿਹਾਸ ਗਵਾਹ ਹੈ ਕਿ ਇੱਥੇ ਦਲਬਦਲੂਆਂ ਦੀ ਕਿਸਮਤ ਵੀ ਲਿਸ਼ਕੀ ਹੈ। ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਤਕਰੀਬਨ ਦੋ ਦਹਾਕਿਆਂ ਵਿੱਚ ਦਲ ਬਦਲ ਕੇ ਕਾਮਯਾਬੀ ਹਾਸਲ ਕਰਨ ਵਾਲੇ ਨੇਤਾਵਾਂ ਵਿੱਚੋਂ  40 ਫੀਸਦੀ  ਹਨ। 2017 ਦੀਆਂ ਵਿਧਾਨ ਸਭਾ ਚੋਣਾਂ  ਵਿੱਚ ਪਾਰਟੀ ਬਦਲਣ ਵਾਲੇ 9 ਵਿੱਚੋਂ 7 ਉਮੀਦਵਾਰਾਂ ਨੇ ਚੋਣ ਜਿੱਤੀ ਸੀ। ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਰਣਜੀਤ ਸਿੰਘ ਬ੍ਰਹਮਪੁਰਾ, ਮਨਪ੍ਰੀਤ ਸਿੰਘ ਬਾਦਲ ਉਹ ਵੱਡੇ ਚਿਹਰੇ ਹਨ, ਜੋ ਪਾਰਟੀ ਬਦਲ ਕੇ ਕਾਮਯਾਬ ਹੋਏ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ 1984 ਵਿੱਚ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ 1992 ਵਿੱਚ ਅਕਾਲੀ ਦਲ ਛੱਡ ਕੇ ਪਾਰਟੀ ਬਣਾਈ ਸੀ। 1999 ਵਿੱਚ ਕਾਂਗਰਸ ਵਿੱਚ ਵਾਪਸੀ ਤੋਂ ਬਾਅਦ, ਉਹ 2002 ਅਤੇ 2017 ਵਿੱਚ ਮੁੱਖ ਮੰਤਰੀ ਬਣੇ ਅਤੇ ਹੁਣ ਪੰਜਾਬ ਲੋਕ ਕਾਂਗਰਸ ਬਣਾਉਣ ਲਈ ਭਾਜਪਾ ਦੇ ਨਾਲ ਹਨ। 2022 ਵਿਚ ਵੀ ਦਰਜਨਾਂ ਨੇਤਾਵਾਂ ਨੇ ਆਪਣੀਆਂ ਸਿਆਸੀ ਪਾਰਟੀਆਂ ਬਦਲੀਆਂ ਹਨ। ਚੋਣਾਂ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਵਿੱਚ ਫਤਿਹਜੰਗ ਸਿੰਘ ਬਾਜਵਾ, ਹਰਜੋਤ ਕਮਲ, ਮਨਜਿੰਦਰ ਸਿੰਘ ਸਿਰਸਾ ਅਤੇ ਸਰਬਜੀਤ ਸਿੰਘ ਮੱਕੜ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਬਦਲਣ ਵਾਲਿਆਂ ਵਿੱਚ ਕਾਂਗਰਸ ਦੀ ਮਹਿਲਾ ਆਗੂ ਨਿਮਿਸ਼ਾ ਮਹਿਤਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਜਵਾਈ ਕੁਲਦੀਪ ਸਿੰਘ ਸਿੱਧੂਪੁਰ ਤੋਂ ਇਲਾਵਾ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਸਾਬਕਾ ਕੌਮੀ ਜਨਰਲ ਸਕੱਤਰ ਅਮਨਜੋਤ ਕੌਰ ਰਾਮੂਵਾਲੀਆ ਸ਼ਾਮਲ ਹਨ। ਚੋਣਾਂ ਤੋਂ ਪਹਿਲਾਂ ‘ਆਪ’ ਦੇ ਵਿਧਾਇਕ ਰੁਪਿੰਦਰ ਕੌਰ ਰੂਬੀ, ਜਗਤਾਰ ਜੱਗਾ, ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ, ਨਾਜਰ ਸਿੰਘ ਮਾਨਸ਼ਾਹੀਆ ਅਤੇ ਜਗਦੇਵ ਸਿੰਘ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ, ਸਾਬਕਾ ਵਿਧਾਇਕ ਹਰਜਿੰਦਰ ਸਿੰਘ, ਪ੍ਰੇਮ ਮਿੱਤਲ, ਫਰਜ਼ਾਨਾ ਆਲਮ, ਰਾਜਵਿੰਦਰ ਕੌਰ ਭਾਗਕੀ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਮੋਹਨ ਸ਼ਰਮਾ ਅਤੇ ਸਤਵੀਰ ਸਿੰਘ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਭਾਜਪਾ ਆਗੂ ਅਨਿਲ ਜੋਸ਼ੀ, ਸਾਬਕਾ ‘ਆਪ’ ਆਗੂ ਸੁੱਚਾ ਸਿੰਘ ਤੇ ਕਾਂਗਰਸ ਦੇ ਕੈਪਟਨ ਹਰਮਿੰਦਰ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਕਾਂਗਰਸੀ ਆਗੂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸੁਖਜਿੰਦਰ ਰਾਜ ਸਿੰਘ ਲਾਲੀ, ਰਣਜੀਤ ਸਿੰਘ ਰਾਣਾ, ਅਕਾਲੀ ਆਗੂ ਸੱਜਣ ਸਿੰਘ ਚੀਮਾ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।

Comment here