ਸਿਆਸਤਖਬਰਾਂ

ਸਿਆਸਤਦਾਨਾਂ ਨੇ ਅਵਾਮ ਚ ਵਿਚਰਦਿਆਂ ਮਨਾਈ ਦੀਵਾਲੀ

ਵਿਸ਼ੇਸ਼ ਰਿਪੋਰਟ-ਜਸਪਾਲ ਸਿੰਘ

ਭਾਰਤ ਵਿਚ ਦੀਵਾਲੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਹੈ। ਮੰਦਰਾਂ, ਗੁਰੂ ਘਰਾਂ ਚ ਸ਼ਰਧਾਲੂਆਂ ਦੀ ਵੱਡੀ ਭੀੜ ਰਹੀ। ਬਜਾਰਾਂ ਚ ਵੀ ਖੂਬ ਰੌਣਕਾਂ ਰਹੀਆਂ, ਪਾਬੰਦੀਆਂ , ਸਮਾਂ ਮਿਥੇ ਹੋਣ ਦੇ ਬਾਵਜੂਦ ਖੂਬ ਪਟਾਕੇ ਚੱਲੇ, ਆਤਿਸ਼ਬਾਜੀ ਹੋਈ।

ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ- “ਦੀਵਾਲੀ ਦੇ ਸ਼ੁਭ ਮੌਕੇ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ। ਮੈਂ ਕਾਮਨਾ ਕਰਦਾ ਹਾਂ ਕਿ ਰੌਸ਼ਨੀ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ, ਸੁੱਖ ਅਤੇ ਚੰਗੀ ਕਿਸਮਤ ਲੈ ਕੇ ਆਵੇ।”ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੀਵਾਲੀ ਦੀ ਰੌਸ਼ਨੀ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਲੈ ਕੇ ਆਵੇ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ- ਦੀਵੇ ਦੀ ਰੋਸ਼ਨੀ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਰੌਸ਼ਨੀ ਦਿੰਦੀ ਹੈ- ਇਹ ਦੀਵਾਲੀ ਦਾ ਸੰਦੇਸ਼ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਰਜੌਰੀ ਚ ਭਾਰਤੀ ਜਵਾਨਾਂ ਨਾਲ ਦੀਵਾਲੀ ਮਨਾਈ, ਕਿਹਾ, “ਮੈਂ ਦੀਵਾਲੀ ਪਰਿਵਾਰ ਦੇ ਮੈਂਬਰਾਂ ਨਾਲ ਬਿਤਾਉਣਾ ਚਾਹੁੰਦਾ ਹਾਂ, ਇਸ ਲਈ ਮੈਂ ਇਸ ਤਿਉਹਾਰ ‘ਤੇ ਤੁਹਾਡੇ ਨਾਲ ਸ਼ਾਮਲ ਹਾਂ।” ਮੋਦੀ ਨੇ ਕਿਹਾ ਕਿ ਭਾਰਤ ਨੂੰ ਬਦਲਦੇ ਸੰਸਾਰ ਅਤੇ ਯੁੱਧ ਦੇ ਢੰਗਾਂ ਦੇ ਅਨੁਸਾਰ ਆਪਣੀ ਫੌਜੀ ਸਮਰੱਥਾ ਨੂੰ ਵਧਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇੱਥੇ ਸਰਜੀਕਲ ਸਟ੍ਰਾਈਕ ਵਿੱਚ ਬ੍ਰਿਗੇਡ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਕਿਹਾ ਕਿ ਸਰਜੀਕਲ ਸਟ੍ਰਾਈਕ  ਤੋਂ ਬਾਅਦ ਇੱਥੇ ਅੱਤਵਾਦ ਫੈਲਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ। ਉਨ੍ਹਾਂ ਨੇ ਸੈਨਿਕਾਂ ਦੇ ਹੌਂਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਮਰੱਥਾ ਅਤੇ ਤਾਕਤ ਨੇ ਦੇਸ਼ ਲਈ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ।

ਚੰਨੀ ਨੇ ਬੇਘਰਿਆਂ ਨੂੰ ਦਿੱਤੇ ਘਰਾਂ ਦੇ ਮਾਲਕੀ ਹੱਕ

ਦੀਵਾਲੀ ਦੇ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ ‘ਬਸੇਰਾ ਸਕੀਮ’ ਅਧੀਨ ਝੁੱਗੀ ਝੌਂਪੜੀਆਂ ਵਿਚ ਜੀਵਨ ਬਸਰ ਕਰ ਰਹੇ 269 ਲਾਭਪਾਤਰੀਆਂ ਨੂੰ ਆਰਜ਼ੀ ਰਿਹਾਇਸ਼ ਦੇ ਪੱਕੇ ਮਾਲਕਾਨਾ ਹੱਕ ਦਿੱਤੇ ਗਏ। ਚੰਨੀ ਨੇ ਖੁਦ ਕੁੱਝ ਗਰੀਬ ਲੋਕਾਂ ਦੇ ਘਰਾਂ ਵਿਚ ਜਾ ਕੇ ਦੀਵੇ ਜਗਾਏ ਅਤੇ ਉਨ੍ਹਾਂ ਨੂੰ ਘਰਾਂ ਦੇ ਮਾਲਕਾਨਾਂ ਹੱਕਾਂ ਦੇ ਦਸਤਾਵੇਜ਼ ਸੌਂਪੇ। ਮੁਖ ਮੰਤਰੀ ਨੇ ਇਥੇ ਕਿਹਾ ਕਿ ਪਿੰਡਾਂ ਵਿਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਵੀ ਜਲਦ ਘਰਾਂ ਦੀ ਮਲਕੀਅਤ ਦੇ ਹੱਕ ਦਿੱਤੇ ਜਾਣਗੇ।ਚੰਨੀ ਇਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ।

ਪਰਗਟ ਸਿੰਘ ਨੇ ਅਨਾਥ ਬੱਚਿਆਂ ਤੇ ਧਰਨਾਕਾਰੀ ਬੇਰੁਜ਼ਗਾਰਾਂ ਚ ਮਨਾਈ ਦੀਵਾਲੀ

ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ  ਨੇ ਦੀਵਾਲੀ ਦਾ ਤਿਉਹਾਰ ਜਲੰਧਰ ਸਥਿਤ ਭਾਈ ਘਨੱਈਆ ਯੂਨਿਕ ਹੋਮ ਦੇ ਬੱਚਿਆਂ ਨਾਲ ਸਮਾਂ ਗੁਜ਼ਾਰਿਆ।ਪਰਗਟ ਸਿੰਘ ਤੇ ਉਨ੍ਹਾਂ ਦੀ ਪਤਨੀ ਬੱਚਿਆਂ ਲਈ ਤੋਹਫ਼ੇ, ਫਲ, ਮਠਿਆਈਆਂ ਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਗਏ। ਪੰਘੂੜੇ ਵਿੱਚ ਕਿਲਕਾਰੀਆਂ ਮਾਰ ਰਹੇ ਬੱਚਿਆਂ ਨੂੰ ਪਰਗਟ ਸਿੰਘ ਜੋੜੀ ਨੇ ਆਸ਼ੀਰਵਾਦ ਦਿੱਤਾ। ਪਰਗਟ ਸਿੰਘ  ਨੇ ਇੱਥੇ ਵਿਜ਼ਟਰ ਬੁੱਕ ਵਿੱਚ ਸੰਦੇਸ਼ ਵੀ ਲਿਖਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਇਹ ਸੰਸਥਾ ਬਾਬਾ ਨਾਨਕ ਜੀ ਵੱਲੋਂ ਦਰਸਾਏ ਮਾਰਗ ਉਤੇ ਸਹੀ ਭਾਵਨਾ ਨਾਲ ਚਲਾਈ ਜਾ ਰਹੀ ਹੈ ਜਿਸ ਲਈ ਇੱਥੋਂ ਦੇ ਮੁੱਖ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਵੱਲੋਂ ਨਿਭਾਈ ਸੇਵਾ ਨੂੰ ਸਿਜਦਾ

ਪਰਗਟ ਸਿੰਘ ਨੇ ਦੀਵਾਲੀ ਦੀ ਰਾਤ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਜਲੰਧਰ ਸਥਿਤ ਆਪਣੀ ਰਿਹਾਇਸ਼ ਕੋਲ ਧਰਨੇ ਉਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮਿਲਣ ਗਏ। ਸਿੱਖਿਆ ਮੰਤਰੀ ਨੇ ਕਿਹਾ, “ਤੁਸੀ ਵੀ ਮੇਰੇ ਧੀਆਂ-ਪੁੱਤਾਂ ਵਾਂਗ ਹੋ, ਤਿਉਹਾਰ ਦੇ ਦਿਨ ਤੁਸੀ ਬਾਹਰ ਬੈਠੇ ਹੋ ਤਾਂ ਮੈਂ ਕਿਵੇਂ ਦੀਵਾਲੀ ਦੀਆਂ ਖੁਸ਼ੀਆਂ ਮਨਾ ਸਕਦਾ ਹਾਂ।”ਪਰਗਟ ਸਿੰਘ ਨੇ ਨੌਜਵਾਨਾਂ ਨੂੰ ਮਠਿਆਈਆਂ ਵੀ ਵੰਡੀਆਂ। ਉਨ੍ਹਾਂ ਸੱਦਾ ਦਿੱਤਾ ਕਿ ਮਸਲੇ ਦਾ ਹੱਲ ਸੜਕ ਉਤੇ ਨਹੀਂ, ਗੱਲਬਾਤ ਨਾਲ ਹੀ ਹੋ ਸਕਦਾ ਹੈ ਅਤੇ ਉਹ ਉਨ੍ਹਾਂ ਦੀ ਹਰ ਗੱਲ ਸੁਣ ਕੇ ਇਸ ਨੂੰ ਸਕਰਾਤਮਕ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਹਨ।  ਕਿਹਾ ਕਿ ਸਿੱਖਿਆ ਕਦੇ ਵੀ ਤਰਜੀਹੀ ਵਿਸ਼ਾ ਨਹੀਂ ਰਿਹਾ ਅਤੇ ਪਿਛਲੇ ਲੰਬੇ ਸਮੇਂ ਦੀਆਂ ਮਾੜੀਆਂ ਨੀਤੀਆਂ ਕਾਰਨ ਅਜੋਕੀ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਚੀਨ-ਜਪਾਨ ਜਿਹੇ ਵਿਕਸਤ ਮੁਲਕਾਂ ਦੀ ਉਦਾਹਰਨ ਦਿੰਦਿਆਂ ਮਨੁੱਖੀ ਸਰੋਤਾਂ ਦੀ ਸੁਚੱਜੀ ਵਰਤੋਂ ਦੀ ਵਕਾਲਤ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੀ ਪਹੁੰਚ ਵਿੱਚ ਹੋਇਆ ਅਤੇ ਵੱਧ ਤੋਂ ਵੱਧ ਸੰਭਵ ਹੋਇਆ, ਉਹ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਕਰਨਗੇ ਕਿਉਂਕਿ ਉਨ੍ਹਾਂ ਖ਼ੁਦ ਸਿੱਖਿਆ ਵਿਭਾਗ ਮੰਗ ਕੇ ਲਿਆ। ਸਿੱਖਿਆ ਮੰਤਰੀ ਨੇ ਕਿਹਾ ਨੌਜਵਾਨ ਹਮੇਸ਼ਾ ਹੀ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਰਹੇ ਹਨ।

ਕਿਸਾਨੀ ਧਰਨਿਆਂ ਚ ਵੀ ਮਨਾਈ ਦੀਵਾਲੀ

ਖੇਤੀ ਕਨੂੰਨਾਂ ਖਿਲਾਫ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਥੇ ਦੇਸ਼ ਭਰ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਦਾਈਆਂ ਦਿੱਤੀਆਂ ਗਈਆਂ, ਉਥੇ ਅੰਦੋਲਨ ਦੌਰਾਨ ਜਾਨ ਗਵਾ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਮੋਰਚੇ ਵਿੱਚ ਗਾਇਕ ਬੱਬੂ ਮਾਨ ਅਤੇ ਹੋਰ ਵੱਖ-ਵੱਖ ਖ਼ੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਕਿਸਾਨਾਂ ਨਾਲ ਦੀਵਾਲੀ ਮਨਾਈ, ਧਰਨੇ ਵਾਲੇ ਸਥਾਨਾਂ ‘ਤੇ ਕਿਸਾਨਾਂ ਦੇ ਗੀਤ ਗਾ ਕੇ ਬੱਬੂ ਮਾਨ ਨੇ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟਾਈ। ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ ਮਨਮੋਹਨ ਵਾਰਿਸ ਅਤੇ ਕਮਲ ਹੀਰ ਪਹੁੰਚੇ। ਸੰਯੁਕਤ ਮੋਰਚੇ ਵੱਲੋਂ ਦੀਵਾਲੀ ‘ਤੇ ਸ਼ਹੀਦਾਂ ਦੇ ਨਾਂਅ ਦੀਵੇ ਜਗਾਏ ਗਏ ਅਤੇ ਸ਼ਰਧਾਂਜਲੀ ਭੇਂਟ ਕੀਤੇ ਗਏ। ਕਿਸਾਨ ਆਗੂਆਂ ਵੱਲੋਂ ਇਸ ਦੌਰਾਨ ਹਰ ਕਿਸਾਨ ਨੂੰ ਆਪਣੇ ਘਰ ਵਿੱਚ ਸ਼ਹੀਦਾਂ ਦੇ ਨਾਂਅ ਇੱਕ ਦੀਵਾ ਬਾਲਣ ਦਾ ਸੱਦਾ ਵੀ ਦਿੱਤਾ ਗਿਆ ਸੀ।

 

Comment here