ਸਿਆਸਤਖਬਰਾਂਚਲੰਤ ਮਾਮਲੇ

ਸਾਹਿਬਜਾ਼ਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਉਣ ਦੇ ਐਲਾਨ ਤੇ ਮਘੀ ਸਿਆਸਤ

ਵਿਸ਼ੇਸ਼ ਰਿਪੋਰਟ-ਵੀਰੇਂਦਰ ਸਿੰਘ

ਹਾਲ ਹੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ,‘‘ਇਸ ਸਾਲ ਤੋਂ ਹਰ 26 ਦਸੰਬਰ ‘ਵੀਰ ਬਾਲ ਦਿਵਸ’ ਦੇ ਰੂਪ ’ਚ ਮਨਾਇਆ ਜਾਵੇਗਾ।’’ ਉਨ੍ਹਾਂ ਟਵੀਟ ਕਰਕੇ ਕਿਹਾ,‘‘ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ, ਮੈਨੂੰ ਇਹ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਇਸ ਸਾਲ ਤੋਂ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਦੇ ਰੂਪ ’ਚ ਮਨਾਇਆ ਜਾਵੇਗਾ। ਇਹ ਸਾਹਿਬਜ਼ਾਦਿਆਂ ਦੇ ਸਾਹਸ ਲਈ ਇਕ ਸਹੀ ਸ਼ਰਧਾਂਜਲੀ ਹੈ।’’ ਇਕ ਹੋਰ ਟਵੀਟ ’ਚ ਕਿਹਾ,‘‘ਮਾਤਾ ਗੁਜਰੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 4 ਸਾਹਿਬਜ਼ਾਦਿਆਂ ਦੀ ਵੀਰਤਾ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਸ਼ਕਤੀ ਦਿੰਦੇ ਹਨ। ਉਹ ਅਨਿਆਂ ਅੱਗੇ ਕਦੇ ਨਹੀਂ ਝੁਕੇ। ਉਨ੍ਹਾਂ ਨੇ ਇਕ ਅਜਿਹੀ ਦੁਨੀਆ ਦੀ ਕਲਪਣਾ ਕੀਤੀ ਜੋ ਸਮਾਵੇਸ਼ੀ ਹੈ। ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਬਾਰੇ ਜਾਣਨਾ ਸਮੇਂ ਦੀ ਮੰਗ ਹੈ।’’

ਜਿਉਂ ਹੀ ਮੋਦੀ ਜੀ ਨੇ ਇਹ ਐਲਾਨ ਕੀਤਾ, ਸਿੱਖ ਸਿਆਸਤ ਵਿੱਚ ਹੰਗਾਮੇ ਹੋਣ ਲੱਗੇ, ਹਾਲਾਂਕਿ ਸਿੱਖ ਸੰਗਤ ਨੇ ਇਸ ਉੱਤੇ ਸਗੋਂ ਖੁਸ਼ੀ ਹੀ ਜਤਾਈ ਹੈ, ਪਰ ਸਿੱਖ ਆਗੂ ਇਸ ਦਿਵਸ ਦੇ ਨਾਮ ਤੇ ਅੜੀਆਂ ਕਰਨ ਲੱਗੇ ਹਨ।

ਸਾਹਿਬਜਾ਼ਦਿਆਂ ਨੂੰ ਬਾਲ ਕਹਿਣਾ ਗਲਤ, ਉਹ ਬਾਬੇ ਹਨ-ਐਸ ਜੀ ਪੀ ਸੀ ਮੁਖੀ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਐਲਾਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ। ਧਾਮੀ ਨੇ ਕਿਹਾ ਕਿ ਸ੍ਰੀ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਸਿੱਖ ਪੰਥ ਦੇ ਬਾਬੇ ਹਨ, ਉਨ੍ਹਾਂ ਨੂੰ ਬਾਲ ਕਹਿਣਾ ਸਿੱਖ ਇਤਿਹਾਸ ਨਾਲ ਖਿਲਵਾੜ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ-ਚਰਚਾ ਕਰਨੀ ਚਾਹੀਦੀ ਸੀ। ਉਨ੍ਹਾਂ ਨੂੰ ‘ਵੀਰ ਬਾਲ ਦਿਵਸ’ ਨਾਂ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ ਪਰ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਦੀ ਸਲਾਹ ਲੈਣੀ ਚਾਹੀਦੀ ਸੀ। ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦੀ ਜੋੜ ਮੇਲ ਮਨਾਉਂਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਦਾ ਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਇਹ ਇਕੱਲਾ ਭਾਰਤ ਦਾ ਮਸਲਾ ਨਹੀਂ ਹੈ ਬਲਕਿ ਵਿਦੇਸ਼ਾਂ ’ਚ ਵੀ ਸਾਰੀਆਂ ਸਿੱਖ ਸਭਾਵਾਂ ਵਿਸ਼ਵ ਪੱਧਰ ’ਤੇ ਇਸ ਨੂੰ ਸ਼ਹੀਦੀ ਜੋੜ ਮੇਲ ਵਜੋਂ ਮਨਾਉਂਦੀਆਂ ਹਨ।

ਵੀਰ ਬਾਲ ਦਿਵਸ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਨਈਂ ਕਰਦਾ-ਜਥੇਦਾਰ ਅਕਾਲ ਤਖਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਵਰ੍ਹੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦੇ ਕੀਤੇ ਐਲਾਨ ਬਾਰੇ ਫਿਲਹਾਲ ਸਮੁੱਚੀ ਸਿੱਖ ਕੌਮ ਇਕਮਤ ਨਹੀਂ ਹੋ ਰਹੀ। ਇਸ ਦੌਰਾਨ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਪਰ ਇਸ ਦੇ ਨਾਂ ਵੀਰ ਬਾਲ ਦਿਵਸ ਬਾਰੇ ਅਸਹਿਮਤੀ ਦਿੱਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ ਦੇਸ਼ ਦੇ ਬੱਚਿਆਂ ਨੂੰ ਹਰ ਵਰ੍ਹੇ 26 ਦਸੰਬਰ ਨੂੰ ਪੜ੍ਹਾਉਣ ਦਾ ਐਲਾਨ ਕੀਤਾ ਹੈ। ਉਹ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੂੰ ਇਸ ਨੂੰ ਸਮਰਪਿਤ ਮਨਾਏ ਜਾਣ ਵਾਲੇ ਦਿਵਸ ਦਾ ਨਾਂ ‘ਵੀਰ ਬਾਲ ਦਿਵਸ’ ਰੱਖਣ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਨਾਂ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਜਦੋਂ ਵੀ ਸਿੱਖ ਕੌਮ ਜਾਂ ਧਰਮ ਸਬੰਧੀ ਕੋਈ ਫ਼ੈਸਲਾ ਲੈਣਾ ਹੋਵੇ ਤਾਂ ਇਸ ਸਬੰਧੀ ਪਹਿਲਾਂ ਸਿੱਖ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕੀਤਾ ਜਾਵੇ। ਅਜਿਹੇ ਮਾਮਲਿਆਂ ਵਿਚ ਸਿੱਖ ਸੰਸਥਾਵਾਂ ਭਾਰਤ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੀਆਂ। ਪਰ ਕਦੇ ਵੀ ਗਲਤ ਸਿੱਖ ਇਤਿਹਾਸ ਨਾ ਪੜ੍ਹਾਇਆ ਜਾਵੇ ਅਤੇ ਨਾ ਹੀ ਪ੍ਰਚਾਰਿਆ ਜਾਵੇੇ। ਉਨ੍ਹਾਂ ਇਸ ਦਾ ਹਵਾਲਾ ਬਨਾਰਸ ਵਿਚ ਪ੍ਰਧਾਨ ਮੰਤਰੀ ਦੇ ਸਮਾਗਮ ਸਮੇਂ ਵੰਡੇ ਪੈਂਫਲਟ ਬਾਰੇ ਦਿੱਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਨੂੰ ਕਾਸ਼ੀ ਵਿਖੇ ਵਿਦਿਆ ਗ੍ਰਹਿਣ ਕਰਨ ਲਈ ਭੇਜਿਆ ਸੀ ਜਦਕਿ ਇਹ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਪੰਜ ਪਿਆਰੇ ਨਹੀਂ ਸਗੋਂ ਪੰਜ ਸਿੱਖਾਂ ਨੂੰ ਕਾਸ਼ੀ ਨਗਰੀ ਵਿਚ ਪੁਰਾਤਨ ਵੇਦ-ਸ਼ਾਸਤਰ ਆਦਿ ਦੀ ਵਿਦਿਆ ਲੈਣ ਲਈ ਭੇਜਿਆ ਸੀ, ਜਿਨ੍ਹਾਂ ਭਗਵੇ ਕੱਪੜਿਆਂ ਵਿਚ ਇਹ ਵਿਦਿਆ ਪ੍ਰਾਪਤ ਕੀਤੀ। ਬਾਅਦ ਵਿਚ ਉਨ੍ਹਾਂ ਨੂੰ ਗੁਰੂ ਸਾਹਿਬ ਵਲੋਂ ਭਗਵੇ ਭੇਖ ਵਿਚ ਹੀ ਸਿੱਖੀ ਦਾ ਪ੍ਰਚਾਰ ਕਰਨ ਦਾ ਆਦੇਸ਼ ਦਿੱਤਾ ਗਿਆ।

ਵੀਰ ਬਾਲ ਦਿਵਸ ਦਾ ਫ਼ੈਸਲਾ ਰਾਜਸੀ- ਗਿਆਨੀ ਕੇਵਲ ਸਿੰਘ

ਵੀਰ ਬਾਲ ਦਿਵਸ ਦੇ ਨਾਮ ਤੇ ਹੋ ਰਹੀ ਬਹਿਸ ਚ ਸ਼ਾਮਲ ਹੁੰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਰਾਜਸੀ ਪੱਖ ਤੋਂ ਲਿਆ ਗਿਆ ਫੈਸਲਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖਤਾ ਦੇ ਭਲੇ ਅਤੇ ਸੱਚ ਤੇ ਹੱਕ ਦੀ ਪ੍ਰਾਪਤੀ ਲਈ ਸੀ। ਉਹ ਬੱਚੇ ਨਹੀਂ ਸਗੋਂ ਬਾਬੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਐਲਾਨ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਿੱਖ ਸੰਸਥਾਵਾਂ ਕੋਲੋਂ ਇਸ ਸਬੰਧੀ ਰਾਏ ਲੈਣੀ ਚਾਹੀਦੀ ਸੀ। ਇਹ ਵੀਰ ਬਾਲ ਦਿਵਸ ਨਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਚੋਣਾਂ ਦੇ ਨੇੜੇ ਕੀਤਾ ਗਿਆ, ਜਿਸ ਤੋਂ ਲਗਦਾ ਹੈ ਕਿ ਅਜਿਹਾ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੈ।

ਨਾਵਾਂ ਦੇ ਝਗੜੇ ‘ਚ ਪੈਣ ਦੀ ਥਾਂ ਸਵਾਗਤ ਕਰੋ-ਤਰਲੋਚਨ ਸਿੰਘ

ਸਿੱਖਾਂ ਨੂੰ ਨਾਵਾਂ ਦੇ ਝਗੜੇ ‘ਚ ਪੈਣ ਦੀ ਜਗ੍ਹਾ ਪ੍ਰਧਾਨ ਮੰਤਰੀ ਮੋਦੀ ਦੀ ਸ਼ਰਧਾ ਨੂੰ ਸਮਝਣ ਦੀ ਲੋੜ ਹੈ ਅਤੇ ਵੀਰ ਬਾਲ ਦਿਵਸ ਮਨਾਉਣ ਦੇ ਫੈਸਲੇ ਦਾ ਸੁਆਗਤ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਿੱਖਾਂ ਪ੍ਰਤੀ ਭਾਵਨਾ ਹਮੇਸ਼ਾ ਚੰਗੀ ਰਹੀ ਹੈ। ਫਿਰੋਜ਼ਪੁਰ ਦੀ ਰੈਲੀ ਰੱਦ ਹੋਣ ਉਪਰੰਤ ਦੁਖੀ ਹੋਣ ਦੀ ਬਜਾਏ ਉਨ੍ਹਾਂ ਨੇ ਕੁਝ ਦਿਨਾਂ ਬਾਅਦ ਹੀ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਕਬੂਲ ਕਰਦਿਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਤਰਲੋਚਨ ਸਿੰਘ ਨੇ ਕਿਹਾ ਕਿ ਅੱਜ ਤੱਕ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ। ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹੋਏ ਹਨ ਜਿਨ੍ਹਾਂ ਨੇ ਲਾਲ ਕਿਲ੍ਹੇ ਤੋਂ ਕਈ ਵਾਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ ਹੈ। ਵੀਰ ਬਾਲ ਦਿਵਸ ਦੇ ਨਾਮ ਬਾਰੇ ਚੱਲ ਰਹੀ ਬਹਿਸ ਬਾਰੇ ਤਰਲੋਚਨ ਸਿੰਘ ਨੇ ਕਿਹਾ ਕਿ ਬਾਬਾ ਸ਼ਬਦ ਆਦਰ-ਸਤਿਕਾਰ ਵਜੋਂ ਵਰਤਿਆ ਜਾਂਦਾ ਹੈ। ਬਿਨਾਂ ਸ਼ੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਮਿਸਾਲ ਦੁਨੀਆ ‘ਚ ਕਿਤੇ ਨਹੀਂ ਮਿਲਦੀ। ਅਸੀਂ ਦੁਨੀਆ ਵਿਚ ਇਹ ਦਿਨ ਮਨਾਂਵਾਗੇ ਤਾਂ ਉਨ੍ਹਾਂ ਦਾ ਸਤਿਕਾਰ ਹੋਰ ਵਧੇਗਾ। ਇਹ ਦਿਨ ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ। ਨਾਮ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਪੂਰਾ ਦੇਸ਼ ਸਾਡੇ ਗੌਰਵਮਈ ਇਤਿਹਾਸ ਤੋਂ ਜਾਣੂ ਹੋਵੇਗਾ।
ਤਰਲੋਚਨ ਸਿੰਘ ਨੇ ਕਿਹਾ ਕਿ ਵੀਰ ਬਾਲ ਦਿਵਸ ਨੂੰ ਲੈ ਕੇ ਨਾਵਾਂ ਦੇ ਚੱਕਰਾਂ ਵਿਚ ਪੈਣ ਦੀ ਲੋੜ ਨਹੀਂ ਹੈ। ਸਾਨੂੰ ਭਾਵਨਾ ਸਮਝਣੀ ਚਾਹੀਦੀ ਹੈ। ਬਾਲ ਕਹਿਣ ਨਾਲ ਕੋਈ ਬੇਅਦਬੀ ਨਹੀਂ ਹੁੰਦੀ । ਦਿਨ ਮਨਾਉਣ ਦੀ ਪਰੰਪਰਾ ਵਿਚ ਹੀ ਸਾਡੀ ਭਾਵਨਾ ਹੁੰਦੀ ਹੈ। ਇਸ ਕਰਕੇ ਅਜਿਹੇ ਝਗੜਿਆਂ ਵਿਚ ਨਹੀਂ ਪੈਣਾ ਚਾਹੀਦਾ ਜਿਸ ਨਾਲ ਨੁਕਸਾਨ ਹੋਵੇ। ਸਗੋਂ ਸਾਨੂੰ ਤਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ ਹੈ।

‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਸ਼ਲਾਘਾਯੋਗ-ਹਰਨਾਮ ਸਿੰਘ 

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਮੌਕੇ ਸਾਹਿਬਜ਼ਾਦਿਆਂ ਦੀ ਹਿੰਮਤ ਤੇ ਹੌਸਲੇ ਨੂੰ ਢੁਕਵੀਂ ਸ਼ਰਧਾਂਜਲੀ ਵਜੋਂ ਦੇਸ਼ ਭਰ ’ਚ 26 ਦਸੰਬਰ ਨੂੰ ਸਰਕਾਰੀ ਛੁੱਟੀ ਐਲਾਨਦਿਆਂ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਲਏ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ 325 ਸਾਲਾਂ ਦੌਰਾਨ ਹਿੰਦੁਸਤਾਨ ਦੀ ਕਿਸੇ ਵੀ ਹਕੂਮਤ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਬਾਰੇ ਨਹੀਂ ਸੋਚਿਆ, ਪਰ ਪ੍ਰਧਾਨ ਮੰਤਰੀ ਨੇ ਇਸ ਵੱਡੇ ਫ਼ੈਸਲੇ ਰਾਹੀਂ ਆਪਣਾ ਫਰਜ ਨਿਭਾਉਂਦਿਆਂ ਚਾਰ ਸਾਹਿਬਜ਼ਾਦਿਆਂ ਵੱਲੋਂ ਹਿੰਦੂ ਧਰਮ ਦੀ ਰੱਖਿਆ ਅਤੇ ਗੁਰਸਿੱਖੀ ਖ਼ਾਤਰ ਜ਼ਾਲਮਾਂ ਦੀ ਈਨ ਨਾ ਮੰਨਣ, ਮਾਤਾ ਗੁਜਰ ਕੌਰ ਜੀ ਅਤੇ ਸਿੱਖ ਪੰਥ ਦੀ ਇਤਿਹਾਸਕ ਭੂਮਿਕਾ ਪ੍ਰਤੀ ਵਿਸ਼ਵ ਨੂੰ ਜਾਣੂ ਕਰਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਮੋਦੀ ਜਿਨ੍ਹਾਂ ਨੇ ਮੇਰੇ ਸਤਿਗੁਰਾਂ ਦੇ ਲਾਲਾਂ ਦੀ ਯਾਦ ’ਚ ਇਸ ਦਿਹਾੜੇ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਅਤੇ ਹਿੰਦ ਵਾਸੀਆਂ ਲਈ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਕਦਮ ਨਾਲ ਕੌਮ ਦਾ ਸਿਰ ਉੱਚਾ ਹੋਇਆ ਹੈ, ਖ਼ਾਲਸੇ ਦੇ ਬੋਲ ਬਾਲੇ ਤੇ ਸਿੱਖੀ ਦੀ ਪਛਾਣ ਵਿਕਸਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਪੰਥ ਲਈ ਚੰਗਾ ਕਾਰਜ ਕਰਦਾ ਹੈ, ਉਸ ਦੀ ਹੌਸਲਾ ਅਫਜਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ। ਨਾ ਕਿ ਉਸ ਬਾਰੇ ਨੁਕਤਾਚੀਨੀ ਜਾਂ ਨਿੰਦਿਆ ਕਰਦਿਆਂ ਨਾਸ਼ੁਕਰਾ ਹੋਇਆ ਜਾਣਾ ਚਾਹੀਦਾ।
ਇਸ ਸਬੰਧੀ ਉਨ੍ਹਾਂ ਸਤਿਗੁਰ ਤੋਂ ਸਿੱਖਿਆ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦਸਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੇ ਵੱਲੇ ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ ਦੀ ਰਿਆਸਤ ਨੂੰ ਸੁਰੱਖਿਅਤ ਰੱਖਣ ਦੀ ਹਦਾਇਤ ਕੀਤੀ। ਦਮਦਮੀ ਟਕਸਾਲ ਦੇ ਮੁਖੀ ਨੇ ਚਿਰਾਂ ਤੋਂ ਲਟਕਦੇ ਪੰਥ ਅਤੇ ਪੰਜਾਬ ਦੇ ਮਸਲੇ ਜਲਦ ਹੱਲ ਕਰਨ ਦੀ ਵੀ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ।

Comment here