ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਾਰਾ ਫੰਡ ਕੇਜਰੀਵਾਲ ਤੇ ਪਾਰਟੀ ਦੇ ਖਾਤੇ ਚ ਗਿਆ-ਖਹਿਰਾ

ਪਟਿਆਲਾ-ਮਨੀ ਲਾਂਡਰਿੰਗ ਕੇਸ ਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਚ ਉਲਝੇ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ। ਕੱਲ ਬਾਅਦ ਦੁਪਹਿਰ ਉਹ ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਰਿਹਾਅ ਹੋ ਗਏ। ਉਹ ਇੱਥੇ ਅਠਾਰਾਂ ਨਵੰਬਰ ਤੋਂ ਬੰਦ ਸਨ।  ਪਿਛਲੀ ਵਾਰ ਖਹਿਰਾ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ ਪਰ ਕੁਝ ਮਹੀਨੇ ਪਹਿਲਾਂ ਉਹ ਕਾਂਗਰਸ ਵਿਚ ਪਰਤ ਆਏ ਸਨ | ਕਾਂਗਰਸ ਨੇ ਉਨ੍ਹਾ ਨੂੰ ਭੁਲੱਥ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ | ਰਿਹਾਅ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਇਸ ਕੇਸ ਵਿੱਚ ਉਨ੍ਹਾ ਨੂੰ ਝੂਠਾ ਫਸਾਇਆ ਗਿਆ ਹੈ ਤੇ ਸੱਚਾਈ ਦੀ ਜਿੱਤ ਹੋਵੇਗੀ | ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਅਮਰੀਕਾ ਭੇਜਿਆ ਮੀਟਿੰਗਾਂ ਕਰਨ ਲਈ ਅਤੇ 16 ਸ਼ਹਿਰਾਂ ਵਿੱਚ ਮੀਟਿੰਗਾਂ ਹੋਈਆਂ | ਜਿਹੜੇ ਵਿਦੇਸ਼ੀ ਪੈਸੇ ਦੀ ਗੱਲ ਹੋ ਰਹੀ ਹੈ ਉਹ ਪੈਸਾ ਆਮ ਆਦਮੀ ਪਾਰਟੀ ਲਈ ਆਇਆ ਸੀ | ਮੈਂ ਵਿਦੇਸ਼ ਗਿਆ ਸੀ ਪਰ ਸਾਰਾ ਪੈਸਾ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੇ ਖਾਤੇ ਵਿਚ ਗਿਆ | ਭਾਜਪਾ, ਕਾਂਗਰਸ ਦੇ ਕੁਝ ਦਾਗੀਆਂ ਤੇ ਆਮ ਆਦਮੀ ਪਾਰਟੀ ਦੀ ਤਿਕੜੀ ਨੇ ਮੇਰੇ ਖਿਲਾਫ ਸਾਜ਼ਿਸ਼ ਰਚੀ ਸੀ ਜਿਸਦਾ ਮੈਂ ਤੱਥਾਂ ਸਣੇ ਖੁਲਾਸਾ ਕਰਾਂਗਾ | ਭਾਜਪਾ ਨੇ ਸਾਜ਼ਿਸ਼ ਰਚੀ, ਜਿਸ ਵਿਚ ਕਾਂਗਰਸ ਦੇ ਕੁਝ ਦਾਗੀ ਬੰਦੇ ਸ਼ਾਮਲ ਹੋ ਗਏ | ਆਮ ਆਦਮੀ ਪਾਰਟੀ ਦੇ ਸਕੱਤਰ ਪੰਕਜ ਗੁਪਤਾ ਨੇ ਮੇਰੇ ਖਿਲਾਫ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਝੂਠਾ ਬਿਆਨ ਦਿੱਤਾ, ਜਿਸਦਾ ਮੈਂ ਪਰਦਾਫਾਸ਼ ਕਰਾਂਗਾ | 2016 ਵਿਚ ਮੈਨੂੰ ਵਿਦੇਸ਼ ਭੇਜ ਕੇ ਆਮ ਆਦਮੀ ਪਾਰਟੀ ਨੇ ਡੇਢ ਤੋਂ ਦੋ ਕਰੋੜ ਰੁਪਏ ਇਕੱਠੇ ਕੀਤੇ ਸਨ, ਜੋ ਬਾਅਦ ਵਿਚ ਕੇਜਰੀਵਾਲ ਦੇ ਖਾਤੇ ਵਿਚ ਗਏ | ਖਹਿਰਾ ਨੇ ਕਿਹਾ—ਜੇਲ੍ਹ ਵਿੱਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ ਹਨ | ਕਾਂਗਰਸ ਪਾਰਟੀ ਨੇ ਮੈਨੂੰ ਜੇਲ੍ਹ ਵਿੱਚ ਬੈਠੇ ਨੂੰ ਉਮੀਦਵਾਰ ਐਲਾਨ ਦਿੱਤਾ | ਜਦੋਂ ਮੇਰੇ ਤੇ ਈ ਡੀ ਦੀ ਰੇਡ ਹੋਈ ਮੈਂ ਮੀਡੀਆ ਨਾਲ ਗੱਲ ਕੀਤੀ | ਮੈਂ ਜ਼ਿੰਦਗੀ ਵਿੱਚ ਕਦੇ ਬੇਇਮਾਨੀ ਨਹੀਂ ਕੀਤੀ | ਉਨ੍ਹਾ ਇਹ ਵੀ ਆਸ ਜਤਾਈ ਕਿ ਭੁਲੱਥ ਹਲਕੇ ਦੇ ਲੋਕ ਐਤਕੀਂ ਵੀ ਉਨ੍ਹਾ ਦੇ ਹੱਕ ਵਿੱਚ ਫ਼ਤਵਾ ਦੇ ਕੇ ਵਿਰੋਧੀ ਸ਼ਕਤੀਆਂ ਦੇ ਦੰਦ ਖੱਟੇ ਕਰਨਗੇ ।

Comment here