ਸਿਆਸਤਖਬਰਾਂਚਲੰਤ ਮਾਮਲੇ

ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਦੇ ਮੁੰਡੇ ‘ਤੇ ਕੁੱਟਮਾਰ ਦੇ ਇਲਜ਼ਾਮ

ਚੰਡੀਗੜ੍ਹ-ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਉੱਤੇ ਇਕ ਨੌਜਵਾਨ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਨੇ ਚੰਡੀਗੜ ਵਿਚ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਏ ਹਨ ਕਿ ਉਸਨੂੰ ਚੰਡੀਗੜ ਦੇ 17 ਸੈਕਟਰ ਤੋਂ ਅਗਵਾ ਕਰਕੇ ਸਰਕਾਰੀ ਗੰਨਮੈਨਾਂ ਨਾਲ ਮਿਲਕੇ ਉਦੈਵੀਰ ਸਿੰਘ ਨੇ ਬੁਰੀ ਤਰ੍ਹਾਂ ਕੁਟਵਾਇਆ ਹੈ। ਪੀੜ੍ਹਤ ਨੌਜਵਾਨ ਦੇ ਸਿਰ ਵਿਚ ਸੱਟ ਅਤੇ ਟਾਂਕੇ ਲੱਗੇ ਹੋਏ ਹਨ। ਨਰਵੀਰ ਦਾ ਦੋਸ਼ ਤਾਂ ਇਹ ਵੀ ਕਿ ਉਦੈਵੀਰ ਰੰਧਾਵਾ 2019 ਤੋਂ ਉਸਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਗੰਨ ਦਿਖਾ ਕੇ ਗੱਡੀ ‘ਚ ਬਿਠਾਇਆ : ਪੀੜਤ ਨਰਵੀਰ ਦਾ ਕਹਿਣਾ ਹੈ ਕਿ ਸੈਕਟਰ 17 ਵਿਚ ਉਹ ਆਪਣੇ ਦੋਸਤਾਂ ਨਾਲ ਖਾਣਾ ਖਾਣ ਗਿਆ ਸੀ ਜਿਥੇ ਗੰਨ ਪੁਆਇੰਟ ਦੇ ਨਾਲ ਉਸਨੂੰ ਗੱਡੀ ਵਿਚ ਬਿਠਾਇਆ ਗਿਆ ਅਤੇ ਧਮਕਾਇਆ ਗਿਆ। ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ 3 ਸਰਕਾਰੀ ਗੰਨਮੈਨ ਉਦੈਵੀਰ ਰੰਧਾਵਾ ਦੇ ਨਾਲ ਮੌਜੂਦ ਸਨ। ਹਾਲਾਂਕਿ ਪੀੜਤ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਗੱਲ ਤੋਂ ਉਹਨਾਂ ਵਿਚ ਵਿਵਾਦ ਪੈਦਾ ਹੋਇਆ। ਵਾਰ ਵਾਰ ਰੰਧਾਵਾ ਪਰਿਵਾਰ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾ ਰਹੇ ਹਨ। ਪੀੜਤ ਦਾ ਕਹਿਣਾ ਹੈ ਕਿ ਸਰਕਾਰੀ ਅਮਲਾ ਲੈ ਕੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਇਸ ਪੂਰੇ ਮਾਮਲੇ ਤੇ ਰੰਧਾਵਾ ਪਰਿਵਾਰ ਦਾ ਕੋਈ ਵੀ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ। ਸੁਖਜਿੰਦਰ ਰੰਧਾਵਾ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੁਖਜਿੰਦਰ ਰੰਧਾਵਾ ਨਾਲ ਸੰਪਰਕ ਨਹੀਂ ਹੋ ਸਕਿਆ। ਜਦਕਿ ਉਦੈਵੀਰ ਰੰਧਾਵਾ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੈ। ਕਾਂਗਰਸ ਪਾਰਟੀ ਵੱਲੋਂ ਵੀ ਅਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਸਪੱਸ਼ਟ ਹੋ ਸਕਿਆ ਕਿ ਦੋਵਾਂ ਧਿਰਾਂ ਵਿਚ ਲੜਾਈ ਕਿਹੜੇ ਵਿਵਾਦ ਦੇ ਚੱਲਦਿਆਂ ਹੋਈ।

Comment here