ਅਪਰਾਧਸਿਆਸਤਖਬਰਾਂ

ਸਾਬਕਾ ਮੰਤਰੀ ਆਸ਼ੂ ਦੇ ਬੈਂਕ ਲਾਕਰਾਂ ਤੋਂ 4 ਕਿਲੋ ਸੋਨਾ ਜ਼ਬਤ

ਚੰਡੀਗੜ੍ਹ-ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਸੀਲ ਕੀਤੇ ਬੈਂਕ ਲਾਕਰਾਂ ਵਿੱਚੋਂ 4 ਕਿਲੋ ਸੋਨੇ ਦੇ ਗਹਿਣੇ ਜ਼ਬਤ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 2.12 ਕਰੋੜ ਰੁਪਏ ਬਣਦੀ ਹੈ। ਏਜੰਸੀ ਦੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ, ਟੀਮ ਨੇ 4 ਸਤੰਬਰ ਨੂੰ ਲੁਧਿਆਣਾ ਵਿੱਚ ਜ਼ਬਤ ਕੀਤੇ ਬੈਂਕ ਲਾਕਰਾਂ ਦੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) 2002 ਦੇ ਉਪਬੰਧਾਂ ਦੇ ਤਹਿਤ ਤਲਾਸ਼ੀ ਲਈ।
ਇਸ ਤੋਂ ਪਹਿਲਾਂ 24 ਅਗਸਤ ਨੂੰ ਈਡੀ ਨੇ ਭਾਰਤ ਭੂਸ਼ਣ ਆਸ਼ੂ ਅਤੇ ਉਸ ਦੇ ਸਾਥੀਆਂ ਦੇ ਲੁਧਿਆਣਾ, ਮੁਹਾਲੀ, ਨਵਾਂਸ਼ਹਿਰ, ਜਲੰਧਰ ਅਤੇ ਅੰਮ੍ਰਿਤਸਰ ਵਿੱਚ 25 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 6.5 ਕਰੋੜ ਰੁਪਏ ਜ਼ਬਤ ਕੀਤੇ ਗਏ ਸੀ। ਉਥੇ ਹੀ ਬੈਂਕ ਦੇ ਲਾਕਰ ਵੀ ਫਰੀਜ਼ ਕੀਤੇ ਗਏ। ਹੁਣ ਇਸ ਮਾਮਲੇ ਵਿੱਚ ਜ਼ਬਤ ਅਤੇ ਫਰੀਜ਼ ਦੀ ਕੁੱਲ ਰਕਮ 8.6 ਕਰੋੜ ਹੋ ਗਈ ਹੈ। ਈਡੀ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਆਸ਼ੂ ਅਤੇ ਉਸ ਦੇ ਸਾਥੀਆਂ ਨੇ ਵਿਭਾਗ ਨਾਲ ਹੇਰਾਫੇਰੀ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਇਸ ਸਬੰਧੀ ਵਿਭਾਗ ਦੀਆਂ ਟੀਮਾਂ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ‘ਚ ਬਰਾਮਦ ਕੀਤੇ ਗਏ ਸੋਨੇ ਦਾ ਹਿਸਾਬ ਲੈਣ ਲਈ ਵਿਭਾਗ ਜਲਦੀ ਹੀ ਮੁਲਜ਼ਮਾਂ ਨੂੰ ਨੋਟਿਸ ਭੇਜ ਰਿਹਾ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮਸ਼ਹੂਰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ 16 ਅਗਸਤ 2022 ਨੂੰ ਆਸ਼ੂ ਵਿਰੁੱਧ ਕੇਸ ਦਰਜ ਕੀਤਾ ਸੀ। ਫਿਰ 22 ਅਗਸਤ 2022 ਨੂੰ ਆਸ਼ੂ ਨੂੰ ਸੈਲੂਨ ਦੀ ਦੁਕਾਨ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ। ਕਰੀਬ 8 ਦਿਨਾਂ ਦੇ ਵਿਜੀਲੈਂਸ ਰਿਮਾਂਡ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਜ਼ਿਲ੍ਹਾ ਅਦਾਲਤ ਨੇ ਆਸ਼ੂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਤਾਂ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ।

Comment here