ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਸਾਬਕਾ ਫੌਜੀ ਬੱਚਿਆਂ ਨੂੰ ਮੁਫ਼ਤ ਸਿੱਖਾ ਰਿਹੈ ਭਲਵਾਨੀ ਦੇ ਗੁਰ

ਗੜ੍ਹਸ਼ੰਕਰ-ਦੇਸ਼ ਦੀਆਂ ਸਰਹੱਦਾਂ ਦੇ ਉੱਪਰ ਫੌਜੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ ਰਾਤ ਪਹਿਰਾ ਦਿੰਦੇ ਹਨ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਟ੍ਰੇਨਿੰਗ ਦੇ ਰਹੇ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਗੜ੍ਹਸ਼ੰਕਰ ਦੇ ਪਿੰਡ ਬਗਵਾਈ ਦੇ ਸਾਬਕਾ ਫੌਜੀ ਲਖਵਿੰਦਰ ਸਿੰਘ ਲੱਖਾਂ ਦੀ, ਜੋ ਕਿ ਪਿੱਛਲੇ ਪੰਜ ਸਾਲਾਂ ਤੋਂ ਬਾਬਾ ਮੇਘ ਦਾਸ ਕੁਸ਼ਤੀ ਅਖਾੜੇ ਦੇ ਵਿੱਚ ਬੱਚਿਆਂ ਨੂੰ ਮੁਫ਼ਤ ਵਿੱਚ ਪਹਿਲਵਾਨੀ ਦੀ ਟ੍ਰੇਨਿੰਗ ਦੇ ਰਹੇ ਹਨ।
ਬਾਬਾ ਮੇਘ ਦਾਸ ਅਖਾੜੇ ਵਿੱਚ 50 ਦੇ ਕਰੀਬ ਨੌਜਵਾਨ ਟ੍ਰੇਨਿੰਗ ਲੈ ਰਹੇ ਹਨ ਅਤੇ ਇਸ ਅਖਾੜੇ ਵਿੱਚ ਪਿੰਡ ਬਗਵਾਈ ਤੋਂ ਇਲਾਵਾ ਆਲੇ ਦੁਆਲੇ ਪਿੰਡਾਂ ਦੇ ਬੱਚੇ ਟ੍ਰੇਨਿੰਗ ਲੈ ਰਹੇ ਹਨ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਲੱਖਾਂ ਵਾਸੀ ਰੋੜ ਮਜਾਰਾ ਨੇ ਦੱਸਿਆ ਕਿ ਇਸ ਅਖਾੜੇ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ ਨਾਲ ਐਨਆਰਆਈ ਵੀਰਾਂ ਦਾ ਵੱਡਾ ਸਹਿਯੋਗ ਹੈ, ਜਿਨ੍ਹਾਂ ਦੀ ਬਦੌਲਤ ਅੱਜ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਕੇ ਖੇਡਾਂ ਨਾਲ ਜੋੜ ਰਹੇ ਹਨ।
ਲਖਵਿੰਦਰ ਸਿੰਘ ਲੱਖਾਂ ਨੇ ਦੱਸਿਆ ਕਿ ਇਸ ਅਖਾੜੇ ਦੇ ਵਿੱਚ ਸਵੇਰ ਅਤੇ ਸ਼ਾਮ ਦੇ ਵਿੱਚ ਬੱਚਿਆਂ ਨੂੰ ਮੁਫ਼ਤ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਬਹੁਤੇ ਨੌਜਵਾਨ ਪੰਜਾਬ ਪੱਧਰ ਦੇ ਖੇਡ ਅਖਾੜਿਆਂ ਵਿੱਚ ਪੁਜੀਸ਼ਨਾਂ ਵੀ ਪ੍ਰਾਪਤ ਕਰ ਚੁੱਕੇ ਹਨ। ਲਖਵਿੰਦਰ ਲੱਖਾਂ ਨੇ ਦੱਸਿਆ ਕਿ ਪਿੰਡ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਟ੍ਰੇਨਿੰਗ ਲੈਂਦੇ ਨੌਜਵਾਨਾਂ ਨੂੰ ਖਾਣ ਵਾਸਤੇ ਬਦਾਮ, ਕੇਲੇ ਅਤੇ ਹੋਰ ਵੱਖ ਵੱਖ ਪ੍ਰਕਾਰ ਦੀਆਂ ਤਾਕਤ ਵਾਲੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਖੇਡ ਦਾ ਸਾਮਾਨ ਅਤੇ ਫੀਡ ਦਾ ਵਿਸ਼ੇਸ਼ ਪ੍ਰਬੰਧ ਵੀ ਮੁਫ਼ਤ ਵਿੱਚ ਕੀਤਾ ਜਾਂਦਾ ਹੈ ਅਤੇ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਸਦਕਾ ਅੱਜ ਬੱਚਿਆਂ ਨੂੰ ਨਵੀਂ ਰਾਹ ਨਜ਼ਰ ਆ ਰਹੀ ਹੈ।
ਇਸ ਮੌਕੇ ਇਸ ਅਖਾੜੇ ਵਾਰੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਅਖਾੜੇ ਰਾਹੀਂ ਇਲਾਕੇ ਦੇ ਵੱਖ ਵੱਖ ਪਿੰਡਾਂ ਤੋਂ ਨੌਜਵਾਨ ਆ ਕੇ ਹਿਸਾ ਲੈਂਦੇ ਹਨ। ਇਸ ਕਾਰਨ ਅੱਜ ਨੌਜਵਾਨ ਪੀੜੀ ਨਸ਼ਿਆਂ ਨੂੰ ਅਲਵਿਦਾ ਆਖ ਰਹੀ ਹੈ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਰਹੀ ਹੈ। ਇਸ ਅਖਾੜੇ ਦੇ ਪਹਿਲਵਾਨ ਅੱਜ ਵੱਖ-ਵੱਖ ਥਾਵਾਂ ਦੀਆਂ ਛਿੰਝਾਂ ਵਿੱਚ ਹਿੱਸਾ ਲੈਕੇ ਜਿੱਤ ਹਾਸਲ ਕਰਕੇ ਅਪਣਾ ਨਾਂ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਕੱਢਣ ਦਾ ਵੱਡਮੁੱਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ, ਅਜਿਹੇ ਉਪਰਾਲੇ ਕਰਨ ਦੀ, ਤਾਂ ਕਿ ਨੌਜਵਾਨਾਂ ਨੂੰ ਚੰਗੀ ਸਿਹਦ ਮਿਲ ਸਕੇ।

Comment here