ਵਿਸ਼ੇਸ਼ ਲੇਖ

ਸਾਫ ਪੌਣ ਪਾਣੀ ਨੂੰ ਤਰਸਾਂਗੇ ਅਸੀਂ

-ਵਿਜੈ ਬੰਬੇਲੀ

ਵਾਯੂਮੰਡਲ ਪਰਤ ਵਿਚ ਮੌਜੂਦ ਧੂੜ, ਧੂੰਆਂ, ਗੈਸ, ਬਦਬੂ, ਵਾਸ਼ਪ ਆਦਿ ਦੀ ਵਧੇਰੇ ਮਾਤਰਾ ਜੋ ਪੌਦਿਆਂ ਜਾਂ ਜੀਵਾਂ ਲਈ ਨੁਕਸਾਨਦੇਹ ਹੋਵੇ ਅਤੇ ਜੀਵਨ ਵਿਚ ਵਿਘਨ ਪਾਉਂਦੀ ਹੈ, ਨੂੰ ਹਵਾ ਪ੍ਰਦੂਸ਼ਨ ਕਿਹਾ ਜਾਂਦਾ ਹੈ। ਅਨੇਕਾਂ ਕਿਰਿਆਵਾਂ ਦੇ ਫਲਸਰੂਪ ਵਾਯੂਮੰਡਲ ਵਿਚ ਵੱਖ ਵੱਖ ਪ੍ਰਦੂਸ਼ਨ-ਕਰਤਾ ਦਾਖ਼ਲ ਹੁੰਦੇ ਰਹਿੰਦੇ ਹਨ ਜਿਹੜੇੇ ਵਾਤਾਵਰਨ ਨੂੰ ਜ਼ਹਿਰੀਲਾ ਤੇ ਗੰਧਲਾ ਬਣਾਉਂਦੇ ਹਨ ਅਤੇ ਕੁਦਰਤੀ ਸੁੰਦਰਤਾ ਖ਼ਰਾਬ ਕਰਦੇ ਹਨ।

ਗੈਰ-ਕੁਦਰਤੀ, ਅਣਸਾਵੇਂ ਵਿਕਾਸ ਅਤੇ ਅਖੌਤੀ ਆਧੁਨਿਕਤਾ ਕਾਰਨ ਵਾਤਾਵਰਨ ਵਿਚ ਸਸਪੈਂਡਡ ਪਾਰਟੀਕਲ ਮੈਟਰ (ਜਿਹੜੇ ਤੱਤ ਹਵਾ ਵਿਚੋਂ ਮਨਫ਼ੀ ਚਾਹੀਦੇ ਹਨ) ਅਤੇ ਨਾਈਟਰੋਜਨ ਆਕਸਾਈਡ ਜ਼ਹਿਰ ਵਧ ਰਹੀ ਹੈ। ਹਵਾ ਵਿਚ ਐੱਸਪੀਐੱਮ ਦੀ ਮਾਤਰਾ 100 ਤੋਂ 200 ਮਾਈਕਰੋਗ੍ਰਾਮ (ਲਘੂ ਗ੍ਰਾਮ) ਪ੍ਰਤੀ ਘਣ ਮੀਟਰ ਚਾਹੀਦੀ ਹੈ ਪਰ ਬਹੁਤੇ ਇਲਾਕਿਆਂ ਵਿਚ ਇਸ ਦੀ ਮਾਤਰਾ 296 ਤੋਂ 586 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਈ ਹੈ। ਨਾਈਟਰੋਜਨ ਆਕਸਾਈਡ ਦੀ ਮਾਤਰਾ 30 ਮਾਈਕਰੋਗ੍ਰਾਮ ਪ੍ਰਤੀ ਕਿਊਬਕ ਮੀਟਰ ਹੋਣੀ ਚਾਹੀਦੀ ਹੈ ਪਰ ਇਹ 46 ਤੱਕ ਪਹੁੰਚ ਗਈ ਹੈ। ਸਲਫਰ ਡਾਇਆਕਸਾਈਡ ਮਿਥੀ ਮਾਤਰਾ 30 ਮਾਈਕਰੋਗ੍ਰਾਮ ਤੋਂ ਘੱਟ ਹੈ ਪਰ ਵਧ ਇਹ ਵੀ ਰਹੀ ਹੈ।

ਭਾਰਤ ਵਿਚ ਤਾਂ ਹਵਾ ਪ੍ਰਦੂਸ਼ਨ ਕਣਾਂ (ਪੀਐੱਮਸੀ) ਦੀ ਮੌਜੂਦਗੀ 71 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ ਜਿਹੜੀ ਸੰਸਾਰ ਸਿਹਤ ਸੰਸਥਾ ਦੇ ਮਾਪਦੰਡ ਤੋਂ ਦਸ ਗੁਣਾ ਵੱਧ ਹੈ। ਇਸੇ ਕਾਰਨ ਸਾਡਾ ਮੁਲਕ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਮੁਲਕਾਂ ਵਿਚ ਸ਼ੁਮਾਰ ਹੋ ਗਿਆ ਹੈ। ਐਨਰਜੀ ਪਾਲਿਸੀ ਇੰਸੀਚਿਊਟ ਅਨੁਸਾਰ 40% ਲੋਕ, ਖਾਸਕਰ ਗੰਗਾ-ਜਮਨਾ-ਸਤਲੁਜ ਦੋਆਬ ਦੇ ਖਿੱਤੇ, ਹਵਾ ਪ੍ਰਦੂਸ਼ਨ ਨਾਲ ਬੁਰੀ ਤਰ੍ਹਾਂ ਗ੍ਰੱਸੇ ਜਾ ਚੁੱਕੇ ਹਨ। ਸਿੱਟੇ ਵਜੋਂ ਔਸਤਨ ਉਮਰ ਤਿੰਨ ਵਰ੍ਹੇ ਅਤੇ ਬੱਚਿਆਂ ਦੇ ਮਾਮਲੇ ਵਿਚ 9 ਵਰ੍ਹੇ ਘਟ ਜਾਵੇਗੀ। ਲੰਗਜ਼ ਕੇਅਰ ਫਾਊਂਡੇਸ਼ਨ ਅਨੁਸਾਰ ਪ੍ਰਦੂਸ਼ਿਤ ਹਵਾ ਕਾਰਨ ਸਾਡੇ ਤੀਜਾ ਹਿੱਸਾ ਬੱਚੇ ਵੱਧ ਭਾਰ ਵਾਲੇ ਜਾਂ ਦਮੇ ਹੇਠ ਹਨ।

ਕੋਲਾ, ਪੈਟਰੋਲ ਆਦਿ ਬਲਣ ਨਾਲ ਸਲਫਰ ਡਾਈਅਕਸਾਈਡ ਕਾਰਬਨ ਤੇ ਅਕਸਾਈਡ, ਡੀਜ਼ਲ ਤੋਂ ਨਾਈਟਰੋਜਨ ਦੇ ਅਕਸਾਈਡ, ਹਾਈਡਰੋਕਾਰਬਨ ਅਤੇ ਕਾਰਬਨ ਮੋਨੋਅਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਹਵਾ ’ਚ ਰਲ ਜਾਂਦੀਆਂ ਹਨ। ਯੁੱਧ ਸਮੱਗਰੀ, ਰਾਕਟਾਂ, ਜਹਾਜ਼ਾਂ ’ਚੋਂ ਨਿਕਲਣ ਵਾਲਾ ਧੂੰਆਂ ਉਪਰਲੀ ਹਵਾ ਨੂੰ ਦੂਸ਼ਿਤ ਕਰ ਦਿੰਦਾ ਹੈ। ਜੰਗਲ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲਾ ਧੂੰਆਂ ਤਾਂ ਉਸ ਮੌਕੇ ਜਾਂ ਨਮੀ ਵਾਲੀ ਭਾਰੀ-ਨੀਵੀ ਹਵਾ ਕਾਰਨ ਬੇਹੱਦ ਦੂਸ਼ਿਤ ਕਰਦਾ ਹੈ। ਧਾਤਾਂ ਢਾਲਣ ਨਾਲ ਧੂੰਏਂ ਤੇ ਧੂੜ ਵਿਚ ਰਲਦੇ ਸਿੱਕਾ, ਕਰੋਮੀਅਮ, ਨਿਕਲ, ਵੇਨਾਡੀਅਮ, ਸੰਖੀਆ, ਕੇਡੀਅਮ ਆਦਿ ਬਹੁਤ ਜ਼ਹਿਰੀਲੀਆਂ ਹਨ।

ਧੂੜ ਕਣਾਂ ਅਤੇ ਕਾਰਬਨ ਡਾਈਅਕਸਾਈਡ ਦਾ ਮੌਸਮ ਉਪਰ ਬਹੁਤ ਬੁਰਾ ਅਸਰ ਪੈਂਦਾ ਹੈ। ਸੱਤਰਵਿਆਂ ਵਿਚ ਹਵਾ ਵਿਚ ਕਾਰਬਨ ਮਾਤਰਾ 311 ਪੀਪੀਐੱਮ ਸੀ ਜੋ ਹੁਣ 388 ਹੋ ਗਈ ਹੈ। ਵਾਯੂਮੰਡਲ ਵਿਚ ਸਾਲਾਨਾ ਇਕ ਮਿਲੀਅਨ ਪਿੱਛੇ ਇਕ ਭਾਗ ਕਾਰਬਨ ਡਾਈਅਕਸਾਈਡ ਦਾ ਵਾਧਾ ਹੁੰਦਾ ਹੈ। ਜੇ ਇਹ ਵਾਧਾ ਇਸੇ ਦਰ ਨਾਲ ਹੁੰਦਾ ਰਿਹਾ ਤਾਂ 21ਵੀਂ ਸਦੀ ਦੇ ਤੀਜੇ ਦਹਾਕੇ ਤੱਕ ਵਾਯੂਮੰਡਲ ਵਿਚ ਕਾਰਬਨ ਡਾਈਅਕਸਾਈਡ ਦੀ ਮਾਤਰਾ ਕਰੀਬ 61500 ਮਿਲੀਅਨ ਟਨ ਜਾਂ 470 ਪੀਪੀਐੱਮ ਹੋ ਜਾਵੇਗੀ।

ਸੂਰਜ ਦੀ ਰੌਸ਼ਨੀ ਵਿਚ ਕਈ ਤਰ੍ਹਾਂ ਦੇ ਅੱਧ ਜਾਂ ਅਣਜਲੇ ਹਾਈਡਰੋਕਾਰਬਨ ਨਾਈਟਰੋਜਨ ਦੇ ਆਕਸਾਈਡਾਂ ਨਾਲ ਪ੍ਰਤੀਕਿਰਿਆ ਕਰਕੇ ਅਲਡੀਹਾਈਡਜ਼ ਆਦਿ ਬਣਾਉਂਦੇ ਹਨ। ਇਨ੍ਹਾਂ ਨੂੰ ਵਿਗਿਆਨਕ ਸ਼ਬਦਾਵਲੀ ਵਿਚ ਫੋਟੋ ਕੈਮੀਕਲ ਅਕਸਾਈਡੈਂਟਸ ਆਖਦੇ ਹਨ। ਇਨ੍ਹਾਂ ਕਾਰਨ ਫੋਟੋ ਕੈਮੀਕਲ ਸਮੋਗ (ਧੂੰਆਂ+ਧੁੰਦ) ਬਣ ਜਾਂਦਾ ਹੈ। ਇਹ ਭੀੜ-ਭੜੱਕੇ ਵਾਲੇ ਜਾਂ ਸਨਅਤੀ ਖੇਤਰਾਂ ਵਿਚ ਬਹੁਤ ਹੁੰਦਾ ਹੈ। ਕਈ ਮੌਸਮਾਂ ਵਿਚ ਖਾਸਕਰ ਖੇਤੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਅਤੇ ਯੁੱਧਾਂ ਵੇਲੇ ਤਾਂ ਇਹ ਬੇਹੱਦ ਵਧ ਜਾਂਦਾ ਹੈ।

ਜਿਵੇਂ ਜਿਵੇਂ ਵਾਯੂਮੰਡਲ ਵਿਚ ਕਣ ਰੂਪੀ ਪਦਾਰਥਾਂ ਦੀ ਮਾਤਰਾ ਵਧਦੀ ਹੈ, ਇਹ ਪਦਾਰਥ ਸੂਰਜ ਤੋਂ ਆ ਰਹੀ ਰੌਸ਼ਨੀ ਦਾ ਵਧੇਰੇ ਖਿੰਡਾਉ ਕਰਨ ਲੱਗਦੇ ਹਨ, ਫਲਸਰੂਪ ਧਰਤੀ ਉੱਤੇ ਪੁੱਜ ਰਹੀ ਤਾਪ ਊਰਜਾ ਦੀ ਮਾਤਰਾ ਘਟਣ ਲੱਗਦੀ ਹੈ। ਵਿਗਿਆਨੀਆਂ ਅਨੁਸਾਰ ਜੇ ਇਵੇਂ ਹੀ ਚਲਦਾ ਰਿਹਾ ਤਾਂ ਧਰਤੀ ਉਪਰ ਇੱਕ ਵਾਰ ਫਿਰ ਹਿਮ-ਯੁੱਗ ਆ ਜਾਵੇਗਾ। ਇਸ ਪ੍ਰਭਾਵ ਦੇ ਠੀਕ ਉਲਟ ਗਰੀਨ ਹਾਊਸ ਪ੍ਰਭਾਵ ਹੈ ਜੋ ਵਾਯੂਮੰਡਲ ਵਿਚ ਕਾਰਬਨ ਡਾਇਆਕਸਾਈਡ ਗੈਸ ਦੀ ਵਧੇਰੇ ਮਾਤਰਾ ਤੋਂ ਪੈਦਾ ਹੁੰਦਾ ਹੈ। ਅੰਦਾਜ਼ਾ ਹੈ ਕਿ ਜੇ ਮੌਜੂਦਾ ਦਰ ਨਾਲ ਹੀ ਕਾਰਬਨ ਡਾਇਆਕਸਾਈਡ ਗੈਸ ਦੀ ਮਾਤਰਾ ਵਧਦੀ ਗਈ ਤਾਂ ਅਗਲੇ ਦਹਾਕਿਆਂ ਅੰਦਰ ਧਰਤੀ ਦੇ ਤਾਪਮਾਨ ਵਿਚ 4 ਦਰਜਾ ਸੈਲਸੀਅਸ ਦਾ ਵਾਧਾ ਹੋ ਜਾਵੇਗਾ।

ਮਾਹਿਰਾਂ ਅਨੁਸਾਰ ਤਾਪਮਾਨ ਵਾਧਾ ਪ੍ਰਿਥਵੀ ਦੀਆਂ ਬਰਫ਼ਾਨੀ ਧਰੁਵੀ ਟੋਪੀਆਂ ਪਿਘਲਾ ਦੇਵੇਗਾ ਅਤੇ ਹੜ੍ਹਾਂ ਦਾ ਕਾਰਨ ਬਣੇਗਾ। ਮਗਰੋਂ ਜਲ-ਵਹਿਣ ਸੁੱਕ ਜਾਣਗੇ। ਇਹ ਵਸੋਂ ਕੁਦਰਤੀ ਸੁਹੱਪਣ ਅਤੇ ਇਤਿਹਾਸਕ ਵਿਰਾਸਤ ਨੂੰ ਖੋਰਦਾ ਹੈ। ਯੂਰੋਪੀਅਨ ਮੁਲਕਾਂ ਵਿਚ ਵੱਡੇ ਪੈਮਾਨੇ ਉੱਤੇ ਵਾਪਰੇ ਉਦਯੋਗਿਕ ਵਿਕਾਸ ਨਾਲ ਤੇਜ਼ਾਬੀ ਬਾਰਸ਼ ਦੀ ਮਾਤਰਾ ਵਿਚ ਵਾਧਾ ਹੋਇਆ ਹੈ ਜਿਸ ਕਾਰਨ ਜੰਗਲਾਂ ਦੇ ਵਿਕਾਸ ਵਿਚ ਕਮੀ ਆਈ ਹੈ। ਤੇਜ਼ਾਬੀ ਬਾਰਸ਼ ਕਾਰਨ ਹਜ਼ਾਰਾਂ ਝੀਲਾਂ ਖ਼ਰਾਬ ਹੋ ਚੁੱਕੀਆਂ ਹਨ। ਇਉਂ ਮੂਲ ਵਾਤਾਵਰਨ ਵਿਚ ਤਬਦੀਲੀ ਆ ਜਾਂਦੀ ਹੈ।

ਜੰਗਲਾਂ ਦੇ ਵਿਨਾਸ਼ ਕਾਰਨ ਵਾਯੂਮੰਡਲ ਵਿਚ ਆਕਸੀਜਨ, ਮੌਸਮ ਅਤੇ ਬਾਰਸ਼ ਵਿਚ ਅਸੰਤੁਲਨ ਪੈਦਾ ਹੋ ਚੁੱਕਾ ਹੈ। ਮਨੁੱਖੀ ਜ਼ਿੰਦਗੀ ਨੂੰ 16 ਰਵਾਇਤੀ ਦਰੱਖਤਾਂ ਦੁਆਰਾ ਪੈਦਾ ਕੀਤੀ ਆਕਸੀਜਨ ਜਿੰਨੀ ਲੋੜ ਹੈ। ਜੇ ਘਰ ਵਿਚ 10 ਦਰੱਖਤ ਲੱਗੇ ਹੋਣ ਤਾਂ ਬੰਦੇ ਦੀ ਉਮਰ 7 ਵਰ੍ਹੇ ਵਧ ਜਾਂਦੀ ਹੈ। ਇੱਕ ਦਰੱਖਤ ਸਾਲਾਨਾ 20 ਕਿਲੋ ਧੂੜ ਹਜ਼ਮ ਕਰ ਸਕਦਾ ਹੈ ਅਤੇ 70 ਟਨ ਕਾਰਬਨ। ਇਸ ਤੋਂ ਬਿਨਾ 85 ਕਿਲੋ ਹਵਾਈ ਪਾਰਾ, ਲੀਥੀਅਮ, ਸਿੱਕਾ ਆਦਿ ਜ਼ਹਰੀਲੀਆਂ ਧਾਤਾਂ ਜਾਂ ਗੈਸਾਂ ਵੀ ਸਮੇਟਦਾ ਹੈ। ਇਹ ਸਾਡੀਆਂ ਜ਼ਹਿਰਾਂ ਚੂਸ ਕੇ ਮੋੜਵੇਂ ਰੂਪ ਵਿਚ ਸਾਨੂੰ 700 ਕਿਲੋ ਆਕਸੀਜਨ ਦਿੰਦਾ ਹੈ ਪਰ ਅਸੀਂ ਇਨ੍ਹਾਂ ਪਰਉਪਕਾਰੀ ਰੁੱਖਾਂ ਪ੍ਰਤੀ ਬੜੇ ਅਕ੍ਰਿਤਘਣ ਹਾਂ।

ਹਵਾ ਸਿਰਫ ਮਨੁੱਖ ਦੀ ਜੀਵਨਦਾਤੀ ਨਹੀਂ ਸਗੋਂ ਸਾਰੇ ਪ੍ਰਾਣੀ ਅਤੇ ਬਨਸਪਤੀ ਇਸ ਸਦਕਾ ਹੀ ਜੀਵਤ ਹਨ। ਜੇ ਇਸ ਵਿਚ ਉਹ ਗੈਸਾਂ ਜਾਂ ਪਦਾਰਥ ਵੱਧ ਮਾਤਰਾ ਵਿਚ ਮਿਲ ਜਾਣ ਜੋ ਜੀਵਨ ਲਈ ਘਾਤਕ ਹਨ ਤਾਂ ਇਹੋ ਜੀਵਨਦਾਤੀ ਜਾਨਲੇਵਾ ਬਣ ਜਾਂਦੀ ਹੈ। ਅੱਜ ਲੋੜ ਚੌਗਿਰਦੇ ਦੀ ਸੁਚੱਜੀ ਸਾਂਭ-ਸੰਭਾਲ, ਕੁਦਰਤੀ ਸੰਤੁਲਨ ਅਤੇ ਕੁਦਰਤੀ ਸੁਹੱਪਣ ਨੂੰ ਬਣਾਈ ਰੱਖਣ ਦੀ ਹੈ। ਇਹ ਕਾਰਜ ਅਜੇ ਸਾਡੀਆਂ ਸਰਕਾਰਾਂ ਦੇ ‘ਏਜੰਡੇ’ ਵਿਚ ਨਹੀਂ; ਇਹ ਕੰਮ ਇਕੱਲੀਆਂ ਸਰਕਾਰਾਂ ਦਾ ਵੀ ਨਹੀਂ; ਅਸੀਂ ਤੁਸੀਂ ਵੀ ਇਸ ਵਿਚ ਹਿੱਸਾ ਪਾਉਣਾ ਹੈ।

Comment here