ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਾਧ ਰਾਮ ਰਹੀਮ ਦੀ ਪੈਰੋਲ ਹੋ ਸਕਦੀ ਹੈ ਰੱਦ!!

ਚੰਡੀਗੜ-ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਦੇਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐਚ.ਸੀ. ਅਰੋੜਾ ਨੇ ਇੱਕ ਨੋਟਿਸ ਰਾਹੀਂ ਡੇਰਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਵਕੀਲ ਅਰੋੜਾ ਨੇ ਇਸ ਸਬੰਧੀ ਹਰਿਆਣਾ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜਿਆ ਹੈ ਅਤੇ ਪੈਰੋਲ ਰੱਦ ਕਰਨ ਲਈ ਕਿਹਾ ਹੈ। ਆਪਣੇ ਨੋਟਿਸ ਵਿੱਚ ਐਚ.ਸੀ. ਅਰੋੜਾ ਨੇ ਕਿਹਾ ਕਿ ਰਾਮ ਰਹੀਮ ਨੂੰ ਜਬਰ ਜਨਾਹ ਤੇ ਕਤਲ ਦੇ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਉਸਨੂੰ 40 ਦਿਨਾਂ ਦੀ ਪੈਰੋਲ ਦੇ ਦਿੱਤੀ, ਜਿਸ ਦੌਰਾਨ ਉਹ ਯੂ ਪੀ ਠਹਿਰਿਆ ਹੈ ਤੇ ਸਤਿਸੰਗ ਕਰ ਰਿਹਾ ਹੈ। ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਆਗੂ ਉਸ ਤੋਂ ਆਸ਼ੀਰਵਾਦ ਲੈ ਰਹੇ ਹਨ ਤੇ ਉਸਨੇ ਆਪਣਾ ਗੀਤ ’ਸਾਡੀ ਨਿੱਤ ਦੀਵਾਲੀ’ ਵੀ ਜਾਰੀ ਕੀਤਾ ਹੈ। ਨੋਟਿਸ ਵਿਚ ਕਿਹਾ ਗਿਆ ਕਿ ਸਰਕਾਰ ਨੇ ਉਸਦਾ ਗਾਣਾ ਯੂ ਟਿਊਬ ਤੋਂ ਹਟਵਾਉਣ ਲਈ ਵੀ ਕੋਈ ਕਦਮ ਨਹੀਂ ਚੁੱਕਿਆ। ਵਕੀਲ ਨੇ ਮੰਗ ਕੀਤੀ ਕਿ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਅਤੇ ਉਸਦਾ ਗਾਣਾ ਯੂ ਟਿਊਬ ਤੋਂ ਹਟਵਾਇਆ ਜਾਵੇ ਕਿਉਂਕਿ ਇਕ ਜਬਰ ਜਨਾਹ ਤੇ ਕਤਲ ਦੇ ਅਪਰਾਧੀ ਨੂੰ ਪ੍ਰਸਿੱਧੀ ਖੱਟਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

ਦੱਸ ਦੇਈਏ ਕਿ ਡੇਰਾ ਮੁਖੀ ਦੇ ਪਰਿਵਾਰ ਦੀ ਅਰਜ਼ੀ ‘ਤੇ ਹਰਿਆਣਾ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਵਿਭਾਗ ਦੀ ਮਨਜੂਰੀ ਪਿੱਛੋਂ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਹੁਣ ਪੈਰੋਲ ਦੌਰਾਨ ਉਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਖੇ ਰਹਿ ਰਿਹਾ ਹੈ, ਜਿਥੋਂ ਉਹ ਇੱਕ ਗੀਤਾਂ ਦੀ ਐਲਬਮ ਕੱਢ ਚੁੱਕਾ ਹੈ ਅਤੇ ਚੋਣਾਂ ਦੇ ਮੱਦੇਨਜ਼ਰ ਡੇਰਾ ਮੁਖੀ ਦੀਆਂ ਕਾਨਫਰੰਸਾਂ ਵਿੱਚ ਹਰਿਆਣਾ ਦੇ ਭਾਜਪਾ ਆਗੂ ਵੀ ਧੜੱਲੇ ਨਾਲ ਆਸ਼ੀਰਵਾਦ ਲੈ ਰਹੇ ਹਨ। ਰਾਮ ਰਹੀਮ ਵੱਲੋਂ ਇਸ ਦੌਰਾਨ ਪੰਜਾਬ ਦੇ ਸੁਨਾਮ ਵਿੱਚ ਡੇਰਾ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਨਾਲ ਮਾਮਲਾ ਹੋਰ ਵੀ ਭਖ ਗਿਆ ਹੈ, ਜਿਸ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੇ ਜਿਥੇ ਵਿਰੋਧ ਕੀਤਾ ਉਥੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਅਨੁਸਾਰ ਡੇਰਾ ਮੁਖੀ ਪੰਜਾਬ ਵਿੱਚ ਮੁੜ ਜਾਮ ਏ ਇੰਸਾ ਵਰਗੀ ਘਟਨਾ ਨੂੰ ਦੁਹਰਾਉਣ ਦੀ ਕੋਸਿ਼ਸ਼ ਵਿੱਚ ਹੈ। ਜਦਕਿ ਹੁਣ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਕਿਹਾ ਹੈ ਕਿ ਪੰਜਾਬ ਵਿੱਚ ਡੇਰਾ ਨਹੀਂ ਖੁਲ੍ਹੇਗਾ।

Comment here