ਜਲੰਧਰ-ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ’ਤੇ ਲਾਏ ਜਾ ਰਹੇ ਇਲਜ਼ਾਮਾਂ ਨੂੰ
ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਰੈਲੀ ’ਚ ਭਾਜਪਾ ਦੇ ਲੋਕ ਨਹੀਂ ਪਹੁੰਚੇ ਸਨ, ਜਿਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਪਰਤ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਖ਼ੁਦ ਨਹੀਂ ਜਾਣਾ ਚਾਹੁੰਦੇ ਸਨ, ਕਿਉਂਕਿ ਲੋਕਾਂ ਦੇ ਨਾ ਪਹੁੰਚਣ ਕਰਕੇ ਰੈਲੀ ਫਲਾਪ ਹੋ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਸਾਡੇ ’ਤੇ ਸੁਰੱਖਿਆ ’ਚ ਹੋਈ ਅਣਗਹਿਲੀ ਦਾ ਠੀਕਰਾ ਭੰਨ ਰਹੀ ਹੈ ਜਦਕਿ ਅਸਲੀਅਲ ਇਹੀ ਹੈ ਕਿ ਰੈਲੀ ਫਲਾਪ ਹੋਣ ਕਰਕੇ ਪੀ. ਐੱਮ. ਮੋਦੀ ਨੂੰ ਵਾਪਸ ਜਾਣਾ ਪਿਆ।
ਅੱਗੇ ਬੋਲਦੇ ਹੋਏ ਰਾਜ ਕੁਮਾਰ ਵੇਕਰਾ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਸੁਰੱਖਿਆ ਵਿਚ ਅਣਗਹਿਲੀ ਨਹੀਂ ਵਰਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਨੂੰ ਲੈ ਕੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਪੂਰਾ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰੀ ਰਾਤ ਰੀਵਿਊ ਕਰਦੇ ਰਹੇ ਹਨ ਅਤੇ ਅੱਜ ਅਚਾਨਕ ਮੌਸਮ ਖ਼ਰਾਬ ਹੋਣ ਕਰਕੇ ਮੋਦੀ ਨੂੰ ਮਾਰਗ ਰਾਹੀਂ ਜਾਣਾ ਪਿਆ। ਰਸਤੇ ’ਚ ਪ੍ਰਦਰਸ਼ਨਕਾਰੀਆਂ ਨੇ ਧਰਨਾ ਦਿੱਤਾ ਹੋਇਆ ਸੀ, ਜਿਸ ਕਰਕੇ ਥੋੜ੍ਹੀ ਮੁਸ਼ਕਿਲ ਆਈ। ਸਾਡੇ ਵੱਲੋਂ ਸੁਰੱਖਿਆ ਵਿਚ ਕੋਈ ਵੀ ਅਣਗਹਿਲੀ ਨਹੀਂ ਵਰਤੀ ਗਈ ਹੈ।
Comment here