ਚੰਡੀਗੜ- ਅਕਾਲੀ ਦਲ ਬਾਦਲ ਵਿੱਚ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਪਾਰਟੀ ਦੇ ਪੁਰਾਣੇ ਤੇ ਹੁਣ ਬਾਗੀ ਹੋ ਚੁੱਕੇ ਸੀਨੀਅਰ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਂਡਸਾ ਦੀ ਘਰ ਵਾਪਸੀ ਹੋ ਸਕਦੀ ਹੈ। ਇਸ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਜਥੇਦਾਰ ਬ੍ਰਹਮਪੁਰਾ ਅਤੇ ਸ: ਢੀਂਡਸਾ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਸੁਖਬੀਰ ਬਾਦਲ ਨੂੰ ਤਲਖੀ ਭਰੇ ਸ਼ਬਦਾਂ ਨਾਲ ਵਰਜਦਿਆਂ ਕਿਹਾ ਕਿ ਸੁਖਬੀਰ ਬਾਦਲ ਸਾਡੇ ਵਾਪਸ ਮੁੜ ਆਉਣ ਦੇ ਸੁਪਨੇ ਦੇਖਣੇ ਬੰਦ ਕਰੇ | ਅਸੀ ਅਪਣੇ ਜਿਉਂਦੇ ਜੀ ਕਦੇ ਵੀ ਬਾਦਲਾਂ ਨਾਲ ਸਮਝੌਤਾ ਕਰ ਕੇ ਬਾਦਲ ਦਲ ਵਿਚ ਵਾਪਸ ਨਹੀ ਜਾਵਾਂਗੇ | ਦੋਵੇਂ ਪੰਥਕ ਨੇਤਾਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਰੇਤ, ਟਰਾਂਸਪੋਰਟ, ਸ਼ਰਾਬ,ਕੇਬਲ ਅਤੇ ਡਰੱਗ ਮਾਫ਼ੀਆ ਰਾਹੀਂ ਲੁੱਟੇ ਪੈਸੇ ਨਾਲ ਲੋਕਾਂ ‘ਤੇ ਧੌਂਸ ਜਮਾਈ ਜਾ ਰਹੀ ਹੈ ਜਿਸ ਦਾ ਲੋਕਾਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ | ਜਥੇਦਾਰ ਬ੍ਰਹਮਪੁਰਾ ਅਤੇ ਸ: ਢੀਂਡਸਾ ਨੇ ਕਿਹਾ ਕਿ ਅਸੀ ਅਕਾਲੀ ਦਲ ਦੇ ਸਿਧਾਂਤਾਂ ‘ਤੇ ਪਹਿਰਾ ਦਿਤਾ ਹੈ ਅਤੇ ਦਿੰਦੇ ਵੀ ਰਹਾਂਗੇ | ਉਨ੍ਹਾਂ ਕਿਹਾ ਕਿ ਅਸੀ ਅਪਣੇ ਆਖ਼ਰੀ ਦਮ ਤਕ ਬਾਦਲਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ | ਜੇਕਰ ਅਸੀ ਸਮਝੌਤਾ ਹੀ ਕਰਨਾ ਹੁੰਦਾ ਤਾਂ ਅਸੀ ਉਨ੍ਹਾਂ ਨੂੰ ਛੱਡ ਕੇ ਹੀ ਕਿਉਂ ਆਉਂਦੇ? ਦੋਵੇਂ ਪੰਥਕ ਆਗੂਆਂ ਨੇ ਕਿਹਾ ਕਿ ਅਪਣੇ ਥਾਂ-ਥਾਂ ‘ਤੇ ਹੋ ਰਹੇ ਵਿਰੋਧ ਤੋਂ ਡਰਦਾ ਹੋਇਆ ਸੁਖਬੀਰ ਸਿੰਘ ਬਾਦਲ ਇਕ ਪਾਸੇ ਅਪਣੇ ਆਪ ਨੂੰ ਕਿਸਾਨ ਹਿਤੈਸ਼ੀ ਦਸ ਰਿਹਾ ਹੈ ਅਤੇ ਦੂਜੇ ਪਾਸੇ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਗਿੱਦੜ- ਧਮਕੀਆਂ ਵੀ ਦੇ ਰਿਹਾ ਹੈ | ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਅਤੇ ਵਰਕਰਾਂ ਨੂੰ ਬਾਦਲ ਦਲ ਵਲੋਂ ਜਥੇਦਾਰ ਬ੍ਰਹਮਪੁਰਾ ਅਤੇ ਸ: ਢੀਂਡਸਾ ਦੇ ਮੁੜ ਬਾਦਲ ਦਲ ਵਿਚ ਵਾਪਸ ਜਾਣ ਦੀਆਂ ਝੂਠੀਆਂ ਉਡਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ‘ਤੇ ਜ਼ੋਰ ਦਿਤਾ ਤੇ ਕਿਹਾ ਕਿ ਬਾਦਲਾਂ ਦਾ ਅਸਲ ਕਿਰਦਾਰ ਲੋਕਾਂ ਨੇ ਖ਼ਾਸ ਕਰ ਕੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆਂ ਸਾਹਮਣੇ ਰੱਖ ਦਿਤਾ ਹੈ | ਅਕਾਲੀ ਦਲ ਦੀ ਮੌਜੂਦਾ ਬਦਹਾਲੀ ਵਿਚ ਸੁਖਬੀਰ ਬਾਦਲ ਦਾ ਹਾਲ ਉਸ ਲੱਕੜ ਹਾਰੇ ਵਰਗਾ ਹੈ ਜੋ ਜਿਸ ਟਾਹਣੀ ਉਤੇ ਬੈਠਾ ਹੈ ਉਸੇ ਨੂੰ ਹੀ ਵੱਢ ਰਿਹਾ ਹੈ | ਫਿਲਹਾਲ ਦੋਵਾਂ ਟਕਸਾਲੀ ਆਗੂਆਂ ਦੇ ਇਸ ਤਿੱਖੇ ਪ੍ਰਤੀਕਰਮ ਤੇ ਬਾਦਲ ਦਲ ਵਲੋੰ ਕੋਈ ਟਿਪਣੀ ਨਹੀਂ ਆਈ।
Comment here