ਅੰਮ੍ਰਿਤਸਰ-ਬੀਤੇ ਸਮੇਂ ਕੈਨੇਡਾ ਦੀ ਧਰਤੀ ਉੱਤੇ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਸੀ। ਉਥੇ ਹੀ ਬੀਤੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਦਿੱਤੇ ਬਿਆਨ ਨੇ ਦੋਵੇਂ ਦੇਸ਼ਾਂ ਦੀ ਸਿਆਸਤ ‘ਚ ਭੁਚਾਲ ਲਿਆ ਦਿੱਤਾ। ਕੈਨੇਡੀਅਨ ਪੀਐਮ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਏਜੰਸੀਆਂ ‘ਤੇ ਸ਼ੱਕ ਜਾਹਿਰ ਕੀਤਾ ਸੀ। ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ‘ਚ ਤਲਖੀ ਵਧਣੀ ਸ਼ੁਰੂ ਹੋ ਗਈ।
ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਵੀ ਹੁਣ ਸਾਹਮਣੇ ਆਇਆ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਹਰਦੀਪ ਨਿੱਝਰ ਦੇ ਕਤਲ ਨੂੰ ਲੈਕੇ ਦਿੱਤੇ ਬਿਆਨ ਕਈ ਚਿੰਤਾਵਾਂ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਦੇ ਸਲੋਗਨ ਲਿਖਣ ਦੇ ਮਾਮਲੇ ‘ਚ ਵੀ ਉਥੋਂ ਦੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੰਦਿਰ ਪ੍ਰਬੰਧਕਾਂ ਵਲੋਂ ਹੀ ਅਜਿਹੀ ਹਰਕਤ ਕੀਤੀ ਗਈ ਹੈ। ਜਿਸ ‘ਚ ਵਾਰਦਾਤ ਸਮੇਂ ਕੈਮਰੇ ਬੰਦ ਕਰ ਦਿੱਤੇ ਗਏ ਸੀ।
ਇਸ ਦੇ ਨਾਲ ਹੀ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਲੋਂ ਭਾਰਤੀ ਜੇਲ੍ਹ ‘ਚ ਬੰਦ ਜੱਗੀ ਜੌਹਲ ਦਾ ਮੁੱਦਾ ਵੀ ਭਾਰਤ ਫੇਰੀ ਦੌਰਾਨ ਚੁੱਕਿਆ ਸੀ। ਇਸ ਦੇ ਨਾਲ ਹੀ ਵਿਦੇਸ਼ਾਂ ਦੀ ਧਰਤੀ ‘ਤੇ ਇੰਡੀਆ ਅਤੇ ਖਾਲਿਸਤਾਨ ਦੇ ਝੰਡੇ ਫੜ ਕੇ ਟਕਰਾਅ ਦੀ ਸਥਿਤੀ ਬਣਾਈ ਜਾ ਰਹੀ ਹੈ। ਗਰੇਵਾਲ ਦਾ ਕਹਿਣਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਸਿੱਖ ਵਿਦੇਸ਼ਾਂ ‘ਚ ਆਪਣੇ ਕੰਮਾਂ ਨਾਲ ਧਾਕ ਜਮਾ ਚੁੱਕੇ ਹਨ। ਜਿਸ ਦੇ ਚੱਲਦੇ ਏਜੰਸੀਆਂ ਸਾਜਿਸ਼ ਤਹਿਤ ਸਿੱਖਾਂ ਨੂੰ ਉਥੇ ਵੀ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜੋ ਬਹੁਤ ਹੀ ਫਿਕਰਮੰਦ ਵਾਲੀਆਂ ਖ਼ਬਰਾਂ ਹਨ।
ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਕਿ ਦੇਸ਼ ‘ਚ ਇਹ ਸਭ ਕੁਝ ਵਾਪਰ ਹੀ ਰਿਹਾ ਸੀ ਪਰ ਹੁਣ ਵਿਦੇਸ਼ਾਂ ‘ਚ ਵੀ ਅਜਿਹਾ ਹੋਣ ਲੱਗਾ ਹੈ, ਜਿਸ ਸਬੰਧੀ ਉਥੋਂ ਦੀਆਂ ਸਰਕਾਰਾਂ ਵਲੋਂ ਖਦਸ਼ੇ ਜਾਹਿਰ ਕੀਤੇ ਹਨ। ਉਨ੍ਹਾਂ ਦੇਸ਼ ਵਿਦੇਸ਼ਾਂ ‘ਚ ਬੈਠੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਇਸ ‘ਤੇ ਸੁਚੇਤ ਰਹਿਣ ਦੀ ਲੋੜ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਆਉੇਣ ਵਾਲੇ ਦਿਨਾਂ ‘ਚ ਸਰਕਾਰ ਤੋਂ ਇਸ ਦਾ ਜਵਾਬ ਮੰਗੇਗੀ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ, ਜਿਥੇ ਸਿੱਖਾਂ ਨੂੰ ਖਾਲਿਸਤਾਨੀ, ਅੱਤਵਾਦੀ ਜਾਂ ਵੱਖਵਾਦੀ ਦਿਖਾਉਣ ਦੀਆਂ ਕੋਸ਼ਿਸ਼ਾਂ ਨੂੰ ਨਕਾਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਲੋੜ ਹੈ।
ਸਾਜਿਸ਼ ਤਹਿਤ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼: ਸ਼੍ਰੋਮਣੀ ਕਮੇਟੀ

Comment here