ਅਜਬ ਗਜਬਸਿਆਸਤਖਬਰਾਂਦੁਨੀਆ

ਸਾਊਦੀ ਅਰਬ ਦੀਆਂ ਬੀਬੀਆਂ ਨੇ ਉਡਾਇਆ ਜਹਾਜ਼

ਦੁਬਈ -ਧਾਰਮਿਕ ਪ੍ਰੰਪਰਾਵਾਂ ਦੀ ਕਟੜਤਾ ਕਾਰਨ ਕਿਸੇ ਵੇਲੇ ਚਰਚਾ ਚ ਰਹੇ ਸਾਊਦੀ ਅਰਬ ਵਿਚ ਵੱਡੇ ਬਦਲਾਅ ਦਿਸ ਰਹੇ ਹਨ, ਖਾਸ ਕਰਕੇ ਅੰਤਰਰਾਸ਼ਟਰੀ ਵਪਾਰ ਲਈ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਨਵੇਂ ਬਦਲਾਅ ਹੋ ਰਹੇ ਹਨ। ਇਸ ਇਸਲਾਮਿਕ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਫਲਾਈਟ ਨੇ ਉਡਾਣ ਭਰੀ, ਜਿਸ ਦਾ ਸੰਚਾਲਨ ਪੂਰੀ ਤਰ੍ਹਾਂ ਔਰਤਾਂ ਦੁਆਰਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਸਾਊਦੀ ਅਰਬ ਵਿੱਚ ਸਿਰਫ਼ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਜਹਾਜ਼ ਨੇ ਉਡਾਣ ਭਰੀ ਸੀ। ਇਸ ਦੇ ਨਾਲ ਹੀ ਇਹ ਦੇਸ਼ ਦੀ ਇਕਲੌਤੀ ਫਲਾਈਟ ਬਣ ਗਈ, ਜਿਸ ‘ਚ ਚਾਲਕ ਦਲ ਦੇ ਸਾਰੇ ਮੈਂਬਰ ਔਰਤਾਂ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਛੋਟੀ ਘਰੇਲੂ ਉਡਾਣ ਸੀ, ਜੋ ਮਹਿਲਾ ਸਸ਼ਕਤੀਕਰਨ ਦੀ ਇੱਕ ਮਿਸਾਲ ਬਣ ਗਈ। ਇਹ ਸਾਊਦੀ ਅਰਬ ਦੀ ਫਲਾਈਡੀਲ ਏਅਰਲਾਈਨਜ਼ ਦੀ ਬਜਟ ਉਡਾਣ ਸੀ। ਸਾਊਦੀ ਹਵਾਬਾਜ਼ੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਮਹਿਲਾ ਚਾਲਕ ਦਲ ਨੇ ਸਫਲਤਾਪੂਰਵਕ ਜਹਾਜ਼ ਨੂੰ ਉਡਾਇਆ। ਏ-320 ਜਹਾਜ਼ ਦੀ ਫਲਾਈਟ 117 ਨੇ ਰਿਆਦ ਤੋਂ ਉਡਾਣ ਭਰੀ ਅਤੇ ਜੇਦਾਹ ਲਈ ਯਾਤਰਾ ਕੀਤੀ। ਏਅਰਲਾਈਨ ਦੇ ਬੁਲਾਰੇ ਇਮਾਦ ਇਸਕੰਦਰਾਨੀ ਨੇ ਦੱਸਿਆ ਕਿ ਸੱਤ ਮੈਂਬਰੀ ਚਾਲਕ ਦਲ ਵਿਚ ਸਾਰੀਆਂ ਔਰਤਾਂ ਸਨ ਅਤੇ ਜ਼ਿਆਦਾਤਰ ਸਾਊਦੀ ਨਾਗਰਿਕ ਸਨ। ਇਨ੍ਹਾਂ ‘ਚੋਂ ਯਾਰਾ ਜਾਨ ਸਾਊਦੀ ਅਰਬ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਾਇਲਟ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ‘ਚ ਸਾਊਦੀ ਅਰਬ ਨੇ ਆਪਣੀਆਂ ਔਰਤਾਂ ਨੂੰ ਹੌਲੀ-ਹੌਲੀ ਆਜ਼ਾਦੀ ਦੇਣੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਦੇ ਅੰਤ ਤੱਕ ਸਰਕਾਰੀ ਮੁਲਾਜ਼ਮਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧ ਕੇ 33 ਫੀਸਦੀ ਹੋ ਗਈ ਹੈ।ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਸ਼ਾਸਕ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਈ ਸੁਧਾਰ ਪੇਸ਼ ਕੀਤੇ ਹਨ, ਜਿਨ੍ਹਾਂ ਵਿੱਚ ਔਰਤਾਂ ਦੀ ਡਰਾਈਵਿੰਗ ‘ਤੇ ਦਹਾਕਿਆਂ ਤੋਂ ਲੱਗੀ ਪਾਬੰਦੀ ਨੂੰ ਹਟਾਉਣਾ ਅਤੇ ਤਥਾਕਥਿਤ ‘ਸੁਰੱਖਿਆ’ ਨਿਯਮਾਂ ਨੂੰ ਸੌਖਾ ਕਰਨਾ ਸ਼ਾਮਲ ਹੈ। ਸਾਊਦੀ ਅਧਿਕਾਰੀ ਹਵਾਬਾਜ਼ੀ ਖੇਤਰ ਦਾ ਤੇਜ਼ੀ ਨਾਲ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਰਾਜ ਨੂੰ ਇੱਕ ਗਲੋਬਲ ਟ੍ਰੈਵਲ ਹੱਬ ਵਿੱਚ ਬਦਲ ਦੇਵੇਗਾ। ਅਧਿਕਾਰੀਆਂ ਮੁਤਾਬਕ ਸਾਊਦੀ ਦਾ ਟੀਚਾ 2030 ਦੇ ਅੰਤ ਤੱਕ ਸਾਲਾਨਾ ਟ੍ਰੈਫਿਕ ਨੂੰ ਤਿੰਨ ਗੁਣਾ ਕਰਨ ਦਾ ਹੈ। ਇਸ ਦੇ ਨਾਲ ਹੀ, ਇਸ ਟੀਚੇ ਨੂੰ ਪੂਰਾ ਕਰਨ ਲਈ, ਸਾਊਦੀ 2030 ਤੱਕ 100 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ, ਰਿਆਦ ਵਿੱਚ ਇੱਕ ਨਵਾਂ ‘ਮੈਗਾ ਹਵਾਈ ਅੱਡਾ’ ਬਣਾ ਰਿਹਾ ਹੈ।

Comment here