ਸਾਹਿਤਕ ਸੱਥ

ਸਾਉਣ ਦੀਆਂ ਬੋਲੀਆਂ

ਸ਼ੌਕ ਨਾਲ ਗਿੱਧੇ ਵਿਚ ਆਵਾਂ ।
ਬੋਲੀ ਪਾਵਾਂ ਸ਼ਗਨ ਮਨਾਵਾਂ
ਸਾਉਣ ਦਿਆ ਬਦਲਾ ਵੇ
ਮੈਂ ਤੇਰਾ ਜਸ ਗਾਵਾਂ ।

ਸਾਉਣ ਮਹੀਨੇ ਘਾਹ ਹੋ ਚਲਿਆ
ਰੱਜਣ ਮੱਝੀਆਂ ਗਾਈਂ,
ਗਿੱਧਿਆ ਪਿੰਡ ਵੜ ਵੇ
ਲਾਂਭ ਲਾਂਭ ਨਾ ਜਾਈਂ ।

ਚਿੱਟੀ ਕਣਕ ਦੇ ਮੰਡੇ ਪਕਾਵਾਂ
ਨਾਲੇ ਤੜਕਾਂ ਵੜੀਆਂ
ਗਿੱਧਾ ਸਾਉਣ ਦਾ ਹਾਕਾਂ ਮਾਰੇ,
ਮੈਂ ਵਗਾਰ ਵਿਚ ਫੜੀਆਂ
ਗਿੱਧੇ ਦੇ ਪਿੜ ਵਿਚ ਕੀਕਣ ਜਾਵਾਂ
ਘਰ ਧੰਦੇ ਵਿਚ ਮੜ੍ਹੀਆਂ
ਪੱਟਤੀ ਕਬੀਲਦਾਰੀ ਨੇ
ਤਾਹਨੇ ਦੇਂਦੀਆਂ ਖੜ੍ਹੀਆਂ
ਮੇਰੇ ਹਾਣ ਦੀਆਂ
ਗਿੱਧਾ ਪਾ ਘਰ ਮੁੜੀਆਂ ।

ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ਸੌਹਰੇ ………..

ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਵੇ,
ਸਾਉਣ ਵੀਰ …….

ਸਾਉਣ ਮਹੀਨਾ ਦਿਨ ਤੀਆਂ ਦੇ, ਸਭੇ ਸਹੇਲੀਆਂ ਆਈਆਂ,
ਨੀ ਸੰਤੋਂ ਸ਼ਾਮੋ ਹੋਈਆਂ ਕੱਠੀਆਂ, ਵੱਡੇ ਘਰਾਂ ਦੀਆਂ ਜਾਈਆਂ,
ਨੀ ਕਾਲੀਆਂ ਦੀ ਫਿੰਨੋ ਦਾ ਤਾਂ, ਚਾਅ ਚੁੱਕਿਆ ਨਾ ਜਾਵੇ,
ਝੂਟਾ ਦੇ ਦਿਓ ਨੀ, ਦੇ ਦਿਓ ਨੀ, ਮੇਰਾ ਲੱਕ ਹੁਲਾਰੇ ਖਾਵੇ,
ਝੂਟਾ ਦੇ ……..

ਛਮ ਛਮ ਛਮ ਛਮ ਪੈਣ ਪੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ

ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ

ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ ʼਤੇ ਚੋਗ ਚੁਗਾਵਾਂ

Comment here