ਅਜਬ ਗਜਬਖਬਰਾਂਖੇਡ ਖਿਡਾਰੀ

ਸਾਈਕਲਿਸਟ ਆਦਿਲ ਨੇ ਬਣਾਇਆ ਇਕ ਹੋਰ ਰਿਕਾਰਡ

ਸ਼੍ਰੀਨਗਰ- ਭਾਰਤ ਦੇ ਸਾਈਕਲਿਸਟ ਆਦਿਲ ਤੇਲੀ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ ਸੀ ਤੇ ਹੁਣ ਇਕ ਹੋਰ ਰਿਕਾਰਡ ਆਪਣੇ ਨਾਮ ਕੀਤਾ ਹੈ। ਉਸ ਨੇ ਲੇਹ ਤੋਂ ਮਨਾਲੀ ਤੱਕ 475 ਕਿਲੋਮੀਟਰ ਦੀ ਦੂਰੀ 29.18 ਘੰਟੇ 21 ਸਕਿੰਟ ’ਚ ਤੈਅ  ਕੀਤੀ ਹੈ। ਆਦਿਲ ਨੇ ਇਸ ਦੇ ਨਾਲ ਹੀ ਪੁਰਾਣੇ ਰਿਕਾਰਡ 35.32 ਘੰਟੇ ਦੇ ਰਿਕਾਰਡ ਨੂੰ ਤੋੜਿਆ ਹੈ। ਆਦਿਲ ਨੇ ਦੱਸਿਆ ਕਿ ਉਹ ਐਤਵਾਰ ਸਵੇਰੇ 5.41 ਵਜੇ ਲੇਹ ਤੋਂ ਰਵਾਨਾ ਹੋਇਆ ਅਤੇ ਰਸਤੇ ’ਚ 5 ਉੱਚੇ ਦਰੱਰੇ ਪਾਰ ਕਰ ਕੇ ਸੋਮਵਾਰ ਸਵੇਰੇ 11 ਵਜ ਕੇ 59 ਮਿੰਟ ’ਤੇ ਮਨਾਲੀ ਪਹੁੰਚਿਆ। ਉਸ ਨੇ ਭਾਰਤੀ ਫ਼ੌਜ ਦੇ ਭਰਤ ਪਨੂੰ ਦੇ ਪੁਰਾਣੇ ਵਿਸ਼ਵ ਰਿਕਾਰਡ ਨੂੰ ਕਰੀਬ 6.16 ਘੰਟੇ ਘੱਟ ਸਮਾਂ ਲੈ ਕੇ ਤੋੜਿਆ। ਆਦਿਲ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੂਰੇ 29 ਘੰਟਿਆਂ ਦੇ ਸਫ਼ਰ ਦੌਰਾਨ ਮੈਨੂੰ ਨੀਂਦ ਨਹੀਂ ਆਈ ਅਤੇ ਸੜਕਾਂ ਉਮੀਦ ਨਾਲੋਂ ਵੱਧ ਖਸਤਾ ਹਾਲਤ ’ਚ ਸਨ। ਉਨ੍ਹਾਂ ਕਿਹਾ ਕਿ ਯਾਤਰਾ ਦਾ ਸਭ ਤੋਂ ਮੁਸ਼ਕਲ ਹਿੱਸਾ 5 ਉੱਚਾਈ ਵਾਲੇ ਹਿਮਾਲਿਆ ਦਰੱਰੇ ਨੂੰ ਪਾਰ ਕਰਨਾ ਸੀ, ਜਿਨ੍ਹਾਂ ’ਚੋਂ ਤੰਗਲਾਂਗਲਾ ਦਰੱਰਾ ਜੋ ਸਮੁੰਦਰ ਤਲ ਤੋਂ 5,300 ਮੀਟਰ ਦੀ ਉਚਾਈ ‘ਤੇ ਹੈ, ਸਭ ਤੋਂ ਚੁਣੌਤੀਪੂਰਨ ਸੀ। ਲੇਹ ਤੋਂ ਮਨਾਲੀ ਦੀ ਯਾਤਰਾ ਬਾਰੇ ਉਨ੍ਹਾਂ ਦੱਸਿਆ ਕਿ ਕਈ ਥਾਵਾਂ ’ਤੇ ਬਹੁਤ ਠੰਡ ਸੀ ਅਤੇ ਕਈ ਵਾਰ ਮੇਰੇ ਹੱਥ-ਪੈਰ ਸੁੰਨ ਹੋ ਗਏ ਸਨ। ਆਦਿਲ ਨੇ ਦੱਸਿਆ ਕਿ ਮੈਂ ਆਪਣਾ ਟੀਚਾ ਪ੍ਰਾਪਤ ਕਰਨ ਅਤੇ ਖੁਸ਼ੀ ਪ੍ਰਾਪਤ ਕਰਨ ਤੋਂ ਪਹਿਲਾਂ ਸੁੱਤਾ ਨਹੀਂ। ਯਾਤਰਾ ਔਖੀ ਜ਼ਰੂਰ ਸੀ ਪਰ ਮੈਂ ਇਸ ਨੂੰ ਜੰਮੂ-ਕਸ਼ਮੀਰ ਦੇ ਆਪਣੇ ਲੋਕਾਂ ਅਤੇ ਮਾਪਿਆਂ ਦੇ ਆਸ਼ੀਰਵਾਦ ਨਾਲ ਪੂਰਾ ਕੀਤਾ।

ਕਸ਼ਮੀਰੀ ਨੌਜਵਾਨ ਆਦਿਲ ਤੇਲੀ ਦਾ ਜਨਮ 1997 ਨੂੰ ਜੰਮੂ-ਕਸ਼ਮੀਰ ਦੇ ਨਰਬਲ ’ਚ ਹੋਇਆ ਸੀ। ਬੀਤੇ 5 ਸਾਲਾਂ ਤੋਂ ਆਦਿਲ ਸੀਨੀਅਰ ਨੈਸ਼ਨਲ ਰਾਸ਼ਟਰੀ ਚੈਂਪੀਅਨਸ਼ਿਪ ’ਚ ਜੰਮੂ-ਕਸ਼ਮੀਰ ਦੀ ਅਗਵਾਈ ਕਰ ਰਹੇ ਹਨ। ਇਸ ਕੰਮ ਨੂੰ ਕਰਨ ਵਾਲੇ ਉਹ ਜੰਮੂ-ਕਸ਼ਮੀਰ ਦੇ ਪਹਿਲੇ ਵਿਅਕਤੀ ਹਨ। ਆਦਿਲ ਤੇਲੀ ਨੇ 7 ਸਤੰਬਰ 2021 ਨੂੰ ਇਕ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ ’ਚ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਯਾਤਰਾ ਤੈਅ ਕਰ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਆਦਿਲ ਨੇ 8 ਦਿਨ, 1 ਘੰਟਾ ਅਤੇ 37 ਮਿੰਟ ਦਾ ਸਮਾਂ ਲੈਂਦੇ ਹੋਏ ਸਾਈਕਲ ਤੋਂ 3600 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੀ ਯਾਤਰਾ ਤੈਅ ਕੀਤੀ। ਆਦਿਲ ਨੇ ਦੱਸਿਆ ਕਿ ਵਿਸ਼ਵ ਰਿਕਾਰਡ ਤੋੜਨਾ ਮੇਰਾ ਮਕਸਦ ਸੀ। ਆਦਿਲ ਨੇ ਕਿਹਾ ਕਿ ਸਾਡੇ ਨੌਜਵਾਨਾਂ ’ਚ ਬਹੁਤ ਸਮਰੱਥਾ ਹੈ ਅਤੇ ਉਹ ਖੇਡਾਂ ਵੱਲ ਆਉਣ। ਨਸ਼ਿਆਂ ਤੋਂ ਦੂਰ ਰਹਿਣ। ਸਾਲ 2013 ’ਚ ਮੈਂ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਰਾਸ਼ਟਰੀ ਪੱਧਰ ’ਤੇ ਨੁਮਾਇੰਦਗੀ ਕੀਤੀ। ਮੈਨੂੰ ਮੇਰੇ ਮਾਪ-ਬਾਪ ਤੋਂ ਬਹੁਤ ਸਹਿਯੋਗ ਪ੍ਰਾਪਤ ਹੋਇਆ। ਮੇਰੀ ਆਉਣ ਵਾਲੇ ਸਮੇਂ ’ਚ ਹੋਰ ਰਿਕਾਰਡ ਤੋੜਨ ਦੀ ਯੋਜਨਾ ਹੈ। ਆਦਿਲ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਸਾਈਕਲਿੰਗ ਮੁਕਾਬਲਿਆਂ ਅਤੇ ਦੁਬਈ ਓਪਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਦੀ ਉਮੀਦ ਹੈ।

Comment here