ਲਾਹੌਰ-ਅੰਗਰੇਜ਼ ਹਕੂਮਤ ਦੇ ਖਿਲਾਫ ਅਜਾਦੀ ਦੀ ਲੜਾਈ ਲੜਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਸੁਖਦੇਵ ਤੇ ਰਾਜਗੁਰੂ ਨਾਲ ਸੰਬੰਧਤ ਇੱਕ ਫਾਈਲ ਨੇ ਸਿੱਧ ਕੀਤਾ ਹੈ ਕਿ ਉਹ ਸਾਂਡਰਸ ਕਤਲ ਕੇਸ ਚ ਨਾਮਜ਼ਦ ਨਹੀਂ ਸਨ। ਪਾਕਿਸਤਾਨ ਸਥਿਤ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਿਰੁੱਧ ਦਰਜ ਸਾਂਡਰਸ ਕਤਲ ਕੇਸ ਦੀ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦੀ ਤਸਦੀਕਸ਼ੁਦਾ ਕਾਪੀ ਦੀ ਮੰਗ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।ਅਦਾਲਤੀ ਆਦੇਸ਼ ਤੇ ਪੁਲਸ ਨੇ ਇਹ ਕਾਪੀ ਮੁਹਈਆ ਕਰਵਾਈ ਤਾਂ ਸਾਫ ਹੋ ਗਿਆ ਕਿ 1928 ਵਿੱਚ ਲਾਹੌਰ ਵਿੱਚ ਬ੍ਰਿਟਿਸ਼ ਪੁਲਿਸ ਅਧਿਕਾਰੀ ਸਾਂਡਰਸ ਦੇ ਕਤਲ ਲਈ ਦਰਜ ਐਫਆਈਆਰ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਨਹੀਂ ਸੀ। ਲਾਹੌਰ ਪੁਲਿਸ ਨੇ ਸ਼ਹੀਦਾਂ ਦੀ ਫਾਂਸੀ ਦੇ 83 ਸਾਲਾਂ ਬਾਅਦ ਇਸ ਕੇਸ ਵਿੱਚ ਮਹਾਨ ਆਜ਼ਾਦੀ ਘੁਲਾਟੀਆਂ ਦੀ ਬੇਗੁਨਾਹੀ ਨੂੰ ਸਾਬਤ ਕਰਨ ਲਈ ਐਫ ਆਈ ਆਰ ਟੋਲਣ ਲਈ ਵੱਡਾ ਉਤਸ਼ਾਹ ਦਿਖਾਇਆ ਤੇ ਥਾਣੇ ਦਾ ਰਿਕਾਰਡ ਫਰੋਲਦਿਆਂ ਉਰਦੂ ਵਿੱਚ ਲਿਖੀ ਇਹ ਤਹਿਰੀਰ ਕੱਢ ਲਿਆਂਦੀ। ਯਾਦ ਰਹੇ ਸਾਂਡਰਸ ਦੇ ਕਤਲ ਲਈ ਭਗਤ ਸਿੰਘ ਨੂੰ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੇ ਨਾਲ ਮੌਤ ਦੀ ਸਜ਼ਾ ਸੁਣਾਈ ਗਈ ਸੀ। 1931 ਵਿੱਚ ਲਾਹੌਰ ਦੇ ਸ਼ਾਦਮਾਨ ਚੌਕ ਵਿੱਚ 23 ਸਾਲਾ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਉਸ ਦੀ ਫਾਂਸੀ ਦੇ ਅੱਠ ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਲਾਹੌਰ ਪੁਲਿਸ ਨੇ ਅਦਾਲਤ ਦੇ ਹੁਕਮਾਂ ‘ਤੇ ਅਨਾਰਕਲੀ ਥਾਣੇ ਦੇ ਰਿਕਾਰਡ ਦੀ ਖੋਜ ਕੀਤੀ ਅਤੇ ਸਾਂਡਰਸ ਦੇ ਕਤਲ ਦੀ ਐਫਆਈਆਰ ਲੱਭਣ ਵਿੱਚ ਕਾਮਯਾਬ ਰਹੀ। ਉਰਦੂ ਵਿੱਚ ਲਿਖੀ, ਐਫਆਈਆਰ ਅਨਾਰਕਲੀ ਥਾਣੇ ਵਿੱਚ 17 ਦਸੰਬਰ, 1928 ਨੂੰ ਸ਼ਾਮ 4.30 ਵਜੇ ਦੋ “ਅਣਪਛਾਤੇ ਬੰਦੂਕਧਾਰੀਆਂ” ਵਿਰੁੱਧ ਦਰਜ ਕੀਤੀ ਗਈ ਸੀ। ਅਨਾਰਕਲੀ ਪੁਲੀਸ ਦਾ ਇੱਕ ਅਧਿਕਾਰੀ ਸ਼ਿਕਾਇਤਕਰਤਾ ਸੀ। ਸ਼ਿਕਾਇਤਕਰਤਾ-ਕਮ-ਚਸ਼ਮਦੀਦ ਨੇ ਦੱਸਿਆ ਕਿ ਜਿਸ ਵਿਅਕਤੀ ਦਾ ਉਹ ਪਿੱਛਾ ਕਰਦਾ ਸੀ, ਉਹ “5 ਫੁੱਟ 5 ਇੰਚ, ਹਿੰਦੂ ਚਿਹਰਾ, ਛੋਟੀਆਂ ਮੁੱਛਾਂ, ਪਤਲਾ ਅਤੇ ਮਜ਼ਬੂਤ ਸਰੀਰ ਵਾਲਾ, ਚਿੱਟਾ ਪਜਾਮਾ ਅਤੇ ਸਲੇਟੀ ਕਮੀਜ਼ (ਕੁਰਤਾ) ਪਹਿਨਿਆ ਹੋਇਆ ਸੀ ਅਤੇ ਛੋਟੀ ਕਾਲੀ ਕ੍ਰਿਸਟੀ-ਟੋਪੀ ਵਰਗੀ, ਵੀ ਪਹਿਨੀ ਹੋਈ ਸੀ। ” ਇਹ ਕੇਸ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 109 ਤਹਿਤ ਕੇਸ ਦਰਜ ਕੀਤਾ ਗਿਆ ਸੀ। ਲਾਹੌਰ ਪੁਲਿਸ ਦੀ ਕਾਨੂੰਨੀ ਸ਼ਾਖਾ ਦੇ ਇੱਕ ਇੰਸਪੈਕਟਰ ਨੇ ਸੀਲਬੰਦ ਲਿਫ਼ਾਫ਼ੇ ਵਿੱਚ ਐਫਆਈਆਰ ਦੀ ਤਸਦੀਕਸ਼ੁਦਾ ਕਾਪੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਲਾਹੌਰ) ਤਾਰਿਕ ਮਹਿਮੂਦ ਜ਼ਰਗ਼ਮ ਨੂੰ ਸੌਂਪੀ। ਅਦਾਲਤ ਨੇ ਕੁਰੈਸ਼ੀ ਨੂੰ ਐਫਆਈਆਰ ਦੀ ਕਾਪੀ ਸੌਂਪੀ। ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ ਦੇ ਕੇਸ ਦੀ ਸੁਣਵਾਈ ਕਰਨ ਵਾਲੇ ਟ੍ਰਿਬਿਊਨਲ ਦੇ ਵਿਸ਼ੇਸ਼ ਜੱਜਾਂ ਨੇ ਕੇਸ ਦੇ 450 ਗਵਾਹਾਂ ਨੂੰ ਸੁਣੇ ਬਿਨਾਂ ਹੀ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਭਗਤ ਸਿੰਘ ਦੇ ਵਕੀਲਾਂ ਨੂੰ ਉਨ੍ਹਾਂ ਤੋਂ ਪੁੱਛਗਿੱਛ ਦਾ ਮੌਕਾ ਨਹੀਂ ਦਿੱਤਾ ਗਿਆ। ਕੁਰੈਸ਼ੀ ਨੇ ਲਾਹੌਰ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਭਗਤ ਸਿੰਘ ਦੇ ਕੇਸ ਨੂੰ ਮੁੜ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਉਸ ਨੇ ਕਿਹਾ, “ਮੈਂ ਸਾਂਡਰਸ ਕੇਸ ਵਿੱਚ ਭਗਤ ਸਿੰਘ ਦੀ ਬੇਗੁਨਾਹੀ ਨੂੰ ਸਥਾਪਿਤ ਕਰਨਾ ਚਾਹੁੰਦਾ ਹਾਂ,”।
Comment here