ਅੰਮ੍ਰਿਤਸਰ-ਸਿੱਖਾਂ ਦੀ ਸਿਰਮੌਰ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਸਾਡੀਆਂ ਗਲਤੀਆਂ ਕਾਰਨ ਸ਼੍ਰੋਮਣੀ ਕਮੇਟੀ ਸਮੇਤ ਸਾਡੀਆਂ ਸੰਸਥਾਵਾਂ ਕਮਜ਼ੋਰ ਪੈ ਗਈਆਂ ਹਨ ਤੇ ਵਿਵਾਦ ਛਿੜ ਗਿਆ ਹੈ। ਇਸਦੇ ਨਾਲ ਹੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਿੱਤੇ ਬਿਆਨ ‘ਤੇ ਵੀ ਸਿਆਸੀ ਘਮਸਾਨ ਜਾਰੀ ਹੈ।
ਜੱਥੇਦਾਰ ਬਾਦਲਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ-ਬਿੱਟੂ
ਇਸ ਬਿਆਨ ‘ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਜੱਥੇਦਾਰ ਸਾਹਿਬ, ਐੱਸ. ਜੀ. ਪੀ. ਸੀ. ਕਮਜ਼ੋਰ ਨਹੀਂ ਹੋਈ, ਸਗੋਂ ਇਸ ਨੂੰ ਕਮਜ਼ੋਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੱਥੇਦਾਰ ਸਾਹਿਬ, ਜੇਕਰ ਤੁਸੀਂ ਗੁਰਬਾਣੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦੀ ਬਜਾਏ ਬੰਦੀ ਸਿੰਘਾਂ ਸਬੰਧੀ ਵੱਡੇ-ਵੱਡੇ ਹੋਰਡਿੰਗ ਗੁਰੂ ਘਰਾਂ ਦੇ ਦਰਵਾਜ਼ਿਆਂ ‘ਤੇ ਲਾਉਣ ਦੀ ਗੱਲ ਕਰੋਗੇ ਤਾਂ ਤੁਹਾਡੀ ਗੱਲ ਕੌਣ ਸੁਣੇਗਾ? ਇਸ ਮੌਕੇ ਰਵਨੀਤ ਬਿੱਟੂ ਵੱਲੋਂ ਬਾਦਲਾਂ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਐੱਸ. ਜੀ. ਪੀ. ਸੀ. ਤੇ ਜੱਥੇਦਾਰ ਬਾਦਲਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਗੁਰੂ ਅਤੇ ਗੁਰਬਾਣੀ ਦੀ ਗੱਲ ਕਰਨ ਵਾਲੇ ਅਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਵਾਲਿਆਂ ਨੂੰ ਹੀ ਲੋਕਤੰਤਰੀ ਤਰੀਕੇ ਨਾਲ ਜੱਥੇਦਾਰ ਬਣਾਇਆ ਜਾਵੇ ਤਾਂ ਹੀ ਸਾਡੀਆਂ ਇਨ੍ਹਾਂ ਮਹਾਨ ਸੰਸਥਾਵਾਂ ਦਾ ਕੱਦ ਉੱਚਾ ਤੇ ਸੁੱਚਾ ਰਹਿ ਸਕੇਗਾ।
ਸ਼੍ਰੋਮਣੀ ਕਮੇਟੀ ਨਹੀਂ, ਕੇਜਰੀਵਾਲ ਤੇ ਭਾਰਤ ਸਰਕਾਰ ਕਮਜੋਰ-ਚੀਮਾ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਹਿਣ ‘ਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਨਹੀਂ ਕਿਹਾ, ਬਲਕਿ ਕੇਜਰੀਵਾਲ ਸਰਕਾਰ ਅਤੇ ਭਾਰਤ ਸਰਕਾਰ ਨੂੰ ਕਮਜੋਰ ਦੱਸਿਆ ਹੈ। ਸ਼੍ਰੋਮਣੀ ਕਮੇਟੀ ਬੰਦੀ ਸਿੱਖਾਂ ਦੀ ਰਿਹਾਈ ਲਈ ਲਗਾਤਾਰ ਯਤਨ ਕਰ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਅਤੇ ਭਾਰਤ ਸਰਕਾਰ ਉਨ੍ਹਾਂ ਦੀ ਰਿਹਾਈ ਨਹੀਂ ਚਾਹੁੰਦੀ।
ਦਲਜੀਤ ਚੀਮਾ ਨੇ ਕਿਹਾ ਕਿ ਜਥੇਦਾਰ ਇਸ ਲਈ ਦੁਖੀ ਹਨ ਕਿਉਂਕਿ ਜਦੋਂ ਚਾਰ ਦਿਨ ਪਹਿਲਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਦੋ ਸਾਬਕਾ ਪ੍ਰਧਾਨ 10 ਮਿੰਟ ਤੱਕ ਮੀਂਹ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਮੈਮੋਰੰਡਮ ਦੇਣ ਲਈ ਖੜ੍ਹੇ ਰਹੇ ਪਰ ਉਨ੍ਹਾਂ ਬਾਹਰ ਆ ਕੇ ਮੈਮੋਰੰਡਮ ਲੈਣ ਦੀ ਜ਼ਰੂਰਤ ਨਹੀਂ ਸਮਝੀ। ਚੀਮਾ ਨੇ ਕਿਹਾ ਕਿ ਹੁਣ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਵੱਖ-ਵੱਖ ਥਾਵਾਂ ਤੋਂ ਪੀ.ਆਈ.ਐਲ. ਲਗਾਈ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਬਾਦਲ ਪਰਿਵਾਰ ਨੂੰ ਲਾਂਭੇ ਕਰੋ-ਦਾਦੂਵਾਲ
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਤੋਂ ਦੂਰ ਕਰ ਦਿਓ, ਇਹ ਸਿਰਮੌਰ ਸਿੱਖ ਸੰਸਥਾ ਆਪੇ ਮਜ਼ਬੂਤ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਕਾਰਨ ਹੀ ਸ਼੍ਰੋਮਣੀ ਕਮੇਟੀ ਕਮਜ਼ੋਰ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਪਰਿਵਾਰ ਸੱਤਾ ਵਿਚ ਹੁੰਦਾ ਹੈ, ਉਦੋਂ ਜਥੇਦਾਰ ਬਿਆਨ ਨਹੀਂ ਦਿੰਦੇ। ਜਦੋਂ ਬਾਦਲ ਪਰਿਵਾਰ ਸੱਤਾ ਵਿੱਚੋਂ ਬਾਹਰ ਹੋ ਜਾਂਦਾ ਹੈ ਤਾਂ ਜਥੇਦਾਰ ਕਮੇਟੀ ਦੇ ਕਮਜ਼ੋਰ ਹੋਣ ਬਾਰੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ। ਹਰਿਆਣੇ ਦੇ ਗੁਰਦੁਆਰਿਆਂ ਵਿੱਚ ਪਹਿਲਾਂ ਹੀ ਬੰਦੀ ਸਿੰਘ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਬਾਦਲ ਪਰਿਵਾਰ ਨੂੰ ਅੱਜ ਬੰਦੀ ਸਿੰਘ ਦੀ ਯਾਦ ਆ ਰਹੀ ਹੈ। ਕਿਉਂਕਿ ਉਹ ਬੰਦੀ ਸਿੰਘ ਰਾਹੀਂ ਸਿਆਸਤ ਵਿੱਚ ਵਾਪਸ ਆਉਣਾ ਚਾਹੁੰਦਾ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਬਾਦਲ ਪਰਿਵਾਰ ਹਾਸ਼ੀਏ ‘ਤੇ ਹੈ।
Comment here