ਸਿਆਸਤਖਬਰਾਂ

ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਫੂਲਕਾ ’ਚ ਤਕਰਾਰ

‘ਆਪ’ ਨੇ ਫੂਲਕਾ ਨੂੰ ਪਾਰਟੀ ਚੋਂ ਕੱਢਿਆ-ਧਾਮੀ
ਮੈਂ ਖੁਦ ਅਸਤੀਫਾ ਦਿੱਤਾ-ਫੂਲਕਾ
ਲੁਧਿਆਣਾ-ਲੰਘੇ ਦਿਨੀਂ ਵਕੀਲ ਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਨੰਦਪੁਰ ਸਾਹਿਬ ਤੋਂ ਦਿੱਤੇ ਗਏ ਬਿਆਨ ਦੀ ਨਿਖੇਧੀ ਕੀਤੀ ਹੈ। ਬਿਆਨ ਵਿਚ ਉਨ੍ਹਾਂ ਨੇ ਫੂਲਕਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਗੱਲ ਕਹੀ ਸੀ ਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਰਾਜਨੀਤਕ ਪਾਰਟੀ ਵਾਸਤੇ ਵਰਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਧਾਮੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਤੁਹਾਡੇ ਅਨੰਦਪੁਰ ਸਾਹਿਬ ਤੋਂ ਦਿੱਤੇ ਹੋਏ ਬਿਆਨ ਨੂੰ ਸੁਣ ਕੇ ਬਹੁਤ ਹੈਰਾਨੀ ਹੋਈ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਸਿਰਫ਼ ਇਕ ਪਰਿਵਾਰ ਤੇ ਇਕ ਰਾਜਨੀਤਕ ਪਾਰਟੀ ਵਾਸਤੇ ਵਰਤਿਆ ਜਾਂਦਾ ਹੈ।
ਫੂਲਕਾ ਨੇ ਧਾਮੀ ਨੂੰ ਮੁਖ਼ਾਤਬ ਹੋ ਕੇ ਕਿਹਾ, ‘‘ਪਹਿਲੀ ਗੱਲ ਮੈਨੂੰ ਆਮ ਆਦਮੀ ਪਾਰਟੀ ਵਿੱਚੋ ਕੱਢਣ ਬਾਰੇ ਤੁਸੀਂ ਬਿਆਨ ਦਿੱਤਾ ਹੈ। ਉਸ ਬਾਰੇ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਨਹੀਂ ਕੱਢਿਆ ਬਲਕਿ ਖੁਦ ਅਸਤੀਫ਼ਾ ਦਿੱਤਾ ਸੀ। ਅਸਤੀਫ਼ੇ ਦਾ ਸਭ ਤੋਂ ਵੱਡਾ ਮੁੱਦਾ 1984 ਸਿੱਖ ਕਤਲੇਆਮ ਦੇ ਕੇਸ ਸਨ ਕਿਉਂਕਿ 34 ਸਾਲਾਂ ਬਾਅਦ ਸੱਜਣ ਕੁਮਾਰ ਦਾ ਕੇਸ ਵਿਚ ਉਸ ਵੇਲੇ ਦਿੱਲੀ ਹਾਈ ਕੋਰਟ ਵਿਚ ਸੁਣਵਾਈ ਸ਼ੁਰੂ ਹੋ ਗਈ ਸੀ। ਉਸ ਵੇਲੇ ਮੇਰੇ ਕੋਲ ਮੰਤਰੀ (ਵਿਰੋਧੀ ਧਿਰ ਦੇ ਆਗੂ) ਦਾ ਅਹੁਦਾ ਹੋਣ ਕਰਕੇ ਬਾਰ ਕੌਂਸਲ ਨੇ ਕੇਸ ਲੜਨ ਤੋਂ ਨਾਂਹ ਕੀਤੀ ਸੀ। ਉਸੇ ਕਾਰਨ ਅਸਤੀਫਾ ਦੇ ਕੇ ਸੱਜਣ ਵਿਰੁੱਧ ਕੇਸ ਲੜਿਆ ਤੇ ਜਿੱਤਿਆ। ਸੱਜਣ 3 ਸਾਲਾਂ ਤੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ ਅਤੇ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਪੱਤਰ ਵਿਚ ਫੂਲਕਾ ਨੇ ਕਿਹਾ, ‘‘ਦੂਸਰੀ ਗੱਲ ਜੋ ਤੁਸੀਂ ਪੰਜਾਬ ਦੇ ਸਿੱਖ ਮੁੱਖ ਮੰਤਰੀ ਬਾਰੇ ਕਿਹਾ ਹੈ, ਉਸ ਬਾਰੇ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਜਾਂ ਸਿੱਖ ਹੋਵੇ, ਫ਼ਰਕ ਨਹੀਂ ਪੈਂਦਾ ਤਾਂ ਉਸ ਬਾਰੇ ਚਿੱਠੀ ਲਿਖ ਕੇ ਇਤਰਾਜ਼ ਜ਼ਾਹਰ ਕੀਤਾ ਸੀ। ਹੈਰਾਨੀ ਦੀ ਗੱਲ ਹੈਂ ਕਿ ਜਦੋਂ ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਇਸ ਗੱਲ ’ਤੇ ਸਟੈਂਡ ਲੈ ਲਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿਰਫ਼ ਸਿੱਖ ਹੋਣਾ ਚਾਹੀਦਾ ਹੈ ਤਾਂ ਅਕਾਲੀ ਦਲ ਨੇ ਉਸ ਦਾ ਵਿਰੋਧ ਕੀਤਾ ਤੇ ਜਥੇਦਾਰ ਤੋਂ ਵੀ ਬਿਆਨ ਦਿਵਾ ਦਿੱਤਾ ਕਿ ਸਿੱਖ ਕੌਮ ਨੂੰ ਕੋਈ ਇਤਰਾਜ਼ ਨਹੀਂ। ਅਕਾਲੀ ਦਲ ਨੇ ਮਹਿਜ਼ ਹਿੰਦੂ ਵੋਟਰਾਂ ਨੂੰ ਖੁਸ਼ ਕਰਨ ਦੀ ਖੇਡ, ਖੇਡੀ ਸੀ। ਫੂਲਕਾ ਨੇ ਧਾਮੀ ਨੂੰ ਅਪੀਲ ਕੀਤੀ ਕਿ ਤੁਸੀਂ ਖ਼ੁਦ ਵਕੀਲ ਹੋ ਤੇ ਸਿੱਖੀ ਦੀ ਵੀ ਪੂਰੀ ਸਮਝ ਹੈਂ। ਉਮੀਦ ਹੈ ਕਿ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਗਰੂਦੁਆਰਾ ਕਮੇਟੀ ਨੂੰ ਆਪਣੇ ਫ਼ਾਇਦੇ ਦੀ ਵਰਤੋਂ ਲਈ ਨਹੀਂ ਵਰਤਣ ਦਿਓਗੇ ਅਤੇ ਤੁਹਾਡੀ ਪ੍ਰਧਾਨਗੀ ਵਿਚ ਸ਼੍ਰੋਮਣੀ ਕਮੇਟੀ ਪੰਥ ਦੀ ਚੜ੍ਹਦੀ ਕਲਾਂ ਵਾਸਤੇ ਕੰਮ ਕਰੇਗੀ।

Comment here