ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲਈ ਇਸ ਵਾਰ ਬਣੀ ਕਸੂਤੀ ਸਥਿਤੀ ਕਾਰਨ ਭਾਵੇਂ ਇਸ ਵਾਰ ਪਾਰਟੀ ਆਗੂਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਪਾਰਟੀ ਆਗੂਆਂ ਵੱਲੋਂ ਮੈਂਬਰਾਂ ਨਾਲ ਸੰਪਰਕ ਬਣਾ ਕੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਨਿੱਤਰਨ ਲਈ ਲਾਮਬੱਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 9 ਨਵੰਬਰ ਨੂੰ ਜਨਰਲ ਇਜਲਾਸ ਵਿਚ ਹੋ ਰਹੀ ਪ੍ਰਧਾਨ, ਅਹੁਦੇਦਾਰਾਂ ਤੇ ਅੰਤ੍ਰਿੰਗ ਕਮੇਟੀ ਦੀ ਚੋਣ ਵਿਚ ਪ੍ਰਧਾਨ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬਣ ਸਕਦੇ ਹਨ।
ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਜਗੀਰ ਕੌਰ ਵੀ ਪ੍ਰਧਾਨ ਦੀ ਚੋਣ ਲਡæਨ ਲਈ ਵੀ ਤਿਆਰ ਹਨ ਅਤੇ ਲਗਾਤਾਰ ਮੈਂਬਰਾਂ ਦੇ ਨਾਲ ਸੰਪਰਕ ਬਣਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ।ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਾਂ ਨਾਲ ਸੰਪਰਕ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਮੁੜ ਪ੍ਰਧਾਨ ਦੇ ਉਮੀਦਵਾਰ ਵੱਜੋਂ ਦੱਸਿਆ ਜਾ ਰਿਹਾ ਹੈ।
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਾਬਾ ਬਲਬੀਰ ਸਿੰਘ ਘੁੰਨਸ ਨਾਲ ਵੀ ਜਿੱਥੇ ਬੀਬੀ ਜਗੀਰ ਕੌਰ ਨੇ ਸੰਪਰਕ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਮੁਲਾਕਾਤ ਕੀਤੀ, ਉੱਥੇ ਸੁਖਦੇਵ ਸਿੰਘ ਢੀਂਡਸਾ ਨੇ ਵੀ ਬਾਬਾ ਬਲਬੀਰ ਸਿੰਘ ਘੁੰਨਸ ਦਾ ਹਾਲ ਜਾਣਨ ਦੇ ਸੰਦਰਭ ਵਿਚ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ, ਇਸ ਦਿਨ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਬਾਬਾ ਬਲਬੀਰ ਸਿੰਘ ਘੁੰਨਸ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ। ਸੂਤਰਾਂ ਮੁਤਾਬਕ ਬਾਬਾ ਘੁੰਨਸ ਨੇ ਸੁਖਬੀਰ ਬਾਦਲ ਨੂੰ ਖੁਦ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਜੋਂ ਸੇਵਾ ਕਰਨ ਲਈ ਇੱਛਾ ਜ਼ਾਹਿਰ ਕੀਤੀ।
ਬੀਬੀ ਜਗੀਰ ਕੌਰ ਕਰ ਰਹੀ ਹੈ ਲਗਾਤਾਰ ਪ੍ਰਚਾਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਇਸ ਵਾਰ ਵੱਖਰੇ ਤੌਰ ਤੇ ਪ੍ਰਧਾਨ ਦੇ ਉਮੀਦਵਾਰ ਵਜੋਂ ਨਾਮ ਪੇਸ਼ ਕਰਕੇ ਚੋਣ ਲਡæਨ ਦੀਆਂ ਤਿਆਰੀਆਂ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਲਗਾਤਾਰ ਮੈਂਬਰਾਂ ਦੇ ਨਾਲ ਸੰਪਰਕ ਬਣਾ ਕੇ ਰੱਖਿਆ ਹੈ ਅਤੇ ਉਹ ਆਪਣੇ ਹੱਕ ਵਿੱਚ ਮੈਂਬਰਾਂ ਨੂੰ ਲਾਮਬੱਧ ਕਰ ਰਹੇ ਹਨ।
ਵਿਰੋਧੀ ਧਿਰ ਦਾ ਨਹੀਂ ਹੋਵੇਗਾ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜੇਕਰ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਦਾ ਉਮੀਦਵਾਰ ਨਾ ਐਲਾਨਿਆ ਤਾਂ ਬੀਬੀ ਜਗੀਰ ਕੌਰ ਵੱਖਰੇ ਤੌਰ ‘ਤੇ ਉਮੀਦਵਾਰ ਵਜੋਂ ਆਪਣਾ ਨਾਮ ਪੇਸ਼ ਕਰਨਗੇ। ਜਿਸ ਦਾ ਸਮਰਥਨ ਵਿਰੋਧੀ ਧਿਰ ਵੱਲੋਂ ਕੀਤਾ ਜਾ ਸਕਦਾ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹੀ ਦੋ ਉਮੀਦਵਾਰ ਪ੍ਰਧਾਨ ਦੀ ਚੋਣ ਲਈ ਹੋਣਗੇ ਅਤੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਵਾਲੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਨਿੱਤਰ ਸਕਦੇ ਹਨ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ-ਘਰ ਦੀਆਂ ਵੱਡੀਆਂ ਸੇਵਾਵਾਂ ਗੁਰੂ ਸਾਹਿਬ ਆਪ ਬਖਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਜਿੱਥੇ ਵੀ ਉਨ੍ਹਾਂ ਦੀ ਸੇਵਾ ਲੈਣੀ ਚਾਹੇਗੀ ਉਹ ਕਰਨਗੇ। ਪਾਰਟੀ ਨੇ ਸਮੇਂ ਸਮੇਂ ਸਿਰ ਉਨ੍ਹਾਂ ਪਾਸੋਂ ਵੱਡੀਆਂ ਸੇਵਾਵਾਂ ਲਈਆਂ ਹਨ ਅਤੇ ਉਹ ਇਸ ਲਈ ਪਾਰਟੀ ਦਾ ਧੰਨਵਾਦ ਵੀ ਕਰਦੇ ਹਨ।
ਪਾਰਟੀ ਦੇ ਫੈਂਸਲੇ ਨਾਲ ਹੀ ਖੜਦੇ ਹਨ ਮੈਂਬਰ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਰਾਏ ਲੈਣ ਤੋਂ ਬਾਅਦ ਹੀ ਪਾਰਟੀ ਵੱਲੋਂ ਪ੍ਰਧਾਨ ਲਈ ਉਮੀਦਵਾਰ ਦਾ ਐਲਾਣ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਮੈਂਬਰ ਪਾਰਟੀ ਦੀ ਮਰਿਆਦਾ ਵਿਚ ਰਹਿੰਦੇ ਹਨ ਅਤੇ ਪਾਰਟੀ ਦੇ ਫੈਂਸਲੇ ਨਾਲ ਹੀ ਖਡæਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਇਸੇ ਤਰਾਂ ਹੋਵੇਗਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪਾਰਟੀ ਦੇ ਫੈਂਸਲੇ ਦੇ ਨਾਲ ਹੀ ਚੱਲਣਗੇ।
ਹਰੇਕ ਨੂੰ ਮੰਨਣਾ ਚਾਹੀਦਾ ਪਾਰਟੀ ਦਾ ਹੁਕਮ-ਭਾਈ ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਨੂੰ ਪਾਰਟੀ ਦਾ ਹੁਕਮ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਫ਼ੈਸਲਾ ਹੀ ਪਾਰਟੀ ਦਾ ਹੁਕਮ ਹੁੰਦਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਪਾਰਟੀ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਤਾਂ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਤੇ ਭਰੋਸਾ ਕਰਕੇ ਸ਼੍ਰੋਮਣੀ ਕਮੇਟੀ ਦੇ ਬਤੌਰ ਪ੍ਰਧਾਨ ਵਜੋਂ ਸੇਵਾਵਾਂ ਲਈਆਂ ਹਨ। ਪਾਰਟੀ ਹਮੇਸ਼ਾ ਹੀ ਪਾਰਟੀ ਤੇ ਪੰਥ ਦੀ ਭਲਾਈ ਲਈ ਫੈਂਸਲੇ ਕਰਦੀ ਆ ਰਹੀ ਹੈ। ਪਾਰਟੀ ਦੇ ਹਰੇਕ ਵਰਕਰ ਤੇ ਆਗੂ ਨੂੰ ਪਾਰਟੀ ਦਾ ਸਤਿਕਾਰ ਕਰਦਿਆਂ ਪਾਰਟੀ ਦੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ।
Comment here