ਚੰਡੀਗੜ੍ਹ-ਲੋਕ ਸਭਾ 2024 ਦੀਆਂ ਤਿਆਰੀਆਂ ’ਚ ਸ਼੍ਰੋਮਣੀ ਅਕਾਲੀ ਦਲ ਬਾਕੀ ਰਾਜਨੀਤਿਕ ਪਾਰਟੀਆਂ ’ਤੋਂ ਅੱਗੇ ਚੱਲ ਰਿਹਾ ਹੈ । ਦਰਅਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨੌਂ ਲੋਕ ਸਭਾ ਹਲਕਿਆਂ ਅਤੇ 4 ਵਿਧਾਨ ਸਭਾ ਹਲਕਿਆਂ ਦੇ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਤੋਂ ਵੀ ਇੱਕ ਕਦਮ ਅੱਗੇ ਚੱਲਦਿਆਂ ਸਾਰਿਆਂ ਨਵ-ਨਿਯੁਕਤ ਇੰਚਾਰਜਾਂ ਨੂੰ ਆਪਣੇ-ਆਪਣੇ ਹਲਕਿਆਂ ’ਚ ਪ੍ਰਚਾਰ ਮੁਹਿੰਮ ਅਤੇ ਤਾਲਮੇਲ ਦਾ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ, ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ, ਅਨਿਲ ਜੋਸ਼ੀ ਨੂੰ ਅੰਮ੍ਰਿਤਸਰ, ਗੁਲਜ਼ਾਰ ਸਿੰਘ ਰਣੀਕੇ ਨੂੰ ਗੁਰਦਾਸਪੁਰ, ਡਾ. ਸੁਖਵਿੰਦਰ ਸੁੱਖੀ ਨੂੰ ਜਲੰਧਰ, ਜਨਮੇਜਾ ਸਿੰਘ ਸੇਖੋਂ ਨੂੰ ਫਿਰੋਜ਼ਪੁਰ, ਸਿਕੰਦਰ ਸਿੰਘ ਮਲੂਕਾ ਨੂੰ ਫਰੀਦਕੋਟ ਅਤੇ ਇਕਬਾਲ ਸਿੰਘ ਝੂੰਦਾ ਨੂੰ ਸੰਗਰੂਰ ਦਾ ਇੰਚਾਰਜ ਲਗਾਇਆ ਗਿਆ ਹੈ।
ਡਾ. ਚੀਮਾ ਨੇ ਦੱਸਿਆ ਕਿ ਲੋਕ ਸਭਾ ਤੋਂ ਇਲਾਵਾ 4 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ’ਚ ਹਰਿੰਦਰ ਸਿੰਘ ਮਹਿਰਾਜ ਨੂੰ ਹਲਕਾ ਰਾਮਪੁਰਾ, ਅਰਵਿੰਦਰ ਸਿੰਘ ਰਸੂਲਪੁਰ ਨੂੰ ਉੜਮੁੜ ਟਾਂਡਾ, ਕਬੀਰ ਦਾਸ ਨੂੰ ਸ਼ੁਤਰਾਣਾ, ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਹੁਸ਼ਿਆਰਪੁਰ ਦਾ ਮੁੱਖ ਸੇਵਾਦਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਐਨ. ਕੇ. ਸ਼ਰਮਾ ਨੂੰ ਲੁਧਿਆਣਾ ਸ਼ਹਿਰੀ ਤੇ ਤੀਰਥ ਸਿੰਘ ਮਾਹਲਾ ਨੂੰ ਲੁਧਿਆਣਾ ਦਿਹਾਤੀ ਦਾ ਇੰਚਾਰਜ ਲਗਾਇਆ ਗਿਆ ਹੈ।
ਵੈਸੇ ਇਹ ਕਹਾਵਤ ਪ੍ਰਚਲਿੱਤ ਹੈ ਕਿ ਕੇਂਦਰ ’ਚ ਆਉਣ ਦਾ ਰਾਹ ਉੱਤਰਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਰਾਹੀਂ ਖੁੱਲ੍ਹਦਾ ਹੈ। ਉੱਧਰ ਹਿੰਦੀ ਪੱਟੀ ’ਚ ਸਭ ਤੋਂ ਮਸ਼ਹੂਰ ਘੋਸੀ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਦਾਰਾ ਸਿੰਘ ਚੌਹਾਨ ਦੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਹਾਈਕਮਾਨ ਹੈਰਾਨ ਹੈ ਅਤੇ ਆਤਮ-ਮੰਥਨ ’ਤੇ ਜੋਰ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਸਪਾ ਉਮੀਦਵਾਰ ਸੁਧਾਕਰ ਸਿੰਘ ਦੀ ਵੱਡੇ ਫਰਕ ਨਾਲ ਹੋਈ ਜਿੱਤ ਤੋਂ ਪਾਰਟੀ ਕਾਫ਼ੀ ਸੰਤੁਸ਼ਟ ਨਜ਼ਰ ਆ ਰਹੀ ਹੈ। ਹੋਰ ਤਾਂ ਹੋਰ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਇਸ ਨੂੰ ਇੰਡੀਆ ਦੀ ਸਾਂਝੀ ਜਿੱਤ ਮੰਨ ਰਹੀਆਂ ਹਨ। ਜਦਕਿ ਨੈਸ਼ਨਲ ਡੈਮੋਕ੍ਰੇਟਿਕ ਅਲਾਈਂਸ ਖਾਸ ਕਰ ਭਾਈਵਾਲਾਂ ਦੇ ਰੱਥ ਦੀ ਅਗਵਾਈ ਕਰ ਰਹੀ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਤੀਜੀ ਵਾਰ ਸਿਆਸੀ ਚੱਕਰਵਿਊ ਰਚਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਲੋਕ ਸਭਾ ਚੋਣਾਂ ਦੀ ਤਿਆਰੀ

Comment here