ਸਾਹਿਤਕ ਸੱਥਖਬਰਾਂਵਿਸ਼ੇਸ਼ ਲੇਖ

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ : ਕੌਮ ਦੇ ਮਹਾਨ ਯੋਧੇ ਬਾਬਾ ਜੀਵਨ ਸਿੰਘ ਜੀ

ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦੇ ਬਜ਼ੁਰਗ ਭਾਈ ਕਲਿਆਣਾ ਜੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਕੱਥੂ ਨੰਗਲ ਤੋਂ ਸ਼ੁਰੂ ਕੀਤੀ ਗਈ ਸੇਵਾ ਬੇਦਾਗ਼ ਤੇ ਅਟੁੱਟ ਚੱਲਦੀ ਹੋਈ 23 ਦਸੰਬਰ 1704 ਨੂੰ ਲਾਮਿਸਾਲ ਸ਼ਹਾਦਤਾਂ ਨਾਲ ਸਿਰੇ ਚੜ੍ਹੀ। ਇਹ ਕਰੀਬ 235-36 ਸਾਲ ਦਾ ਲੰਬਾ ਅਰਸਾ ਬਣਦਾ ਹੈ। ਇਸ ਤੋਂ ਇਲਾਵਾ ਭਾਈ ਜੈਤਾ ਜੀ ਨੇ ਗੁਰੂ ਆਸ਼ੇ ਦੀ ਪੂਰਤੀ ਲਈ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ ਤੇ ਆਪਣੀ ਕੁਰਬਾਨੀ ਵੀ ਉੱਥੇ ਦਿੱਤੀ, ਜਿੱਥੋਂ ਹੋਰ ਕਈ ਸਿੱਖ ਪਾਸਾ ਵੱਟਦੇ ਦੇਖੇ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਕੰਕਣ ‘ਸੰਖੇਪ 10 ਗੁਰੂ ਕਥਾ’ ਵਿਚ ਬਿਆਨ ਕਰਦੇ ਹਨ ਕਿ ਜਦੋਂ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਚਾਂਦਨੀ ਚੌਕ ਵਿਖੇ ਕੈਦ ਵੇਲੇ 9 ਸਾਲ ਦੇ ਗੁਰੂ ਗੋਬਿੰਦ ਰਾਏ ਜੀ ਅਨੰਦਪੁਰ ਸਾਹਿਬ ਵਿਚ ਸੰਗਤਾਂ ਦੇ ਭਰੇ ਇਕੱਠ ਵਿੱਚੋਂ ਕੋਈ ਐਸਾ ਸੁਰਮਾ ਨਿਤਰਣ ਦੀ ਮੰਗ ਕਰਦੇ ਹਨ, ਜੋ ਸ਼ਹਾਦਤ ਉਪਰੰਤ ਗੁਰੂ ਪਿਤਾ ਜੀ ਦਾ ਸੀਸ ਚੁੱਕ ਕੇ ਲਿਆ ਸਕੇ ਤਾਂ ਉਦੋਂ ਔਰੰਗਜ਼ੇਬ ਦੇ ਡਰ ਕਾਰਨ ਹੋਰਨਾਂ ਸਿੱਖਾਂ ਵੱਲੋਂ ਸਹਿਮਦੇ ਹੋਏ ਚੁੱਪ ਵੱਟ ਲੈਣ ਕਾਰਨ ਭਾਈ ਜੈਤਾ ਜੀ ਨੇ ਉਠ ਕੇ ਕਿਹਾ ਸੀ ਕਿ ‘ਇਹ ਸੀਸ ਮੈਂ ਲਿਆਵਾਂਗਾ।’ ਇਸ ਲਾਮਿਸਾਲ ਵਫ਼ਾਦਾਰੀ ਤੇ ਕੁਰਬਾਨੀ ਦਾ ਜ਼ਿਕਰ ਕਵੀ ਕੰਕਣ ਜੀ ਨੇ ਇੰਜ ਬਿਆਨ ਕੀਤਾ ਹੈ :
ਹੋਵੇ ਐਸਾ ਸਿੱਖ ਮਮ ਸਤਿਗੁਰ ਪਰਨਿੰਦਾ ਸਮਾਨ ਕੋਈ ਪਾਪ ਨਹੀਂ,
ਇਸ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਹੈ
ਕਹਯਾ ਸੋਣਾਇ, ਸੀਸ ਹਮਾਰੋ ਪਿਤਾ ਕਾ ਤਹਤੇ ਲਆਵੇ ਜਾਏ।
ਔਰ ਸਭੈ ਚੁਪ ਕਰ ਰਹੇ ਮਜ੍ਹਬੀ ਉਠਿਓ ਰ੍ਹੋਏ, ਮੈਂ ਹੂੰ ਉਦਮ ਕਰੂੰਗਾ ਹੋਣੀ ਹੋਏ ਸੋ ਹੋਏ।
ਭਾਈ ਜੈਤਾ ਜੀ ਦੇ ਪਰਿਵਾਰ ਦੀ ਲੰਬੀ ਬੇਦਾਗ਼ ਸੇਵਾ ਤੇ ਵਫ਼ਾਦਾਰੀ ਕਾਰਨ ਰੰਘਰੇਟੇ ਸਿੰਘਾਂ ਦੀ ਬਹਾਦਰੀ ਤੇ ਭਰੋਸੇਯੋਗਤਾ ‘ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਭਰੋਸਾ ਸੀ। 11 ਨਵਬੰਰ 1675 ਨੂੰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਭਾਈ ਜੈਤਾ ਜੀ ਨੇ ਆਪਣੇ ਪਿਤਾ ਭਾਈ ਸਦਾਨੰਦ ਦੇ ਸੀਸ ਦੀ ਕੁਰਬਾਨੀ ਦੇ ਕੇ ਉਸੇ ਰਾਤ ਗੁਰੂ ਜੀ ਦਾ ਪਾਵਨ ਸੀਸ ਚੁੱਕ ਕੇ ਕਠਿਨ ਜੰਗਲੀ ਪੈਂਡਾ ਤਹਿ ਕਰਦੇ ਹੋਏ 14 ਨਵੰਬਰ 1675 ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਸੀਸ ਅਨੰਦਪੁਰ ਸਾਹਿਬ ਵਿਖੇ ਪੁੱਜਦਾ ਕੀਤਾ।
ਭਾਈ ਜੈਤਾ ਜੀ ਦੀ ਇਸ ਮਹਾਨ ਕੁਰਬਾਨੀ ਤੇ ਵਫ਼ਾਦਾਰੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਥੇ ਫਖ਼ਰ ਤੇ ਸੰਤੁਸ਼ਟੀ ਹੋਈ ਉੱਥੇ ਦਿੱਲੀ ਦੇ ਸਿੱਖਾਂ ਵੱਲੋਂ ਇਸ ਸ਼ਹੀਦੀ ਸਾਕੇ ਦੌਰਾਨ ਨਿਭਾਈ ਨਿਰਾਸ਼ਾਜਨਕ ਭੂਮਿਕਾ, ਜੋ ਭਾਈ ਜੈਤਾ ਜੀ ਨੇ ਅੱਖੀਂ ਡਿੱਠੀ ਦੱਸੀ ਸੀ, ਉਸ ਪ੍ਰਤੀ ਅਫ਼ਸੋਸ ਵੀ ਹੋਇਆ। ਇਸੇ ਕਰਕੇ ਗੁਰੂ ਸੀਸ ਦੇ ਸੰਸਕਾਰ ਉਪਰੰਤ ਸੰਗਤ ਵਿਚ ਉਨ੍ਹਾਂ ਨੇ ਭਾਈ ਜੈਤਾ ਜੀ ਨੂੰ ਪਿਆਰ ਨਾਲ ਗਲਵਕੜੀ ‘ਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਤੇ ‘ਸਿੱਖੀ ਦੇ ਰਾਖੇ’ ਜਿਹੇ ਮਾਣ ਭਰੇ ਸ਼ਬਦਾਂ ਨਾਲ ਨਿਵਾਜਿਆ ਸੀ। ਇਸੇ ਵਫ਼ਾਦਾਰੀ ਕਾਰਨ ਬਾਅਦ ‘ਚ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਫ਼ੌਜ ਦੇ ਮੁੱਖ ਜਰਨੈਲ, ਮੁੱਖ ਨਗਾਰਚੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਤੇ ਅਨੰਦਗੜ੍ਹ ਕਿਲ੍ਹੇ ਵਿਚ ਗੁਰੂ ਜੀ ਨੇ ਭਾਈ ਜੈਤਾ ਜੀ ਦੀ ਰਿਹਾਇਸ਼ ਵੀ ਆਪਣੇ ਨੇੜੇ ਹੀ ਰੱਖੀ ਸੀ।
1699 ਦੀ ਵਿਸਾਖੀ ਵੇਲੇ ਗੁਰੂ ਸਾਹਿਬ ਨੇ ਚਾਰ ਸਾਹਿਬਜ਼ਾਦਿਆਂ ਸਮੇਤ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾ ਕੇ ਜੈਤਾ ਤੋਂ ਜੀਵਨ ਸਿੰਘ ਨਾਂ ਰੱਖਿਆ। ਉਨ੍ਹਾਂ ਦੇ ਰਿਹਾਇਸ਼ੀ ਅਸਥਾਨ ‘ਤੇ ਅੱਜ ਗੁਰਦੁਆਰਾ ਸਾਹਿਬ ‘ਤਪ ਅਸਾਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ’ ਸੁਸ਼ੋਭਿਤ ਹੈ, ਜਿੱਥੇ ਪੁਰਾਤਨ ਨਿਸ਼ਾਨੀਆਂ, ਤੋਸ਼ਾਖ਼ਾਨਾ, ਰਿਹਾਇਸ਼ੀ ਕਮਰਾ, ਪੁਰਾਤਨ ਪੌੜੀਆਂ ਅਸਲੀ ਰੂਪ ‘ਚ ਅੱਜ ਵੀ ਮੌਜੂਦ ਹਨ। ਇਸ ਪਰਿਵਾਰ ਦੀਆਂ ਸ਼ਹਾਦਤਾਂ ਦੀ ਲੜੀ ਦਿੱਲੀ ਚਾਂਦਨੀ ਚੌਕ ਤੋਂ ਸ਼ੁਰੂ ਹੋ ਕੇ ਅਨੰਦਗੜ੍ਹ ਕਿਲ੍ਹਾ, ਸਿਰਸਾ ਦੀ ਜੰਗ ਤੋਂ ਹੁੰਦੀ ਹੋਈ ਚਮਕੌਰ ਦੀ ਗੜ੍ਹੀ ‘ਚ ਜਾ ਕੇ ਸੰਪੂਰਨ ਹੋਈ। ਜੈਤਾ ਜੀ ਦੇ ਪਿਤਾ ਭਾਈ ਸਦਾਨੰਦ ਵੱਲੋਂ ਆਪਣੇ ਸੀਸ ਦੀ ਕੁਰਬਾਨੀ, ਤਾਇਆ ਆਗਿਆ ਰਾਮ ਨੂੰ ਨੌਵੇਂ ਪਾਤਸ਼ਾਹ ਦਾ ਸੀਸ ਚੁੱਕਣ ‘ਚ ਸਹਿਯੋਗ ਲਈ ਔਰੰਗਜ਼ੇਬ ਵੱਲੋਂ ਕਤਲ ਕਰ ਦੇਣਾ, 19-20 ਦਸੰਬਰ 1704 ਦੀ ਰਾਤ ਨੂੰ ਅਨੰਦਗੜ੍ਹ ਕਿਲ੍ਹਾ ਖ਼ਾਲੀ ਕਰਨ ਉਪਰੰਤ ਦਸਮੇਸ਼ ਗੁਰੂ ਜੀ ਦੇ ਪਰਿਵਾਰ ਸਮੇਤ 40 ਸਿੰਘਾਂ ਤੇ ਮੁਗ਼ਲ ਫ਼ੌਜਾਂ ਵਿਚਾਲੇ ਸਿਰਸਾ ਨਦੀ ਕੰਢੇ ਹੋਏ ਯੁੱਧ ‘ਚ ਬਾਬਾ ਜੀਵਨ ਸਿੰਘ ਜੀ ਦੇ ਮਾਤਾ ਪ੍ਰੇਮੋ ਜੀ, ਦੋ ਛੋਟੇ ਪੁੱਤਰ ਸ਼ਹੀਦ ਹੋਏ ਤੇ ਧਰਮ ਪਤਨੀ ਬੀਬੀ ਰਾਜ ਕੌਰ ਵਿੱਛੜ ਗਏ। ਇਹ ਇਤਿਹਾਸ ਵੀ ਵਿਸ਼ੇਸ ਫਖ਼ਰ ਵਾਲਾ ਹੈ ਕਿ ਜਦੋਂ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜ ਵੱਲੋਂ 8-9 ਮਹੀਨੇ ਘੇਰਾ ਪਾਈ ਰੱਖਣ ਕਾਰਨ ਕਿਲ੍ਹੇ ਅੰਦਰ ਰਾਸ਼ਨ-ਪਾਣੀ ਖ਼ਤਮ ਹੋਣ ‘ਤੇ ਮਾਝੇ ਦੇ 40 ਸਿੰਘ (ਜੋ ਬਾਅਦ ‘ਚ ਮਾਈ ਭਾਗੋ ਜੀ ਦੀ ਅਗਵਾਹੀ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਜੰਗ ‘ਚ ਸ਼ਹੀਦ ਹੋਏ ਤੇ 40 ਮੁਕਤੇ ਅਖਵਾਏ) ਭੁੱਖ ਨਾ ਸਹਾਰਦੇ ਹੋਏ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਛੱਡ ਗਏ ਸਨ ਤਾਂ ਬਾਬਾ ਜੀਵਨ ਸਿੰਘ ਜੀ ਸਮੁੱਚੇ ਪਰਿਵਾਰ ਤੇ ਹੋਰ ਸਿੰਘਾਂ ਸਮੇਤ ਭੁੱਖੇ-ਪਿਆਸੇ ਗੁਰੂ ਜੀ ਦੇ ਪਰਿਵਾਰ ਨਾਲ ਅਖ਼ੀਰ ਤਕ ਡਟੇ ਰਹੇ।
ਸਿਰਸਾ ਨਦੀ ਦੇ ਯੁੱਧ ਤੋਂ ਚੱਲਦੇ ਹੋਏ ਗੁਰੂ ਜੀ ਰੋਪੜ ਵੱਲ ਚਲੇ ਗਏ ਤੇ ਚਮਕੌਰੇ ਦੀ ਕੱਚੀ ਹਵੇਲੀ, ਜਿਸ ਦਾ ਇਤਿਹਾਸਕ ਨਾਮ ‘ਚਮਕੌਰ ਦੀ ਗੜ੍ਹੀ’ ਹੈ ਵਿਚ 21 ਦਸੰਬਰ ਦੀ ਰਾਤ ਨੂੰ ਸਿੰਘਾਂ ਸਮੇਤ ਡੇਰੇ ਲਾ ਲਏ, ਜਿੱਥੇ ਫਿਰ ਮੁਗ਼ਲ ਫ਼ੌਜ ਨੇ ਘੇਰਾ ਪਾ ਲਿਆ। 22 ਦਸੰਬਰ 1704 ਦੀ ਸਵੇਰ ਨੂੰ 40 ਸਿੰਘਾਂ ਤੇ ਲੱਖਾਂ ਦੀ ਮੁਗ਼ਲ ਫ਼ੌਜ ਦਰਮਿਆਨ ਯੁੱਧ ਵਿਚ ਬਾਬਾ ਜੀ ਦੇ ਦੋ ਵੱਡੇ ਸਪੁੱਤਰ, ਸਹੁਰਾ ਭਾਈ ਖਜ਼ਾਨ ਸਿੰਘ ਤੇ ਛੋਟੇ ਭਰਾ ਸੰਗਤ ਸਿੰਘ ਜੀ ਸ਼ਹੀਦ ਹੋ ਗਏ। ਗੜ੍ਹੀ ਵਿਚ 22 ਦਸੰਬਰ 1704 ਨੂੰ ਜਦੋਂ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਵੀ ਹੋਰ ਸਿੰਘਾਂ ਸਮੇਤ ਜੁਝਦੇ ਹੋਏ ਸ਼ਹੀਦ ਹੋ ਗਏ ਤੇ ਗੜ੍ਹੀ ‘ਚ ਕੇਵਲ 11 ਸਿੰਘ ਰਹਿ ਗਏ ਸਨ ਤਾਂ ਗੁਰੂ ਜੀ ਦੀ ਸੁਰੱਖਿਆ ਤੇ ਸਿੱਖ ਕੌਮ ਦੇ ਭਵਿੱਖ ਦਾ ਵਾਸਤਾ ਪਾਉਂਦੇ ਹੋਏ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ‘ਚੋਂ ਸੁਰੱਖਿਅਤ ਨਿਕਲ ਜਾਣ ਦੀ ਸਲਾਹ ਦਿੱਤੀ।
ਗੁਰੂ ਜੀ ਨੇ 22 ਦਸੰਬਰ ਦੀ ਰਾਤ ਨੂੰ ਗੜ੍ਹੀ ਛੱਡਣ ਤੋਂ ਪਹਿਲਾਂ ਯੁੱਧ ਨੀਤੀ ਦੇ ਨਿਪੁੰਨ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਕਲਗੀ ਤੇ ਪੁਸ਼ਾਕਾ ਸੌਂਪਦੇ ਹੋਏ ਗੜ੍ਹੀ ਦੀ ਮੰਮਟੀ ‘ਤੇ ਬਿਠਾਇਆ ਤਾਂ ਕਿ ਸਵੇਰ ਤਕ ਮੁਗ਼ਲ ਫ਼ੌਜ ਨੂੰ ਭੁਲਖੇ ਵਿਚ ਰੱਖਿਆ ਜਾ ਸਕੇ ਕਿ ਗੁਰੂ ਜੀ ਗੜ੍ਹੀ ਦੇ ਅੰਦਰ ਹੀ ਹਨ। ਬਾਬਾ ਜੀ ਯੁੱਧ ਨੀਤੀ ‘ਚ ਇੰਨੇ ਨਿਪੁੰਨ ਸਨ ਕਿ ਉਹ ਦੋਹਾਂ ਹੱਥਾਂ ਨਾਲ ਇੱਕੋ ਵੇਲੇ ਦੋ ਬੰਦੂਕਾਂ ਚਲਾ ਸਕਦੇ ਸਨ ਤੇ ਘੋੜੇ ਤੇ ਸਵਾਰ ਹੋ ਕੇ ਲਗਾਮਾਂ ਮੂੰਹ ‘ਚ ਫੜ ਕੇ ਦੋ ਤਲਵਾਰਾਂ ਦੋਹਾਂ ਹੱਥਾਂ ਨਾਲ ਚਲਾ ਸਕਦੇ ਸਨ। ਇਸ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ ਬੜੀ ਨਿਪੁੰਨਤਾ ਨਾਲ ਆਪਣੀ ਨਾਗਣੀ ਤੇ ਬਾਗਨੀ ਬੰਦੂਕਾਂ ਤੇ ਤੀਰ ਚਲਾ ਕੇ ਨਿਭਾਇਆ। ਕਵੀ ਕੰਕਨ ਲਿਖਦੇ ਹਨ :
ਨਿਜ ਕਲਗੀ ਸਿਰ ਦਈ ਸਜਾਇ। ਦਈ ਪੁਸ਼ਾਕ ਅਪਨੀ ਪਹਿਰਾਇ।
ਜੀਵਨ ਸਿੰਘ ਕੋ ਬੁਰਜ ਬਠਾਇ। ਤਹਿ ਗੜ੍ਹੀ ਗੁਰੂ ਗੋਬਿੰਦ ਸਿੰਘ ਜਾਇ।
ਗੁਰੂ ਜੀ ਤਿੰਨ ਸਿੰਘਾਂ ਸਮੇਤ ਰਾਤ ਨੂੰ ਗੜ੍ਹੀ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ। ਬਾਬਾ ਜੀਵਨ ਸਿੰਘ ਜੀ ਨੇ ਇਕ ਮਹਾਨ ਗ੍ਰੰਥ ‘ਸ੍ਰੀ ਗੁਰੂ ਕਥਾ ਗ੍ਰੰਥ’ ਦੀ ਵੀ ਰਚਨਾ ਕੀਤੀ, ਜਿਸ ‘ਚ ਉਨ੍ਹਾਂ ਨੇ 9ਵੇਂ ਤੇ ਦਸਮੇਸ਼ ਗੁਰੂ ਜੀ ਨਾਲ ਬਿਤਾਈ ਆਪਣੀ ਹੱਡਬੀਤੀ, ਗੁਰੂ ਸਾਹਿਬਾਨ ਦੇ ਗੁਣਾਂ, ਰਣਨੀਤੀ, ਧਾਰਮਿਕ, ਸਮਾਜਿਕ ਤੇ ਰਾਜਸੀ ਗੁਣਾਂ ਦਾ ਜ਼ਿਕਰ ਕੀਤਾ ਹੈ। ਬਾਬਾ ਜੀਵਨ ਸਿੰਘ ਜੀ 22 ਦਸੰਬਰ ਦੀ ਰਾਤ ਨੂੰ ਗੜ੍ਹੀ ਦੀ ਮੰਮਟੀ ‘ਤੇ ਬੈਠ ਕੇ ਬਹਾਦਰੀ ਨਾਲ ਬੰਦੂਕਾਂ ਤੇ ਤੀਰ ਚਲਾਉਂਦੇ ਰਹੇ ਤੇ ਵਿਚ-ਵਿਚ ਨਗਾਰਾ ਵੀ ਵਜਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਭੁਲੇਖਾ ਪਵੇ ਕਿ ਗੁਰੂ ਜੀ ਅੰਦਰ ਹੀ ਹਨ। 23 ਦਸੰਬਰ ਨੂੰ ਸਵੇਰੇ ਬਾਕੀ ਰਹਿੰਦੇ ਸਿੰਘ ਵੀ ਜੂਝਦੇ ਹੋਏ ਸ਼ਹੀਦ ਹੋ ਗਏ ਤੇ ਬਾਬਾ ਜੀਵਨ ਸਿੰਘ ਜੀ ਕੋਲੋਂ ਵੀ ਗੋਲੀ ਸਿੱਕਾ ਖ਼ਤਮ ਹੋ ਗਿਆ ਤਾਂ ਗੜ੍ਹੀ ਦਾ ਦਰਵਾਜ਼ਾ ਖੋਲ੍ਹ ਕੇ ਆਪ ਦੋਹਾਂ ਹੱਥਾਂ ‘ਚ ਤਲਵਾਰਾਂ ਲੈ ਕੇ ਬਾਹਰ ਆਏ ਤੇ ਦੁਸ਼ਮਣ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੀ ਸ਼ਹੀਦੀ ਉਪਰੰਤ ਜਦੋਂ ਉਨ੍ਹਾਂ ਦੇ ਸੀਸ ਨੂੰ ਦੁਸ਼ਮਣ ਫ਼ੌਜ ਵੱਲੋਂ ਔਰੰਗਜ਼ੇਬ ਪਾਸ ਲਿਜਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਦਿੱਲੀ ਪਹੁੰਚ ਕੇ ਪਤਾ ਲੱਗਾ ਕਿ ਇਹ ਸੀਸ ਬਾਬਾ ਜੀਵਨ ਸਿੰਘ ਜੀ ਦਾ ਹੈ। ਇਸ ਬਾਰੇ ਗੁਰੂ ਬਿਲਾਸ ਪਾਤਸ਼ਾਹੀ-10 ਕ੍ਰਿਤ ਭਾਈ ਸੁੱਖਾ ਸਿੰਘ ਪੰਨਾ ਨੰਬਰ 329 ‘ਤੇ ਲਿਖਦੇ ਹਨ :
ਸੀਸ ਨਿਹਾਰ ਬੰਗੇਸਰ ਕੋ ਇਮ ਬੋਲਤ ਹੈ ਸਭ ਹੀ ਨਰ ਨਾਰੀ।
ਏਕ ਕਹੈ ਕਰੁਨਾ ਨਿਧਕੌ ਇਕ ਭਾਖਤ ਹੈ ਇਹ ਖੇਲ ਅਪਾਰੀ।
ਕਵੀ ਕੰਕਣ ਨੇ ਇਸ ਹਾਲਾਤ ਨੂੰ ਇੰਜ ਬਿਆਨ ਕੀਤਾ ਹੈ :
ਵਜੀਦਾ ਅਤਿ ਪ੍ਰਲੰਨ ਭਯੋ ਲੀਉ ਮਾਰ ਗੋਬਿੰਦ। ਦਿੱਲੀ ਧਾਇਉ ਸੀਸ ਲੈ ਖਸ਼ੀ ਕਰਨ ਨਾਰਿੰਦ।
ਬਾਬਾ ਜੀ ਦਾ ਗੌਰਵਮਈ ਇਤਿਹਾਸ ਪ੍ਰਗਟ ਕਰਦਾ ਹੈ ਕਿ ਉਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਿੱਜੀ ਸੁਆਰਥ ਜਾਂ ਵਿਸ਼ੇਸ ਜਾਤੀ ਲਈ ਨਹੀਂ ਬਲਕਿ ਸਮੁੱਚੀ ਮਨੁੱਖਤਾ ਤੇ ਸਿੱਖ ਕੌਮ ਦੇ ਭਵਿੱਖ ਲਈ ਸਨ। ਅਫ਼ਸੋਸ ਕਿ ਅੱਜ ਬਾਬਾ ਜੀਵਨ ਸਿੰਘ ਜੀ ਦੇ ਮਹਾਨ ਸ਼ਹੀਦੀ ਇਤਿਹਾਸ ਨੂੰ ਜਾਤੀ ਵਿਤਕਰੇ, ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਅਣਗੌਲੇਪਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

– ਦਲਬੀਰ ਸਿੰਘ ਧਾਲੀਵਾਲ

Comment here